ਗੜ੍ਹਦੀਵਾਲਾ ( ਹਰਪਾਲ ਸਿੰਘ ਦਿਓਲ ) ਗੜ੍ਹਦੀਵਾਲਾ ਦੇ ਪਿੰਡ ਖਿਆਲਾ ਦੇ ਕੱਚੇ ਰਸਤੇ 'ਚ ਇਕ ਬੱਚਾ ਬੋਰਵੈੱਲ 'ਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਵਾਸੀ ਮਜ਼ਦੂਰ ਰਜਿੰਦਰ ਸਿੰਘ ਦਾ 6 ਸਾਲਾ ਬੇਟਾ ਰਿਤਿਕ ਰੋਸ਼ਨ ਥੋੜ੍ਹਾ ਮੰਦਬੁੱਧੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਬੱਚੇ ਦੇ ਪਿੱਛੇ ਕੁੱਤੇ ਪਏ ਸਨ। ਕੁੱਤਿਆਂ ਤੋਂ ਡਰਦਾ ਹੋਇਆ ਇਹ ਬੋਰਵੈੱਲ ਦੇ ਉੱਪਰ ਜਾ ਚੜ੍ਹਿਆ ਤੇ ਅਚਾਨਕ ਉਸ ਅੰਦਰ ਡਿੱਗ ਗਿਆ। ਇਸ ਮੌਕੇ 'ਤੇ ਪਿੰਡ ਵਾਸੀਆਂ ਵੱਲੋਂ ਬੱਚੇ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ, ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਤੇ ਵੱਡੀ ਗਿਣਤੀ 'ਚ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਹੈ। ਬੱਚੇ ਨੂੰ ਕੱਢਣ ਲਈ ਜੱਦੋਜਹਿਦ ਚੱਲ ਰਹੀ ਹੈ। ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁਖੀ ਮਨਜੋਤ ਸਿੰਘ ਤਲਵੰਡੀ ਵੱਲੋਂ ਆਕਸੀਜਨ ਦਾ ਸਿਲੰਡਰ ਅਤੇ ਕੈਮਰਾ ਬੋਰਵੈੱਲ 'ਚ ਪਾਇਆ ਗਿਆ। ਕੈਮਰੇ ਰਾਹੀਂ ਬੱਚੇ ਦੀ ਹਰ ਹਰਕਤ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਜਦੋਂ ਹਲਕਾ ਵਿਧਾਇਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਢੇ ਵੱਲੋਂ ਆਰਮੀ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਬੁਲਾ ਲਈਆਂ ਗਈਆਂ ਹਨ। ਕੈਮਰੇ ਰਾਹੀਂ ਬੱਚੇ ਨੂੰ ਦੇਖਣ 'ਤੇ੍ ਪਤਾ ਲੱਗਦਾ ਹੈ ਕਿ ਬੱਚਾ ਲਗਪਗ 100 ਫੁੱਟ ਹੇਠਾਂ ਫਸਿਆ ਹੈ। ਡਾਕਟਰਾਂ ਦੀਆਂ ਟੀਮਾਂ ਵੀ ਬੁਲਾ ਲਈਆਂ ਗਈਆਂ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਕਿਹਾ ਹੈ ਕਿ ਹੁਸ਼ਿਆਰਪੁਰ 'ਚ 6 ਸਾਲਾ ਬੱਚਾ ਬੋਰਵੈੱਲ 'ਚ ਡਿੱਗ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਸਥਾਨਕ ਵਿਧਾਇਕ ਮੌਕੇ 'ਤੇ ਮੌਜੂਦ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੇਰਾ ਲਗਾਤਾਰ ਰਾਬਤਾ ਹੈ। ਬਚਾਅ ਕਾਰਜ ਜਾਰੀ ਹਨ।