ਈ ਜੀ ਐੱਮ ਬੁਲਾਉਣ ਦਾ ਮੁੱਖ ਕਾਰਨ ਉਮਰ ਭਰ ਦੀ ਮੈਂਬਰਸ਼ਿੱਪ 101 ਪੌਂਡ ਤੋਂ ਘਟਾ ਕੇ 31 ਪੌਂਡ ਕਰਨ ਦੀ ਮੰਗ ਉਠਾਈ ਗਈ
ਲੰਡਨ, 26 ਮਈ (ਖਹਿਰਾ )- ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਆ ਰਹੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਮੌਜੂਦਾ ਕਮੇਟੀ ਤੇ 10 ਮੈਂਬਰਾਂ ਨੇ ਇਕ ਪੱਤਰ ਲਿਖ ਕੇ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਤੋਂ ਈ.ਜੀ.ਐਮ. ਬੁਲਾਉਣ ਦੀ ਮੰਗ ਕੀਤੀ ਹੈ ਤਾਂ ਕਿ ਇਸ ਮੌਕੇ ਕਈ ਮਹੱਤਵਪੂਰਨ ਮੁੱਦਿਆਂ 'ਤੇ ਵਿਚਾਰ ਕੀਤੀ ਜਾ ਸਕੇ । ਜਿਸ ਵਿੱਚ ਅਹਿਮ ਗੱਲ ਉਮਰ ਭਰ ਦੀ ਮੈਂਬਰਸ਼ਿਪ ਫੀਸ 101 ਪੌਂਡ ਤੋਂ ਘਟਾ ਕੇ 31 ਪੌਂਡ ਕਰਨ, ਸਿੰਘ ਸਭਾ ਖਿਲਾਫ ਕੇਸ ਕਰਨ ਜਾਂ ਅਦਾਲਤਾਂ ਵਿਚ ਸਭਾ ਦਾ ਨੁਕਸਾਨ ਕਰਨ ਵਾਲੇ ਕਿਸੇ ਵੀ ਵਿਅਕਤੀ 'ਦੇ ਚੋਣਾਂ ਵਿਚ ਹਿੱਸਾ ਲੈਣ 'ਤੇ ਪਾਬੰਦੀ ਲਗਾਉਣ, ਕੇਸ ਕਰਨ ਵਾਲੇ ਵਿਅਕਤੀ 'ਤੇ ਸਭਾ ਦਾ ਅਗਜ਼ੈਕਟਿਵ ਕਮੇਟੀ ਮੈਂਬਰ ਬਣਨ, ਟਰੱਸਟੀ ਬਣਨ ਅਤੇ ਸਭਾ 'ਚ ਨੌਕਰੀ ਕਰਨ 'ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਲੈ ਕੇ ਤੁਰੰਤ ਫ਼ੈਸਲੇ ਕਰਨ ਦੀ ਜ਼ਰੂਰਤ ਹੈ ਜਿਸ ਨੂੰ ਮੁੱਖ ਰੱਖਦਿਆਂ ਦਸ ਮੈਂਬਰਾਂ ਨੇ ਇਹ ਪੱਤਰ ਲਿਖਿਆ ਹੈ । ਇਸ ਤੋਂ ਇਲਾਵਾ ਪੱਤਰ ਵਿਚ ਆਮ ਚੋਣਾਂ ਤੋਂ ਪਹਿਲਾਂ ਟਰੱਸਟੀਆਂ ਦੀ ਚੋਣ ਵੀ ਕਰਵਾਏ ਜਾਣ ਦੀ ਮੰਗ ਕੀਤੀ ਗਈ । ਉਕਤ ਪੱਤਰ 'ਤੇ ਸੋਹਣ ਸਿੰਘ ਸੁਮਰਾ, ਗੁਰਮੇਲ ਸਿੰਘ ਮੱਲੀ, ਹਰਜੀਤ ਸਿੰਘ ਸਰਪੰਚ, ਸੁਰਿੰਦਰ ਸਿੰਘ ਪੁਰੇਵਾਲ, ਸੁਰਿੰਦਰ ਸਿੰਘ ਢੱਟ, ਸੁਰਜੀਤ ਕੌਰ ਬਾਸੀ, ਦੀਦਾਰ ਸਿੰਘ ਰੰਧਾਵਾ, ਪਰੇਮ ਸਿੰਘ ਢਾਂਡੀ, ਨਵਰਾਜ ਸਿੰਘ ਚੀਮਾ, ਜੀਤਪਾਲ ਸਿੰਘ ਸਹੋਤਾ ਦੇ ਦਸਤਖ਼ਤ ਹਨ | ਇਸ ਸਬੰਧੀ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਨੇ ਕਿਹਾ ਕਿ ਇਸ ਪੱਤਰ ਬਾਰੇ ਅਗਜ਼ੈਕਟਿਵ ਕਮੇਟੀ ਦੀ ਅਗਲੀ ਮੀਟਿੰਗ ਵਿਚ ਸੰਵਿਧਾਨ ਅਨੁਸਾਰ ਵਿਚਾਰਿਆ ਜਾਵੇਗਾ ਜੇ ਬਹੁ ਗਿਣਤੀ ਮੈਂਬਰਾਂ ਨੇ ਇਸ 'ਤੇ ਸਹਿਮਤੀ ਪ੍ਰਗਟ ਕੀਤੀ ਤਾਂ ਲੋੜ ਪੈਣ 'ਤੇ ਈ.ਜੀ.ਐਮ. ਵੀ ਬੁਲਾਈ ਜਾਵੇਗੀ । ਉਨ੍ਹਾਂ ਕਿਹਾ ਮੈਂ ਨਿੱਜੀ ਤੌਰ 'ਤੇ ਇਸ ਮੰਗ ਦਾ ਸਮਰਥਨ ਕਰਦਾ ਹਾਂ, ਪਰ ਇਸ 'ਚ ਹੋਰ ਮੁੱਦੇ ਵੀ ਸ਼ਾਮਿਲ ਕਰਨੇ ਚਾਹੀਦੇ ਹਨ ਜੋ ਸਮੇਂ ਅਨੁਸਾਰ ਵਿਚਾਰਨ ਦੀ ਲੋੜ ਹੈ ।