ਲੁਧਿਆਣਾਃ 22 ਮਈ (ਮਨਜਿੰਦਰ ਗਿੱਲ) ਪੰਜਾਬੀ ਭਵਨ ਲੁਧਿਆਣਾ ਵਿਖੇ ਦਿੱਲੀ - ਗਾਜ਼ੀਆਬਾਦ ਦੇ ਵਾਸੀ ਤੇ ਕਿਲ੍ਹਾ ਰਾਏਪੁਰ ਇਲਾਕੇ ਦੇ ਜੰਮਪਲ ਅੰਗਰੇਜ਼ੀ ਨਾਵਲਕਾਰ ਹਰਦੀਪ ਗਰੇਵਾਲ ਦੇ ਨਾਵਲ ਦਾ ਪੰਜਾਬੀ ਰੂਪ ਰਾਧਿਕਾ ਅੱਜ ਲੁਧਿਆਣਾ ਵਿਖੇ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਜੌਹਲ, ਸਾਬਕਾ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਡਾ. ਸ਼ਯਾਮ ਸੁੰਦਰ ਦੀਪਤੀ , ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਕਹਾਣੀਕਾਰ ਸੁਖਜੀਤ ਤੇ ਪ੍ਰਸਿੱਧ ਪੱਤਰਕਾਰ ਸਤਿਨਾਮ ਸਿੰਘ ਮਾਣਕ ਨੇ ਲੋਕ ਅਰਪਨ ਕੀਤਾ।
ਗੁਰਭਜਨ ਗਿੱਲ ਨੇ ਹਰਦੀਪ ਗਰੇਵਾਲ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ ਉਸਨੇ ਕਿਲ੍ਹਾ ਰਾਏਪੁਰ ਇਲਾਕੇ ਤੋਂ ਚੱਲ ਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਇੰਜਨੀਰਿੰਗ ਕਾਲਿਜ ਰਾਹੀਂ ਆਈ ਆਈ ਟੀ ਖੜਗਪੁਰ ਤੇ ਫਿਰ ਅੰਗਰੇਜ਼ੀ ਸਾਹਿਤ ਵੱਲ ਮੋੜ ਕੱਟ ਕੇ ਨਾਵਲ ਸਿਰਜਣਾ ਦੀ ਰਾਹ ਅਖ਼ਤਿਆਰ ਕੀਤਾ ਹੈ ਜੋ ਕਿ ਸਨਮਾਨਯੋਗ ਹੈ।
ਉਨ੍ਹਾਂ ਕਿਹਾ ਕਿ ਰਾਧਿਕਾ ਨਾਵਲ ਦਾ ਅਨੁਵਾਦ ਕਰਦਿਆਂ ਡਾਃ.ਸਾਧੂ ਸਿੰਘ ਜੀ ਨੂੰ ਕੌੜੇ ਮਿੱਠੇ ਅਨੁਭਵ ਹੋਏ। ਕਰੋਨਾ ਕਾਲ ਦੌਰਾਨ ਵਾਪਰੀਆਂ ਘਟਨਾਵਾਂ ਤੇ ਉਸ ਵਿੱਚ ਸਮਾਂ ਕੱਢ ਕੇ ਕੈਨੇਡਾ ਵੱਸਦੇ ਸਿਰਜਕ ਡਾ ਸਾਧੂ ਸਿੰਘ ਜੀ ਵਲੋਂ ਇਸ ਮਹੱਤਵਪੂਰਨ ਲਿਖਤ ਨੂੰ ਅਨੁਵਾਦ ਕਰਕੇ ਇਹ ਨਾਵਲ ਪੰਜਾਬੀ ਪਾਠਕਾਂ ਤਕ ਪਹੁੰਚਾਉਣਾ ਯਕੀਨਨ ਮਾਣ ਵਾਲੀ ਗੱਲ ਹੈ।
