ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿਲ ਨੇ ਕਰਵਾਈ ਸ਼ੁਰੂਆਤ
ਜ਼ਿਲ੍ਹਾ ਪ਼੍ਰਸ਼ਾਸਨ ਦੇ ਅਧਿਕਾਰੀ ਵੀ ਲੈਣਗੇ ਕਲਾਸਾਂ
ਫ਼ਤਹਿਗੜ੍ਹ ਸਾਹਿਬ, 10 ਮਈ (ਰਣਜੀਤ ਸਿੱਧਵਾਂ) : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਾਰਜਸ਼ੀਲ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਸਰਕਾਰੀ ਨੌਕਰੀਆਂ ਸਮੇਤ ਵੱਖੋ-ਵੱਖ ਨੌਕਰੀਆਂ ਦੀ ਤਿਆਰੀ ਲਈ ਵਿਦਿਆਰਥੀਆਂ ਦੇ ਨਵੇਂ ਮੁਫ਼ਤ ਕੋਚਿੰਗ ਬੈਚ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਕਰਵਾਈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਲਗਾਤਾਰ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਲਈ ਪੋਸਟਾਂ ਕੱਢੀਆਂ ਜਾ ਰਹੀਆਂ ਹਨ, ਉਥੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਇਨ੍ਹਾਂ ਪੋਸਟਾਂ ਸਬੰਧੀ ਇਮਤਿਹਾਨਾਂ ਦੀ ਤਿਆਰੀ ਕਰਵਾਉਣ ਲਈ ਵਿਦਿਆਰਥੀਆਂ ਦੇ ਬੈਚ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਬੈਚ ਨੂੰ ਤਜਰਬੇਕਾਰ ਅਧਿਆਪਕਾਂ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ ਵੱਖ ਅਧਿਕਾਰੀਆਂ ਵੱਲੋਂ ਵੀ ਇਮਤਿਹਾਨਾਂ ਦੀ ਤਿਆਰੀ ਕਰਵਾਈ ਜਾਵੇਗੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕਲਾਸਾਂ ਦਾ ਵੱਧ ਤੋਂ ਵੱਧ ਲਾਹਾ ਲੈਣ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਇੱਕ ਵਾਰ ਵਿੱਚ ਕਿਸੇ ਉਮੀਦਵਾਰ ਦੀ ਨੌਕਰੀ ਲਈ ਚੋਣ ਨਹੀਂ ਹੁੰਦੀ ਤਾਂ ਉਹ ਉਮੀਦਵਾਰ ਹੌਸਲਾ ਨਾ ਛੱਡੇ ਤੇ ਆਪਣੀ ਤਿਆਰੀ ਜਾਰੀ ਰੱਖੇ ਕਿਉਂਕਿ ਵੱਖ-ਵੱਖ ਵਿਭਾਗਾਂ ਦੀਆਂ ਵੱਡੀਆਂ ਗਿਣਤੀ ਪੋਸਟਾਂ ਲਗਾਤਾਰ ਆਉਂਦੀਆਂ ਰਹਿਣੀਆਂ ਹਨ।ਸ਼੍ਰੀਮਤੀ ਸ਼ੇਰਗਿੱਲ ਨੇ ਕਿਹਾ ਕਿ ਇਨ੍ਹਾਂ ਕਲਾਸਾਂ ਤੇ ਰੁਜ਼ਗਾਰ ਬਿਊਰੋ ਜ਼ਰੀਏ ਨੌਜਵਾਨ ਪ੍ਰਾਈਵੇਟ ਖੇਤਰ ਵਿੱਚ ਵੀ ਰੁਜ਼ਗਾਰ ਦੇ ਵੱਡੀ ਗਿਣਤੀ ਮੌਕੇ ਹਾਸਲ ਕਰ ਸਕਦੇ ਹਨ। ਉਨ੍ਹਾਂ ਨੇ ਵਿਦਆਰਥੀਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਫ਼ੌਜ ਅਤੇ ਪੁਲੀਸ ਵਿੱਚ ਭਰਤੀ ਲਈ ਫਿਜ਼ੀਕਲ ਟੈਸਟ ਦੀ ਤਿਆਰੀ ਕਰਵਾਉਣ ਲਈ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।ਇਹਨਾਂ ਮੁਫ਼ਤ ਕੋਚਿੰਗ ਕਲਾਸਾਂ ਲਈ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਜਸਵੰਤ ਸਿੰਘ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 13 ਮਈ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਪਲੇਸਮੈਂਟ ਕੈਂਪ ਵਿੱਚ ਮਿਡਲੈਂਡ ਮਾਈਕਰੋਫਿਨ ਲਿਮ. ਕੰਪਨੀ ਵਲੋਂ ਭਾਗ ਲਿਆ ਜਾਣਾ ਹੈ। ਇਸ ਕੰਪਨੀ ਨੂੰ ਘੱਟੋ-ਘੱਟ 12ਵੀਂ ਪਾਸ ਮੁੰਡੇ-ਕੁੜੀਆਂ ਦੀ ਜ਼ਰੂਰਤ ਹੈ ਅਤੇ ਘੱਟੋ-ਘੱਟ ਉਮਰ 21 ਤੋਂ 29 ਸਾਲ ਤੱਕ ਹੋਣੀ ਚਾਹੀਦੀ ਹੈ। ਜੋ ਵੀ ਨੌਜਵਾਨ ਇਸ ਮੌਕੇ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਆਪਣੇ ਅਸਲ ਦਸਤਾਵੇਜ਼ ਅਤੇ ਉਨ੍ਹਾਂ ਦੀਆਂ ਫੋਟੋ ਕਾਪੀਆਂ ਲੈ ਕੇ ਠੀਕ 10 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਹਿਗੜ੍ਹ ਵਿਖੇ ਹਾਜ਼ਰ ਹੋਣ। ਇਸ ਪਲੇਸਮੈਂਟ ਕੈਂਪ ਵਿੱਚ ਵੀਵੋ ਮੋਬਾਈਲਜ਼ ਕੰਪਨੀ ਵੀ ਭਾਗ ਲੈ ਰਹੀ ਹੈ। ਇਸ ਕੈਂਪ ਵਿੱਚ 24 ਸਾਲ ਤੱਕ ਦੇ ਮੁੰਡੇ ਹੀ ਸੱਦੇ ਗਏ ਹਨ, ਜਿਨ੍ਹਾਂ ਦੀ ਵਿਦਿਅਕ ਯੋਗਤਾ ਬੀ.ਟੈਕ ਅਤੇ ਐਮ.ਬੀ.ਏ. ਹੈ। ਇਸ ਕੰਪਨੀ ਵਿੱਚ ਭਾਗ ਲੈਣ ਲਈ ਇਸ ਲਿੰਕ https://docs.google.com/forms/d/e/1FAIpQLSdPi4RvTnMK5CVCUHZC-BGMnKiuPKOmsEeFd2wsuz0cxLo8yg/viewform 'ਤੇ ਨਾਮ ਦਰਜ ਕੀਤਾ ਜਾਵੇ।ਇਸ ਤੋਂ ਇਲਾਵਾ ਜਿਹੜੇ ਨੌਜਵਾਨਾਂ ਨੇ ਆਪਣਾ ਨਾਮ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਿੱਚ ਦਰਜ ਨਹੀਂ ਕਰਵਾਇਆ ਉਹ ਵੀ ਆਪਣਾ ਨਾਮ ਮੌਕੇ 'ਤੇ ਦਰਜ ਕਰਵਾ ਸਕਦੇ ਹਨ ਤਾਂ ਜੋ ਬਿਊਰੋ ਵਲੋਂ ਦਿੱਤੇ ਜਾਂਦੇ ਲਾਭ ਸਮੇਂ ਸਿਰ ਮਿਲ ਸਕਣ ਅਤੇ ਬਿਊਰੋ ਵਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਦੀ ਜਾਣਕਾਰੀ ਮਿਲਦੀ ਰਹੇ।