ਪੀੜ੍ਹਤ ਮਾਤਾ 54ਵੇੰ ਦਿਨ ਬੈਠੀ ਭੁੱਖ ਹੜਤਾਲ 'ਤੇ
61ਵੇਂ ਦਿਨ ਵੀ ਥਾਣੇ ਅੱਗੇ ਧਰਨਾ ਰਿਹਾ ਜਾਰੀ
ਅੈਮ.ਅੈਲ਼.ਏ. ਬੀਬੀ ਹੁਣ ਕਿਉਂ ਨਹੀਂ ਆਉੰਦੀ ਧਰਨੇ 'ਚ ? ਲੋਕ ਪੁੱਛਦੇ ਨੇ!
ਜਗਰਾਉਂ 22 ਮਈ (ਮਾਲਵਾ) ਕਰੀਬ ਡੇਢ ਦਹਾਕਾ ਪਹਿਲਾਂ ਮੌਕੇ ਕਥਿਤ ਥਾਣਾਮੁਖੀ ਵਲੋਂ ਉਸ ਦੇ ਪਰਿਵਾਰ 'ਤੇ ਕੀਤੇ ਅੱਤਿਆਚਾਰਾਂ ਦੇ ਦਰਜ ਮਾਮਲੇ ਵਿੱਚ ਇਨਸਾਫ਼ ਲੈਣ ਲਈ ਅਾਖਰੀ ਸਾਹਾਂ ਤੱਕ ਜੰਗ ਲੜ੍ਹਾਂਗੀ। ਇਹ ਦਾਅਵਾ ਮੁਕੱਦਮੇ 'ਚ ਨਾਮਜ਼ਦ ਦੋਵੇਂ ਥਾਣੇਦਾਰਾਂ ਤੇ ਸਰਪੰਚ ਦੀ ਗ੍ਰਿਫਤਾਰੀ ਲਈ ਕਰੀਬ 2 ਮਹੀਨਿਆਂ ਤੋਂ ਥਾਣੇ ਦੀ ਨੁੱਕਰ 'ਤੇ ਭੁੱਖ ਹੜਤਾਲ ਰੱਖੀ ਬੈਠੀ ਪੀੜ੍ਹਤ ਬਜ਼ੁਰਗ ਮਾਤਾ ਸੁਰਿੰਦਰ ਕੌਰ ਰਸੂਲਪੁਰ ਨੇ ਪ੍ਰੈਸ ਨੂੰ ਜਾਰੀ ਬਿਆਨ 'ਚ ਕਹੇ। ਭੁੱਖ ਹੜਤਾਲੀ ਮਾਤਾ ਨੇ ਇਹ ਵੀ ਦੱਸਿਆ ਕਿ ਉਸ ਦਾ ਪਰਿਵਾਰ ਪਿਛਲੇ 17 ਸਾਲਾਂ ਤੋਂ ਅੱਤਿਆਚਾਰੀ ਥਾਣੇਦਾਰਾਂ ਤੇ ਪੰਚ-ਸਰਪੰਚ ਨੂੰ ਸੀਖਾਂ ਪਿੱਛੇ ਬੰਦ ਕਰਵਾਉਣ ਲਈ ਲੜ੍ਹਾਈ ਲੜ੍ਹ ਰਿਹਾ ਹੈ। ਧਰਨਾਕਾਰੀਆਂ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਮਜ਼ਦੂਰ ਆਗੂ ਅਵਤਾਰ ਸਿੰਘ ਰਸੂਲਪੁਰ ਅਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 54 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੀ 75 ਸਾਲਾ ਬਜ਼ੁਰਗ ਮਾਤਾ ਹਲਕੇ ਦੀ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੂੰ ਹੁਣ ਕਿਉਂ ਨਹੀਂ ਦਿਸ ਰਹੀ? ਇਹ ਗੱਲ ਸਮਝ ਤੋਂ ਬਾਹਰ ਹੈ, ਜਦਕਿ ਵੋਟਾਂ ਤੋਂ ਪਹਿਲਾਂ ਵਿਧਾਇਕ ਬੀਬੀ ਬਿਨ ਬੁਲਾਇਆਂ ਵੀ ਧਰਨੇ ਵਿੱਚ ਆਉਂਦੀ ਸੀ ਹੁਣ ਕਿਉਂ ਪਾਸਾ ਵੱਟ ਕੇ ਲੰਘ ਜਾਂਦੀ ਏ ਇਹ ਸਵਾਲ ਧਰਨੇ 'ਚ ਆਉਂਦੇ ਲੋਕ ਸਾਥੋਂ ਪੁੱਛਦੇ ਨੇ ਪਰ ਇਸ ਸਵਾਲ ਦਾ ਜਵਾਬ ਤਾਂ ਬੀਬੀ ਹੀ ਦੇਵੇਗੀ ਜਾਂ ਲੋਕ ਹੀ ਬੀਬੀ ਤੋਂ ਸਮੇਂ ਸਿਰ ਪੁੱਛਣਗੇ। ਇਸ ਸਮੇਂ ਮੁਦਈ ਮੁਕੱਦਮਾ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਜੱਗਾ ਸਿੰਘ ਢਿੱਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ ਨੇ ਕਿਹਾ ਕਿ ਨੇੜਲੇ ਰਸੂਲਪੁਰ ਦੀਆਂ ਗਰੀਬ ਮਾਵਾਂ-ਧੀਆਂ ਨੂੰ ਘਰੋਂ ਚੁੱਕ ਕੇ, ਥਾਣੇ 'ਚ ਰੱਖ ਕੇ, ਨਾਲੇ ਕੁੱਟਿਆ-ਮਾਰਿਆ, ਨਾਲੇ ਬਿਜਲ਼ੀ ਦਾ ਕਰੰਟ ਲਗਾਇਆ ਗਿਆ ਫਿਰ ਘਟਨਾ ਨੂੰ ਲਕੋਣ ਲਈ ਪਰਿਵਾਰ ਨੂੰ ਹੀ ਝੂਠੇ ਕੇਸ ਵਿੱਚ ਫਸਾਉਣ ਵਾਲੇ ਜਾਲ਼ਮਾਂ ਨੂੰ ਹਰ ਹਾਲ਼ਤ ਸੀਖਾਂ ਪਿੱਛੇ ਬੰਦ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾਂ ਕਰਕੇ ਦੋਹਰੀ ਨੀਤੀ ਦਾ ਸਬੂਤ ਦਿੱਤਾ ਹੈ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ ਜਗਰਾਉਂ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਬਲਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਰੂਪਾ ਸਿੰਘ ਡੱਲਾ, ਨਿਹੰਗ ਸਿੰਘ ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਹਰਜੀਤ ਕੌਰ, ਕੁਲਦੀਪ ਕੌਰ ਨੇ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਭਾਵੇਂ ਗੈਰ-ਜਮਾਨਤੀ ਧਾਰਾਵਾਂ ਅਧੀਨ ਦਰਜ ਮੁਕੱਦਮੇ ਦਾ ਮੁੱਖ ਦੋਸ਼ੀ ਗੁਰਿੰਦਰ ਬੱਲ ਉੱਚ ਪੁਲਿਸ ਅਫਸਰਾਂ ਨਾਲ ਗੰਢਤੁੱਪ ਕਰਕੇ ਨਾਂ ਸਿਰਫ਼ ਗ੍ਰਿਫਤਾਰੀ ਤੋਂ ਬਚਿਆ ਹੋਇਆ ਏ ਸਗੋਂ ਦਰਜ ਮੁਕੱਦਮੇ ਨੂੰ ਖਾਰਜ਼ ਕਰਵਾਉਣ ਲਈ ਹੱਥ ਕੰਡੇ ਵਰਤ ਰਿਹਾ ਏ ਪਰ ਉਹ ਬੱਲ ਸਮੇਤ ਸਾਰੇ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕਰਵਾਉਣ ਲਈ ਲੋਕਾਂ ਦੀ ਸਹਾਇਤਾ ਨਾਲ ਹਰ ਸੰਭਵ ਯਤਨ ਜਾਰੀ ਰੱਖਣਗੇ।