ਵਿਧਾਇਕ ਨੇ ਨਹਿਰੀ ਪੱਟੀ ਉੱਤੇ ਮੋਟਰਸਾਈਕਲ ਦੇ ਮਗਰ ਬੈਠ ਕੇ ਸਾਰੀ ਨਹਿਰ ਦੀ ਖ਼ੁਦ ਕੀਤੀ ਚੈਕਿੰਗ
ਨਜਾਇਜ਼ ਮੋਘੇ ਅਤੇ ਪਾਈਪਾਂ ਲਗਾਉਣ ਵਾਲਿਆਂ 'ਤੇ ਹੋਵੇਗੀ ਕਾਰਵਾਈ
ਜਲਾਲਾਬਾਦ/ਮੰਡੀ ਘੁਬਾਇਆ, 1 ਜੂਨ (ਰਣਜੀਤ ਸਿੱਧਵਾਂ) : ਜਲਾਲਾਬਾਦ ਦੇ ਅਨੇਕਾਂ ਪਿੰਡਾਂ ਵਿੱਚ ਟੇਲਾਂ ਉੱਤੇ ਪਾਣੀ ਨਾ ਪਹੁੰਚਣ ਤੋਂ ਨਿਰਾਸ਼ ਲੋਕਾਂ ਵੱਲੋਂ ਲਗਾਤਾਰ ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਨੂੰ ਸ਼ਿਕਾਇਤ ਕੀਤੀ ਜਾ ਰਹੀ ਸੀ, ਜਿਸ ਉਤੇ ਕਾਰਵਾਈ ਕਰਦਿਆਂ ਅੱਜ ਜਗਦੀਪ ਕੰਬੋਜ ਗੋਲਡੀ ਵਿਧਾਇਕ ਨੇ ਖ਼ੁਦ ਨਿਜ਼ਾਮ ਵਾਹ ਡਿਸਟਰੀਬਿਊਟਰ ਉਤੇ ਛਾਪਾ ਮਾਰਿਆ ਅਤੇ ਅਫ਼ਸਰਾਂ ਨੂੰ ਨਾਲ ਲੈ ਕੇ ਅਨੇਕਾਂ ਨਾਜਾਇਜ਼ ਚਲਦੇ ਮੋਘਿਆਂ ਅਤੇ ਪਾਈਪਾਂ ਉੱਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਵਿਧਾਇਕ ਨੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਨਹਿਰ ਦੀ ਪਟੜੀ ਉੱਤੇ ਚੱਲ ਕੇ ਸਾਰੀ ਨਹਿਰ ਦੀ ਖੁਦ ਚੈਕਿੰਗ ਕੀਤੀ।ਵਿਧਾਇਕ ਜਗਦੀਪ ਕੰਬੋਜ ਗੋਲਡੀ ਨਹਿਰ ਦੀ ਚੈਕਿੰਗ ਕਰਨ ਪਹੁੰਚੇ ਤਾਂ ਆਸਪਾਸ ਪਾਣੀ ਚੋਰੀ ਕਰਨ ਵਾਲਿਆਂ ਵਿੱਚ ਹਫੜਾ ਦਫੜੀ ਮੱਚ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਗਦੀਪ ਕੰਬੋਜ ਗੋਲਡੀ ਵਿਧਾਇਕ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਏਨੀ ਜ਼ਿਆਦਾ ਹਨੇਰਗਰਦੀ ਨਹਿਰੀ ਪਾਣੀ ਨੂੰ ਲੈ ਕੇ ਹੁੰਦੀ ਰਹੀ ਹੈ ਜੋ ਕਿ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਅੱਜ ਦੀ ਚੈਕਿੰਗ ਵਿੱਚ ਜੋ ਵੇਖਿਆ ਗਿਆ ਹੈ ਕਿ ਅਨੇਕਾਂ ਹੀ ਲੋਕਾਂ ਨੇ ਵੱਡੇ ਵੱਡੇ ਮੋਘੇ ਅਤੇ ਪਾਈਪਾਂ ਲਗਾ ਕੇ ਨਹਿਰੀ ਪਾਣੀ ਨੂੰ ਚੋਰੀ ਕਰਨ ਦਾ ਪ੍ਰਬੰਧ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਨਹਿਰੀ ਪਾਣੀ ਚੋਰੀ ਕਰਨ ਵਾਲਿਆਂ ਦਾ ਢੰਗ ਕਈ ਜਗ੍ਹਾ ਤੇ ਏਨਾ ਆਧੁਨਿਕ ਅਤੇ ਪੱਕਾ ਸੀ ਕਿ ਜਿਵੇਂ ਇਨ੍ਹਾਂ ਨੂੰ ਕਦੇ ਕਿਸੇ ਦਾ ਡਰ ਹੀ ਨਾ ਹੋਵੇ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਅਤੇ ਚੋਰੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਤੇ ਇਸ ਵਾਰ ਅਸੀਂ ਟੇਲਾਂ ਉਤੇ ਪੈਂਦੀਆਂ ਜ਼ਮੀਨਾਂ ਨੂੰ ਹਰ ਹਾਲਤ ਵਿੱਚ ਨਹਿਰੀ ਪਾਣੀ ਪਹੁੰਚਾ ਕੇ ਰਹਾਂਗੇ ਭਾਵੇਂ ਉਸਦੇ ਲਈ ਮੈਨੂੰ ਜਿੰਨੀ ਵਾਰ ਮਰਜ਼ੀ ਇਸ ਨਹਿਰ ਉਪਰ ਖੁਦ ਆ ਕੇ ਚੈਕਿੰਗ ਕਰਨੀ ਪਵੇ।ਉਨ੍ਹਾਂ ਇਹ ਵੀ ਦੱਸਿਆ ਕਿ ਫੜੇ ਗਏ ਸਾਰੇ ਹੀ ਮੋਘੇ ਅਤੇ ਪਾਈਪਾਂ ਦੇ ਮਾਲਕਾਂ ਉੱਪਰ ਕਾਰਵਾਈ ਕੀਤੀ ਜਾਵੇਗੀ ਅਤੇ ਪਰਚੇ ਦਰਜ ਕਰਵਾਏ ਜਾਣਗੇ।