- ਭਗਵੰਤ ਸਿਹਾਂ!
ਵਧਾਈ ਦਾ ਪਾਤਰ ਆਂ
ਤੈਨੂੰ ਢੇਰ ਸਾਰੀਆਂ ਮੁਬਾਰਕਾਂ!
ਤੂੰ ਜਲਦੀ ਹੀ
ਕਿਸਾਨਾਂ ਨੂੰ
ਘੁੱਟ ਕੇ ਜੱਫੀ ਪਾਈ!
ਉਨ੍ਹਾਂ ਦੀ ਸਮਝੀ
ਤੇ ਆਪਣੀ ਸਮਝਾਈ!
ਤੂੰ
ਦੰਦ ਕਰੇੜਿਆਂ!
ਕੱਚੇ ਢਾਰਿਆਂ!
ਤੇ ਵਿਹੜਿਆਂ ਵਾਲਿਆਂ,
ਵਲ ਵੀ
ਪੰਛੀ ਝਾਤ ਮਾਰਦੇ !
ਜਿਵੇਂ ਤੂੰ ਆਪਣੇ
ਚਾਚਿਆਂ, ਤਾਇਆਂ
ਭਰਾ, ਭਤੀਜਿਆਂ
ਉਪਰ ਮਾਰੀ ਆ!
ਸਾਂਝੀਆਂ,
ਸੀਰੀਆਂ ਦੇ ਵੀ
ਸੁਫਨੇ ਨੇ
ਕਿ-
ਧੀਆਂ - ਪੁੱਤ
ਕੈਨੇਡਾ,
ਅਮਰੀਕਾ
ਦੀਆਂ ਉਡਾਣਾਂ ਭਰਨ!
ਗਲ
ਸੋਨੇ ਦੀ ਤਵੀਤੀ
ਪਾ ਕੇ!
ਬਾਂਹ ਵਿਚ
ਕੜਾ ਸਜਾ ਕੇ!
ਬੁਲੇਟ ਮੋਟਰਸਾਈਕਲ 'ਤੇ
ਪਿੰਡ ਦੀ ਫਿਰਨੀ
ਉਪਰੋਂ ਗੇੜੀ ਮਾਰਨ!
ਕਾਰਾਂ, ਜਿਪਸੀਆਂ ਦੇ
ਮੋਟੇ ਟਾਇਰ ਪਾ ਕੇ
ਅਰਮਾਨੀ ਦੀਆਂ ਸ਼ਰਟਾਂ ਸਜਾ ਕੇ
ਸ਼ਹਿਰ ਵਲ ਜਾਣ!
ਵੱਡੇ ਵੱਡੇ ਮੈਰਿਜ ਪੈਲੇਸਾਂ 'ਚ
ਵਿਆਹ ਹੋਣ!
ਉਨ੍ਹਾਂ ਦੇ ਵੀ
ਅਰਮਾਨ ਨੇ
ਕਿ-
50-25 ਗਜ ਦੇ
ਕੋਠੜਿਆਂ 'ਚੋਂ
ਨਿਕਲ ਕੇ
ਦੋ ਦੋ ਮੰਜ਼ਿਲੀਆਂ
ਕੋਠੀਆਂ ਪਾਉਣ!
ਕੋਠੀਆਂ ਵਿਚ ਫੁਆਰੇ ਲਾਉਣ!
ਫੁਆਰਿਆਂ ਥੱਲੇ
ਰੱਜ ਰੱਜ ਨਹਾਉਣ!
ਸ਼ਾਇਦ-
ਉਨ੍ਹਾਂ ਦੇ ਦਿਲਾਂ
ਵਿਚ ਵੀ
ਮੋਢੇ 'ਚ
' ਬੰਦੇ ਖਾਣੀ' ਪਾ ਕੇ
ਘੁੰਮਣ ਦੇ
ਕਦੇ ਕਦੇ
ਵਲਵਲੇ ਉੱਠਦੇ ਹੋਣਗੇ!
ਸ਼ੌਕ ਤੜਫਦੇ ਹੋਣਗੇ!
ਭਗਵੰਤ ਸਿਹਾਂ -
ਕਣਕ,
ਚੌਲਾਂ ,
ਬਿਜਲੀ
ਨੇ ਤਾਂ
ਜਲੀਲ ਕਰਕੇ ਰੱਖ ਦਿੱਤੈ!
ਕਣਕ ਦੀ ਵਢਾਈ!
ਝੋਨੇ ਦੀ ਲਵਾਈ!
ਮਿਰਚਾਂ ਦੀ ਤੁੜਵਾਈ!
ਕਪਾਹ ਦੀ ਚੁਗਾਈ!
ਦਿਹਾੜੀ - ਜੋਤੇ
ਵਾਲਿਆਂ ਲਈ
ਸਾਂਝੀਆਂ ਲਈ!
ਸੀਰੀਆਂ ਲਈ!
ਮਾਰਦੇ ਇੱਕ ਹੰਭਲਾ!
ਕਰਦੇ
ਐਮ. ਐਸ. ਪੀ. ਲਾਗੂ,
ਚਲਾ ਦੇ
ਥੋੜ੍ਹਾ ਜਿਹਾ ਹਰਾ ਪੈੱਨ!
ਨਾਲੇ ਹਰਾ ਪੈੱਨ ਤੈਨੂੰ
ਤੇਰੇ 'ਕੱਲੇ
ਆਪਣਿਆਂ ਨੇ ਨ੍ਹੀਂ,
ਦੰਦ-ਕਰੇੜਿਆਂ ਨੇ ਵੀ ਦਿੱਤਾ!
ਮੁਫਤ ਦੀ
ਕਣਕ ਤੇ
ਬਿਜਲੀ ਤੋਂ
ਛੁਡਾ ਦੇ ਖਹਿੜਾ,
ਬਣਾ ਦੇ
ਹਿੱਕ ਕੱਢਕੇ ਤੁਰਨ ਜੋਗੇ!
ਕਰਦੇ ਕੰਮੀ-ਕਮੀਣਾਂ
ਦੀ ਕਾਇਆ-ਕਲਪ!
ਆਰਥਿਕ ਤਬਦੀਲੀਆਂ
ਸਰਕਾਰਾਂ ਦੀਆਂ
ਮਿਹਰਬਾਨੀਆਂ
ਤੇ ਸਵੱਲੀਆਂ ਨਜ਼ਰਾਂ
ਨਾਲ ਹੁੰਦੀਆਂ ਨੇ!
-ਸੁਖਦੇਵ ਸਲੇਮਪੁਰੀ
09780620233
19 ਮਈ, 2022.