You are here

ਛੋਟੇ ਘੱਲੂਘਾਰੇ 'ਤੇ ਵਿਸ਼ੇਸ਼ ✍️ ਸ.ਸੁਖਚੈਨ ਸਿੰਘ ਕੁਰੜ 

ਭਾਰਤ ਬਾਰੇ ਜਦ ਵੀ ਕਿਤੇ ਪੜ੍ਹਿਆ ਜਾਂ ਪੜ੍ਹਾਇਆ ਗਿਆ ਤਾਂ ਉੱਥੇ ਇਹ ਵੇਰਵਾ ਜ਼ਰੂਰ ਮਿਲ਼ਿਆ ਕਿ ਭਾਰਤ 'ਮੇਲਿਆਂ ਤੇ ਤਿਉਹਾਰਾਂ ਦਾ ਦੇਸ' ਹੈ ਪਰ ਜਦ ਕਿਤੇ ਵੀ ਪੰਜਾਬ ਦੀ ਗੱਲ ਤੁਰੀ ਹੈ ਜਾਂ ਅੱਗੇ ਤੁਰੇਗੀ ਤਾਂ ਇਹ ਕਹਿਣਾ ਕਿ "ਪੰਜਾਬ ਸ਼ਹਾਦਤਾਂ ਦੀ ਧਰਤੀ" ਹੈ ਤਾਂ ਇਹ ਦੇ 'ਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪੰਜਾਬ ਦਾ ਅਸਲ ਇਤਿਹਾਸ ਫਰੋਲਿਆਂ ਹਰ ਪੰਨਾ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਸਜਦਾ ਕਰਦਾ ਨਜ਼ਰੀਂ ਪੈਂਦਾ ਹੈ। 

ਸਿੱਖ ਇਤਿਹਾਸ ਕੌਮੀ ਮਰਜੀਵੜਿਆਂ ਦਾ ਇਤਿਹਾਸ ਹੈ। ਸਿੱਖ ਕੌਮ ਨੂੰ ਤਬਾਹ ਕਰਨ ਵਾਲੀਆਂ ਘਟਨਾਵਾਂ ਨੂੰ ਸਾਡੀ ਕੌਮ ਨੇ ਇੱਕ ਦਰਦ ਦੇ ਰੂਪ 'ਚ ਹਮੇਸ਼ਾ 'ਘੱਲੂਘਾਰੇ' ਵਜੋਂ ਯਾਦ ਕੀਤਾ ਤਾਂ ਜੋ ਆਉਣ ਵਾਲ਼ੀ ਪੀੜ੍ਹੀ ਨੂੰ ਅਣਖਾਂ ਦੀ ਗੁੜ੍ਹਤੀ ਮਿਲ਼ਦੀ ਰਹੇ। 

‘ਘੱਲੂਘਾਰਾ’ ਸ਼ਬਦ ਦਾ ਸੰਬੰਧ ਅਫ਼ਗਾਨੀ ਬੋਲੀ ਨਾਲ ਹੈ;ਜਿਸ ਦੇ ਅੱਖਰੀ ਅਰਥ ਹਨ ਸਭ ਕੁਝ ਤਬਾਹ ਹੋ ਜਾਣਾ, ਵੱਡੇ ਪੱਧਰ ’ਤੇ ਕਤਲੇਆਮ ਹੋਣਾ, ਨਸਲਘਾਤ ਜਾਂ ਸਰਬਨਾਸ਼। ਸਿੱਖਾਂ ਦਾ ਸੁਭਾਅ ਮੁੱਢ ਤੋਂ ਹੀ ਜ਼ੁਲਮ ਦੇ ਵਿਰੁੱਧ ਲੜਨ ਵਾਲ਼ਾ ਰਿਹਾ, ਕਿਸੇ ਦੀ ਗੁਲਾਮੀ ਜਾਂ ਈਨ ਨਾ ਮੰਨਣਾ ਤਾਂ ਇਹਨਾਂ ਨੇ ਕਦੇ ਕਬੂਲਿਆ ਹੀ ਨਹੀਂ। ਇਸ ਲਈ ਸਮੇਂ- ਸਮੇਂ ਮੌਕੇ ਦੀਆਂ ਸਰਕਾਰਾਂ ਵੱਲੋਂ ਹਮੇਸ਼ਾਂ ਹੀ ਘੱਟ-ਗਿਣਤੀ ਕੌਮ ਨੂੰ ਖ਼ਤਮ ਕਰਨ ਦੇ ਮਨਸੂਬੇ ਬਣਾ ਕੇ ਕੋਝੇ ਯਤਨ ਜਾਂਦੇ ਰਹੇ ਹਨ।

