You are here

ਪੰਜਾਬ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਤਹਿਤ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ

ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਵਲੋਂ ਸਵੈ ਰੋਜ਼ਗਾਰ ਕਰਨ ਦੇ ਇੱਛਕਾਂ ਦੇ 13 ਕੇਸ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਨੂੰ ਭੇਜੇ

-  ਪੰਜਾਬ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਤਹਿਤ ਬੇਰੁਜ਼ਗਾਰ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਬਿਨਾਂ ਕਿਸੇ ਗਰੰਟੀ ਤੋਂ 07 ਫ਼ੀਸਦੀ ਤੇ ਕਰਜ਼ਾ

ਮਾਲੇਰਕੋਟਲਾ 06 ਮਈ  (ਰਣਜੀਤ ਸਿੱਧਵਾਂ)   :   ਦੀਨ-ਦਿਆਲ ਅੰਤੋਦਿਆ ਯੋਜਨਾ-ਕੌਮੀ ਸ਼ਹਿਰੀ ਆਜੀਵਿਕਾ ਮਿਸ਼ਨ ਤਹਿਤ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਆਪਣਾ ਰੋਜ਼ਗਾਰ ਸ਼ੁਰੂ ਕਰਨ ਅਤੇ ਆਰਥਿਕ ਤੌਰ 'ਤੇ ਸੁਤੰਤਰ ਹੋਣ ਲਈ ਪ੍ਰੇਰਿਤ ਕਰਨ ਲਈ ਅੱਜ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ ਕਾਰਜ ਸਾਧਕ ਅਫ਼ਸਰ ਮਾਲੇਰਕੋਟਲਾ ਸ੍ਰੀ ਵਿਕਾਸ ਉੱਪਲ ਦੀ ਪ੍ਰਧਾਨਗੀ ਵਿੱਚ ਹੋਈ । ਇਸ ਮੌਕੇ ਲੀਡ ਬੈਂਕ ਦੇ ਮੈਂਨੇਜਰ ਸ੍ਰੀ ਪੀ.ਕੇ.ਚੋਪੜਾ, ਸਿਟੀ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਸ਼ਹਿਨਾਜ਼ ਅਖ਼ਤਰ,ਪੰਜਾਬ ਨੈਸ਼ਨਲ ਬੈਂਕ ਦੇ ਬ੍ਰਾਂਚ ਮੈਨੇਜਰ ਸ੍ਰੀ ਹਸਨ ਅਲੀ ,ਪੰਜਾਬ ਐਂਡ ਸਿੰਧ ਬੈਂਕ ਤੋਂ ਸ੍ਰੀ ਗੁਰਜਿੰਦਰ ਸਿੰਘ  ਅਤੇ  ਜ਼ਿਲ੍ਹਾ ਮੈਨੇਜਰ ਸ੍ਰੀ ਮੁਹੰਮਦ ਸ਼ਾਹਿਦ ਤੋਂ ਇਲਾਵਾ ਹੋਰ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਦੇ ਮੈਂਬਰ ਮੌਜੂਦ ਸਨ । ਇਸ ਮੌਕੇ ਸਿਟੀ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਸ਼ਹਿਨਾਜ਼ ਅਖ਼ਤਰ ਨੇ ਨੌਜਵਾਨਾਂ ਨੂੰ ਆਰਥਿਕ ਤੌਰ 'ਤੇ ਸੁਤੰਤਰ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪੰਜਾਬ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਤਹਿਤ ਸਵੈ ਸਹਾਇਤਾ ਗਰੁੱਪ ਜਾਂ ਹੋਰ ਸ਼ਹਿਰੀ ਗ਼ਰੀਬ ਬੇਰੁਜ਼ਗਾਰ ਵਿਅਕਤੀ ਜੋ ਆਪਣਾ ਕੰਮ ਕਾਰ ਸ਼ੁਰੂ ਕਰਨਾ ਚਾਹੁੰਦਾ ਹੈ ਜਾ ਆਪਣੇ ਮੌਜੂਦਾ ਕੰਮ ਵਿੱਚ ਵਾਧਾ ਕਰਨਾ ਚਾਹੁੰਦਾ ਹੈ , ਉਸ ਚਾਹਵਾਨ ਵਿਅਕਤੀ ਨੂੰ ਇਸ ਸਕੀਮ ਤਹਿਤ 10 ਹਜ਼ਾਰ ਰੁਪਏ ਤੋਂ ਲੈ ਕੇ 02 ਲੱਖ ਰੁਪਏ ਤੱਕ ਦਾ ਵਿੱਤੀ ਕਰਜ਼ਾ 07 ਫ਼ੀਸਦੀ ਵਿਆਜ ਦਰ ਤੇ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਸਕੀਮ ਤਹਿਤ ਬਿਨਾਂ ਕਿਸੇ ਗਰੰਟੀ ਤੋਂ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਵੱਖ-ਵੱਖ ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰਾਂ ਅਤੇ  ਆਪਣਾ ਰੋਜ਼ਗਾਰ ਸ਼ੁਰੂ ਕਰਨ ਦੇ ਇੱਛਕ ਬੇਰੁਜ਼ਗਾਰ ਗ਼ਰੀਬ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਨਗਰ ਕੌਂਸਲ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ । ਸਿਟੀ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਸ਼ਹਿਨਾਜ਼ ਅਖ਼ਤਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਵਲੋਂ ਸਵੈ ਰੋਜ਼ਗਾਰ ਕਰਨ ਦੇ 13 ਇੱਛੁਕਾਂ ਦੇ ਕੇਸ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਨੂੰ ਉਨ੍ਹਾਂ ਦੀਆਂ ਬੈਂਕਿੰਗ ਉਪਚਾਰਿਕਤਾਵਾਂ ਮੁਕੰਮਲ ਕਰਨ ਉਪਰੰਤ ਲੋਨ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਲਈ ਭੇਜ ਦਿੱਤੇ ਗਏ ਹਨ। ਜਿਨ੍ਹਾਂ ਨੂੰ ਜਲਦ ਹੀ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਵਿੱਤੀ ਸਹਾਇਤਾ ਪ੍ਰਾਪਤ ਹੋ ਜਾਵੇਗੀ । ਸਿਟੀ ਮਿਸ਼ਨ ਮੈਨੇਜਰ ਸ੍ਰੀ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਪੰਜਾਬ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਤਹਿਤ ਵੱਖ ਵੱਖ ਸਕੀਮਾਂ ਦਾ ਲਾਭ ਲੈਣ ਲਈ ਜ਼ਿਲ੍ਹੇ ਦੇ ਬੇਰੁਜ਼ਗਾਰ ਆਪਣਾ ਕੰਮ ਸ਼ੁਰੂ ਕਰਨ ਲਈ ਲਈ ਨੋਡਲ ਅਫ਼ਸਰ ਡੇ-ਨੂਲਮ ( ਨਗਰ ਕੌਸ਼ਲ ਮਾਲੇਰਕੋਟਲਾ) ਸ੍ਰੀਮਤੀ ਸ਼ਹਿਨਾਜ਼ ਅਖ਼ਤਰ, ਨੋਡਲ ਅਫ਼ਸਰ ਡੇ ਨੂਲਮ (ਨਗਰ ਕੌਂਸਲ ਅਹਿਮਦਗੜ੍ਹ) ਸ੍ਰੀ ਇਫਤਿਖਾਰ ਅਹਿਮਦ, ਨੋਡਲ ਅਫ਼ਸਰ ਡੇ ਨੂਲਮ (ਨਗਰ ਪੰਚਾਇਤ ਅਮਰਗੜ੍ਹ) ਸ੍ਰੀ ਵਰਿੰਦਰ ਕੁਮਾਰ ਨਾਲ ਸੰਪਰਕ ਕਰ ਕੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹਨ।