ਇਲਾਕੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ-ਇੰਸਪੈਕਟਰ ਢਿੱਲੋਂ
ਬਰਨਾਲਾ /ਮਹਿਲ ਕਲਾਂ 17 ਮਈ- (ਗੁਰਸੇਵਕ ਸਿੰਘ ਸੋਹੀ ) -ਥਾਣਾ ਕੋਤਵਾਲੀ ਨਾਭਾ ਜ਼ਿਲ੍ਹਾ ਪਟਿਆਲਾ ਤੋਂ ਬਦਲ ਕੇ ਆਏ ਨਵੇਂ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਥਾਣਾ ਮਹਿਲ ਕਲਾਂ ਵਿਖੇ ਸਮੂਹ ਸਟਾਫ਼ ਦੀ ਹਾਜ਼ਰੀ ਵਿੱਚ ਨਵੇਂ ਇੰਸਪੈਕਟਰ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਚਾਰਜ ਸੰਭਾਲਣ ਉਪਰੰਤ ਨਵੇਂ ਆਏ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਮੈਨੂੰ ਥਾਣਾ ਮਹਿਲ ਕਲਾਂ ਵਿਖੇ ਇੰਸਪੈਕਟਰ ਵਜੋਂ ਸੌਂਪੀ ਗਈ ਹੈ ਉਸ ਨੂੰ ਮੈਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਨੇ ਮੈਨੂੰ ਥਾਣਾ ਮੁਖੀ ਵਜੋਂ ਪਿਛਲੇ ਸਮੇਂ ਸੇਵਾਵਾਂ ਨਿਭਾਉਣ ਸਮੇ ਪੂਰਾ ਮਾਣ ਸਤਿਕਾਰ ਦਿੱਤਾ ਅਤੇ ਪਹਿਲਾਂ ਵਾਂਗ ਹੀ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਡਿਊਟੀ ਦੀਆਂ ਸੇਵਾਵਾਂ ਨੂੰ ਪਾਰਦਰਸ਼ੀ ਢੰਗ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਥਾਣੇ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਪਿੰਡਾਂ ਦੇ ਚੁਣੇ ਹੋਏ ਸਰਪੰਚਾਂ ਪੰਚਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਪੂਰਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਇਨਸਾਫ਼ ਲੈਣ ਲਈ ਆਏ ਲੋਕਾਂ ਨਾਲ ਕਿਸੇ ਵੀ ਪ੍ਰਕਾਰ ਦੀ ਕੋਈ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਬਣਦਾ ਇਨਸਾਫ ਦਿੱਤਾ ਜਾਵੇਗਾ।ਢਿੱਲੋਂ ਨੇ ਕਿਹਾ ਕਿ ਇਲਾਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਿਆ ਜਾਵੇਗਾ ਅਤੇ ਅਮਨ ਕਾਨੂੰਨ ਦੀ ਸਥਿਤੀ ਨਾਲ ਛੇੜਛਾੜ ਕਰਨ ਵਾਲੇ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਇਸ ਮੌਕੇ ਅੈਸ ਆਈ ਸਤਪਾਲ ਸਿੰਘ ਏ ਐੱਸ ਆਈ,ਏ ਐਸ ਆਈ ਜਗਰੂਪ ਸਿੰਘ, ਸਹਾਇਕ ਥਾਣੇਦਾਰ ਗੁਰਸਿਮਰਨ ਸਿੰਘ, ਮੁਨਸ਼ੀ ਰਾਜਿੰਦਰ ਸਿੰਘ ਸਹਾਇਕ ਮੁਨਸ਼ੀ ਜਗਜੀਵਨ ਸਿੰਘ,ਲਖਵੀਰ ਸਿੰਘ, ਕੇਵਲ ਸਿੰਘ ਆਦਿ ਤੋਂ ਇਲਾਵਾ ਹੋਰ ਸਮੂਹ ਸਟਾਫ ਵੀ ਹਾਜ਼ਰ ਸਨ।