You are here

ਆੜ੍ਹਤ ਨਾ ਦੇਣ ਤੇ ਸਿਰਫ ਸੁਸਾਇਟੀਆਂ ਰਾਹੀਂ ਮੂੰਗੀ ਖ਼ਰੀਦਣ ਦੇ ਫੈਸਲੇ ਦੇ ਵਿਰੋਧ 'ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ

ਜਗਰਾਉ 02 ਜੂਨ (ਅਮਿਤਖੰਨਾ) ਪੰਜਾਬ ਸਰਕਾਰ ਵੱਲੋਂ ਮੂੰਗੀ 'ਤੇ ਐੱਮਐੱਸਪੀ ਐਲਾਨਣ ਦੇ ਨਾਲ ਹੀ ਆੜ੍ਹਤੀਆਂ ਨੂੰ ਆੜ੍ਹਤ ਨਾ ਦੇਣ ਤੇ ਸਿਰਫ ਸੁਸਾਇਟੀਆਂ ਰਾਹੀਂ ਮੂੰਗੀ ਖ਼ਰੀਦਣ ਦੇ ਫੈਸਲੇ ਦੇ ਵਿਰੋਧ 'ਚ ਆੜ੍ਹਤੀ ਐਸੋਸੀਏਸ਼ਨ ਜਗਰਾਓਂ ਤੇ ਗੱਲਾ ਮਜ਼ਦੂਰ ਯੂਨੀਅਨ ਜਗਰਾਓਂ ਵੱਲੋਂ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ ਗਈ। ਜਗਰਾਓਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਦੋਵੇਂ ਜਥੇਬੰਦੀਆਂ ਦੀ ਵਿੱਤ ਮੰਤਰੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੇ ਮਸਲਿਆਂ ਦਾ ਢੁਕਵਾਂ ਹੱਲ ਕਰਨ ਦਾ ਭਰੋਸਾ ਮਿਲਿਆ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਨੱਈਆ ਗੁਪਤਾ ਬਾਂਕਾ ਅਤੇ ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਾਜਪਾਲ ਸਿੰਘ ਪਾਲਾ, ਦੇਵ ਰਾਜ ਨੇ ਕਿਹਾ ਕਿ ਮੂੰਗੀ 'ਤੇ ਐੱਮਐੱਸਪੀ ਐਲਾਨਣਾ ਪੰਜਾਬ ਸਰਕਾਰ ਦਾ ਕਿਸਾਨੀ ਦੀ ਬਿਹਤਰੀ ਲਈ ਵੱਡਾ ਸ਼ਲਾਘਾਯੋਗ ਫ਼ੈਸਲਾ ਹੈ ਪਰ ਇਸ ਦੇ ਨਾਲ ਹੀ ਮੂੰਗੀ 'ਤੇ ਆੜ੍ਹਤੀਆਂ ਨੂੰ ਆੜ੍ਹਤ ਨਾ ਦੇਣ ਅਤੇ ਸਿਰਫ ਸੁਸਾਇਟੀਆਂ ਰਾਹੀਂ ਹੀ ਮੂੰਗੀ ਖਰੀਦਣ ਦੇ ਫ਼ੈਸਲੇ ਨਾਲ ਆੜ੍ਹਤੀ ਅਤੇ ਮਜ਼ਦੂਰ ਵਰਗ ਬੇਰੁਜ਼ਗਾਰ ਹੋ ਜਾਵੇਗਾ। ਇਸ ਲਈ ਸਰਕਾਰ ਪਹਿਲਾਂ ਵਾਂਗ ਹੀ ਮੂੰਗੀ ਦੀ ਖ਼ਰੀਦ ਦੇ ਚੱਲ ਰਹੇ ਸਿਸਟਮ ਨੂੰ ਜਾਰੀ ਰੱਖੇ। ਇਸ ਮੌਕੇ ਪ੍ਰਧਾਨ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਚਾਹੇ ਅਜੇ ਪਾਲਿਸੀ ਆਉਣੀ ਹੈ ਪਰ ਉਹ ਅੱਜ ਦੇ ਮੰਗ ਪੱਤਰ ਰਾਹੀਂ ਮੰਗ ਕਰਦੇ ਹਨ ਕਿ ਇਸ ਵਿਚ ਆੜ੍ਹਤੀਆਂ ਦੀ ਸ਼ਮੂਲੀਅਤ ਨੂੰ ਬਣਾਈ ਰੱਖਿਆ ਜਾਵੇ, ਕਿਉਂਕਿ ਸੂਬੇ ਦੇ ਹਜ਼ਾਰਾਂ ਆੜ੍ਹਤੀ ਇਸ ਧੰਦੇ ਨਾਲ ਜੁੜੇ ਹੋਏ ਹਨ, ਉਸ ਤੋਂ ਵੀ ਤਿੰਨ ਗੁਣਾ ਮੁਨੀਮ ਅਤੇ ਹੋਰ ਕਰਿੰਦੇ ਆੜ੍ਹਤ ਦੇ ਇਸ ਕਾਰੋਬਾਰ ਨਾਲ ਆਪਣਾ ਘਰ ਚਲਾ ਰਹੇ ਹਨ। ਉਨ੍ਹਾਂ ਵਿਧਾਇਕਾ ਮਾਣੂੰਕੇ ਵੱਲੋਂ ਵਿੱਤ ਮੰਤਰੀ ਨਾਲ ਮੀਟਿੰਗ ਕਰਵਾਉਣ 'ਤੇ ਧੰਨਵਾਦ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਗਰੇਵਾਲ, ਨੀਰਜ ਬਾਂਸਲ, ਰਮੇਸ਼ ਚੰਦਰ ਜੈਨ, ਮਨੋਹਰ ਲਾਲ, ਨਵੀਨ ਸਿੰਗਲਾ, ਸੋਨੂੰ, ਪਾਲਾ ਚੌਧਰੀ ਆਦਿ ਹਾਜ਼ਰ ਸਨ।