ਛੋਟਾ ਘੱਲੂਘਾਰਾ 17 ਮਈ 1746 (1 ਜੇਠ 1803 ਸੰਮਤ) ਨੂੰ ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ’ਚ ਵਾਪਰਿਆ। ਜੋ ਕਿ ਗੁਰਦਾਸਪੁਰ ਤੋਂ ਮੁਕੇਰੀਆਂ ਨੂੰ ਜਾਂਦੀ ਸੜਕ ਉੱਤੇ 8 ਕਿਲੋਮੀਟਰ ਦੂਰ ਫੌਜੀ ਛਾਉਣੀ ਤਿੱਬੜ ਤੋਂ ਸੱਜੇ ਪਾਸੇ ਨੂੰ 4 ਕਿਲੋਮੀਟਰ ਦੂਰ ਸਥਿਤ ਹੈ। 

ਇਸ ਖੂਨੀ ਦੁਖਾਂਤ ਦਾ ਮੁੱਢ ਦੀਵਾਨ ਲਖਪਤ ਰਾਏ ਨੇ ਬੰਨਿਆ ਸੀ।

18ਵੀਂ ਸਦੀ ਦੇ ਅੱਧ ਵਿਚ ਜਦੋਂ ਦੀਵਾਨ ਲਖਪਤ ਰਾਏ ਦੇ ਭਰਾ ਤੇ ਐਮਨਾਬਾਦ ਦੇ ਫੌਜਦਾਰ ਜਸਪਤ ਰਾਏ ਦੀ ਪਿੰਡ ਖੋਖਰਾਂ ਵਿਖੇ ਸਿੰਘਾਂ ਨਾਲ ਲੜਾਈ ਦੌਰਾਨ ਮੌਤ ਹੋ ਗਈ ਤਾਂ ਦੀਵਾਨ ਲਖਪਤ ਰਾਏ ਨੇ ਭਰਾ ਦੀ ਮੌਤ ਦਾ ਬਦਲਾ ਲੈਣ ਦਾ ਪ੍ਰਣ ਕੀਤਾ। ਉਸ ਨੇ ਲਾਹੌਰ ਦੇ ਸੂਬੇ ਯਹੀਆ ਖਾਨ ਦੀ ਸਹਿਮਤੀ ਨਾਲ ਲਾਹੌਰ ਦੀਆਂ ਫੌਜਾਂ ਨੂੰ ਲਾਮਬੰਦ ਕੀਤਾ ਤੇ ਮੁਲਤਾਨ, ਬਹਾਵਲਪੁਰ ਅਤੇ ਜਲੰਧਰ ਤੋਂ ਫੌਜੀ ਮਦਦ ਮੰਗ ਲਈ।

ਇਸ ਤੋਂ ਇਲਾਵਾ ਪਹਾੜੀ ਰਾਜਿਆਂ ਨੂੰ ਵੀ ਸੁਚੇਤ ਕੀਤਾ ਕਿ ਸਿੱਖ ਪਹਾੜਾਂ ਵੱਲ ਨਾ ਨਿਕਲਣ। ਇਸ ਤੋਂ ਬਾਅਦ ਉਸ ਨੇ ਤਕੜੀ ਸੈਨਾ ਲੈ ਕੇ ਕਾਹਨੂੰਵਾਨ ਵਿੱਚ ਸਿੱਖਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ,ਪਹਿਲਾਂ ਤਾਂ ਸਿੱਖ ਫੌਜ ਦਾ ਮੁਕਾਬਲਾ ਕਰਦੇ ਰਹੇ ਪਰ ਗਿਣਤੀ ਘੱਟ ਹੋਣ ਕਾਰਨ ਉਹਨਾਂ ਨੇ ਬਸੋਲੀ ਵੱਲ ਜਾਣਾ ਸ਼ੁਰੂ ਕੀਤਾ। ਇਸ ਦੌਰਾਨ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਵੀ ਸਿੱਖਾਂ 'ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਕਈ ਸਿੱਖ ਸ਼ਹੀਦ ਹੋ ਗਏ। ਇਸ ਤੋਂ ਬਾਅਦ ਸਿੱਖਾਂ ਨੇ ਲਖਪਤ ਰਾਏ ਦੇ ਘੇਰੇ ਨੂੰ ਤੋੜ ਕੇ ਸਤਲੁਜ ਅਤੇ ਬਿਆਸ ਪਾਸ ਕਰ ਲਿਆ। ਆਪਣੀ ਹਾਰ ਨੂੰ ਵੇਖ ਕੇ ਲਖਪਤ ਰਾਏ ਘਟੀਆ ਤੌਰ-ਤਰੀਕਿਆਂ ਉੱਤੇ ਉਤਰ ਆਇਆ। ਉਸ ਨੇ ਸੋਚਿਆ ਕਿ ਉਹ ਦਿੱਲੀ ਦਰਬਾਰ ਜਾ ਕੇ ਕੀ ਮੂੰਹ ਵਿਖਾਏਗਾ? ਉਸ ਨੇ ਨੇੜਲੇ ਪਿੰਡਾਂ ਦੇ ਲੁਹਾਰ, ਤਰਖਾਣ ਇਕੱਠੇ ਕਰ ਕੇ ਇਸ ਛੰਭਨੁਮਾ ਜੰਗਲ ਦੇ ਰੁੱਖਾਂ ਨੂੰ ਕਟਵਾ ਕੇ ਚੁਫੇਰਿਉਂ ਅੱਗ ਲਗਵਾ ਦਿੱਤੀ, ਜਿਸ ਨਾਲ ਸਿੰਘਾਂ ਨੂੰ ਚਾਰ-ਚੁਫੇਰਿਉਂ ਮੁਸੀਬਤਾਂ ਪੈ ਗਈਆਂ।ਇਸ ਛੰਭ ਦਾ ਘੇਰਾ ਲਗਭਗ 3 ਮਹੀਨੇ ਚੱਲਿਆ। ਇੰਨ੍ਹੇ ਲੰਬੇ ਸਮੇਂ ਦੌਰਾਨ ਸਿੱਖ ਗੁਰੀਲਾ ਯੁੱਧ ਪ੍ਰਣਾਲੀ ਰਾਹੀਂ ਡਟੇ ਰਹੇ। ਲੰਬੇ ਸਮੇਂ ਕਰਕੇ ਹੌਲ਼ੀ-ਹੌਲ਼ੀ ਸਿੱਖਾਂ ਦਾ ਰਾਸ਼ਨ ਪਾਣੀ ਖ਼ਤਮ ਹੋਣ ਲੱਗਾ ਪਰ ਸਿੱਖ ਆਪਣੇ ਇਤਿਹਾਸ ਨੂੰ ਚੇਤਿਆਂ ਚ ਵਸਾ ਕੇ ਫਿਰ ਵੀ ਲੜਾਈ ਲੜਦੇ ਰਹੇ। ਸਿੱਖਾਂ ਦੇ ਰਾਸ਼ਨ ਦੀ ਕਮੀ ਪੈਣ ਦੀ ਖ਼ਬਰ ਜਦੋਂ ਮੁਲਤਾਨ ਦੇ ਵਜ਼ੀਰ ਕੌੜਾ ਮੱਲ ਨੂੰ ਲੱਗੀ ਤਾਂ ਉਸ ਨੇ ਹਜ਼ਾਰਾਂ ਖੱਚਰਾਂ, ਘੋੜਿਆਂ ਉੱਤੇ ਰਾਸ਼ਨ ਲੱਦ ਕੇ ਜੰਮੂ ਨੂੰ ਭੇਜਣ ਲਈ ਇੱਕ ਵਪਾਰੀ ਨੂੰ ਤੋਰ ਦਿੱਤਾ ਤੇ ਦੂਸਰੇ ਪਾਸੇ ਖੁਫ਼ੀਆ ਤੌਰ ਉੱਤੇ ਸਿੰਘਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਜਦੋਂ ਇਹ ਰਾਸ਼ਨ ਵਾਲੇ ਘੋੜੇ, ਖੱਚਰਾਂ ਤੁਹਾਡੇ ਨੇੜਿਉਂ ਗੁਜ਼ਰਨ ਤਾਂ ਲੁੱਟ ਲਏ ਜਾਣ। ਇਹ ਸਿੱਖਾਂ ਲਈ ਇੱਕ ਖ਼ੁਸ਼ੀ ਵਾਲ਼ੀ ਖ਼ਬਰ ਸੀ ਤੇ ਉਨ੍ਹਾਂ ਨੇ ਇੰਝ ਹੀ ਕੀਤਾ। ਜਦੋਂ ਵਪਾਰੀ ਕਾਹਨੂੰਵਾਨ ਦੇ ਛੰਭ ਨੇੜਿਓਂ ਗੁਜ਼ਰ ਰਿਹਾ ਸੀ ਤਾਂ ਸਿੰਘਾਂ ਨੇ ਇਹ ਸਾਰਾ ਰਾਸ਼ਨ ਆਪਣੇ ਹੱਥਾਂ 'ਚ ਕਰ ਲਿਆ, ਜਿਸ ਨਾਲ ਸਿੱਖ ਜਰਨੈਲਾਂ ਨੂੰ ਭਾਰੀ ਰਾਹਤ ਮਿਲੀ ਤੇ ਸਿੱਖਾਂ ਦੇ ਹੌਸਲੇ ਹੋਰ ਬੁਲੰਦ ਹੋਏ।