ਨਾਵਲ ਦੇ ਮਿਆਰੀ ਅਨੁਵਾਦ ਅਤੇ ਖੂਬਸੂਰਤ ਦਿੱਖ ਬਾਰੇ ਡਾਃ ਲਖਵਿੰਦਰ ਜੌਹਲ ਨੇ ਕਿਹਾ ਕਿ ਅਸੀਂ ਡਾ ਸਾਧੂ ਸਿੰਘ ਜੀ,ਲੇਖਕ ਹਰਦੀਪ ਗਰੇਵਾਲ ਅਤੇ ਪ੍ਰਕਾਸ਼ਨ ਵਿੱਚ ਸਹਿਯੋਗੀ ਪਿਆਰੇ ਵੀਰ ਸੁਰਿੰਦਰਪਾਲ ਸਿੰਘ ਚਾਹਲ ਤੇ ਚੇਤਨਾ ਪ੍ਰਕਾਸ਼ਨ ਦੇ ਮਾਲਕ ਸਤੀਸ਼ ਗੁਲਾਟੀ ਦੇ ਰਿਣੀ ਹਾਂ ਜਿੰਨ੍ਹਾਂ ਦੀ ਇਹ ਸਾਂਝੀ ਪੇਸ਼ਕਸ਼ ਹੈ। ਨਾਵਲ ਬਾਰੇ ਡਾਃ.ਗੁਰਇਕਬਾਲ ਸਿੰਘ ਨੇ ਕਿਹਾ ਕਿ ਰਾਧਿਕਾ ਨਾਵਲ ਦੀਆਂ ਜੜ੍ਹਾਂ ਹਰਦੀਪ ਗਰੇਵਾਲ ਦੀਆਂ ਉਨ੍ਹਾਂ ਸਿਆਸੀ ਜਥੇਬੰਦਕ ਸਰਗਰਮੀਆਂ ਨਾਲ ਜੁੜੀਆਂ ਹੋਈਆਂ ਹਨ ਜੋ ਪੰਜਾਬ ਦੇ ਗਲਪ ਸਾਹਿਤ ਲਈ ਬਿਲਕੁਲ ਨਿਵੇਕਲੀਆਂ ਹਨ।
ਸੁਖਜੀਤ ਕਹਾਣੀਕਾਰ ਨੇ ਕਿਹਾ ਕਿ ਰਾਧਿਕਾ ਦੀ ਕਹਾਣੀ ਸਮਕਾਲੀ ਭਾਰਤ ਦੇ ਸਿਆਸੀ ਪ੍ਰਪੰਚਾਂ ਤੇ ਪੇਚੀਦਗੀਆਂ ਨੂੰ ਨਸ਼ਰ ਕਰਨ ਦੇ ਨਾਲ ਸਾਡੀ ਜ਼ਿਹਨੀਅਤ ਵਿੱਚ ਧਸੇ ਉਨ੍ਹਾਂ ਸੰਸਕਾਰਾਂ ਨੂੰ ਵੀ ਬੇਪਰਦ ਕਰਦੀ
ਹੈ ਜੋ ਸਾਡੀ ਜੀਵਨ ਤੋਰ ਵਿੱਚ ਖਲਲ ਪਾਉਂਦੇ ਹਨ।
ਡਾਃ ਸ਼ਯਾਮ ਸੁੰਦਰ ਦੀਪਤੀ ਨੇ ਕਿਹਾ ਕਿ ਇਸ ਵੱਡ ਆਕਾਰੀ ਮੁੱਲਵਾਨ ਨਾਵਲ ਰਾਧਿਕਾ ਵਰਗੇ ਨਾਵਲ ਨੂੰ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਜਾਣਾ ਚੰਗੀ ਗੱਲ ਹੈ। ਉਨ੍ਹਾਂ ਗੱਠਵੇਂ ਅਨੁਵਾਦ ਲਈ ਡਾਃ ਸਾਧੂ ਸਿੰਧ ਜੀ ਨੂੰ ਮੁਬਾਰਕ ਦਿੱਤੀ।
ਇਸ ਮੌਕੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਹਰਜੀਤ ਸਿੰਘ ਸੰਧੂ ਮੌਜ਼ੇਕ ਆਰਟਿਸਟ ਨਿਉਯਾਰਕ, ਭਾਈ ਬਲਦੀਪ ਸਿੰਘ ਰਾਗੀ, ਸਃ ਹਰਪ੍ਰੀਤ ਸਿੰਘ ਸੰਧੂ, ਚੇਅਰਮੈਨ ਇਨਫੋਟੈੱਕ ਪੰਜਾਬ,ਸਃ ਅਮਰਦੀਪ ਸਿੰਘ ਹਰੀ ਸਰਪ੍ਰਸਤ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਪਰਮਜੀਤ ਸਿੰਘ ਮਾਨ ਬਰਨਾਲਾ ਕਹਾਣੀਕਾਰ, ਭਗਵੰਤ ਸਿੰਘ ਸੰਪਾਦਕ ਜਾਗੋ, ਭਗਵੰਤ ਰਸੂਲਪੁਰੀ ਸੰਪਾਦਕ ਕਹਾਣੀ ਧਾਰਾ, ਕੇ ਸਾਧੂ ਸਿੰਘ, ਹਰਦੀਪ ਢਿੱਲੋਂ, ਸਤਿਨਾਮ ਸਿੰਘ ਮਾਣਕ, ਜਸਬੀਰ ਝੱਜ, ਡਾਃ ਹਰਵਿੰਦਰ ਸਿੰਘ ਸਿਰਸਾ, ਡਾਃ ਗੁਰਚਰਨ ਕੌਰ ਕੋਚਰ, ਬਲਦੇਵ ਸਿੰਘ ਝੱਜ, ਹਰਬੰਸ ਮਾਲਵਾ, ਡਾਃ ਇੰਦਰਾ ਵਿਰਕ ਹਾਜਰ ਸਨ।