ਇੱਕ ਜੇਠ-ਹਾੜ੍ਹ ਦੀ ਅੱਤ ਦੀ ਗਰਮੀ, ਦੂਜਾ ਜੰਗਲ ਦੀ ਅੱਗ, ਤੀਜਾ ਉੱਚੇ ਪਹਾੜ ਤੇ ਵਿਰੋਧੀ ਪਹਾੜੀ ਰਾਜੇ ਤੇ ਚੌਥਾ ਚੜ੍ਹਦੇ ਪਾਸੇ ਸ਼ੂਕਦਾ ਬਿਆਸ ਦਰਿਆ। ਸਿੱਖ ਜਰਨੈਲਾਂ ਨੇ ਸਿੱਖੀ ਦੀ ਸ਼ਾਨ ਬਚਾਉਣ ਲਈ ਮਤਾ ਪਾਸ ਕਰ ਕੇ ਮੈਦਾਨੇ-ਜੰਗ 'ਚ ਦੁਸ਼ਮਣ ਨਾਲ ਜੂਝ ਕੇ ਲੜਨ ਤੇ ਸ਼ਹੀਦੀਆਂ ਪ੍ਰਾਪਤ ਕਰਨ ਦਾ ਅਟੱਲ ਫ਼ੈਸਲਾ ਕੀਤਾ ਤੇ ਸਿੰਘ ਚੜ੍ਹਦੀ ਕਲਾ ਦੇ ਜੈਕਾਰੇ ਲਗਾਉਂਦਿਆਂ ਦੁਸ਼ਮਣ ਖਿਲਾਫ਼ ਜੰਗ ਦੇ ਮੈਦਾਨ ਵਿੱਚ ਜੂਝ ਪਏ। ਵੱਖ-ਵੱਖ ਸਰੋਤਾਂ ਤੋਂ ਮਿਲ਼ੀ ਜਾਣਕਾਰੀ ਮੁਤਾਬਕ ਇਸ ਘੱਲੂਘਾਰੇ ਦੌਰਾਨ 11,000 ਤੋਂ ਵੱਧ ਸਿੰਘ-ਸਿੰਘਣੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ 2000 ਦੇ ਕਰੀਬ ਸਿੰਘ ਜੰਗਲ ਵਿੱਚ ਲੱਗੀ ਅੱਗ ਤੇ ਬਿਆਸ ਦਰਿਆ ਨੂੰ ਪਾਰ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ। ਸੈਂਕੜੇ ਸਿੰਘਾਂ ਨੂੰ ਲਖਪਤ ਰਾਏ ਬੰਦੀ ਬਣਾ ਕੇ ਲਾਹੌਰ ਲੈ ਗਿਆ। ਗ੍ਰਿਫ਼ਤਾਰ ਸਿੱਖਾਂ ਨੂੰ ਲਾਹੌਰ ਲਿਜਾ ਕੇ ਸ਼ਾਹੀ ਕਿਲੇ ਦੇ ਪਿੱਛੇ ਚੌਂਕ ਵਿਚ ਸ਼ਹੀਦ ਕਰ ਦਿੱਤਾ ਗਿਆ। ਜਿਸ ਸਥਾਨ 'ਤੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਉੱਥੇ ਗੁਰਦੁਆਰਾ ਸ਼ਹੀਦ ਗੰਜ ਭਾਈ ਮਨੀ ਸਿੰਘ ਜੀ ਬਣਿਆ ਹੋਇਆ ਸੀ। ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦਾਸਪੁਰ ਵਿੱਚ ਛੰਭ ਕਾਹਨੂੰਵਾਨ ਵਿੱਚ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਸੁਸ਼ੋਭਿਤ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰੇ ਨੇੜੇ ਚੱਕ ਅਬਦੁਲ ਬਾਰੀ ਕਾਹਨੂੰਵਾਨ ਵਿੱਚ ਛੋਟਾ ਘੱਲੂਘਾਰਾ ਮੈਮੋਰੀਅਲ ਬਣਾਇਆ ਗਿਆ ਹੈ।

ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)