ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਤੇ ਸਾਹਿਤਕ ਸਫ਼ਰ ਦੀ ਸਾਂਝ
ਜੋਬਨ ਰੁੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾ।
ਜੋਬਨ ਰੁੱਤੇ ਆਸ਼ਿਕ ਮਰਦੇ ਜਾਂ ਕੋਈ ਕਰਮਾਂ ਵਾਲਾ।
ਉਪਰੋਕਤ ਸਤਰਾਂ ਤੁਸੀਂ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਪੜ੍ਹੀਆਂ ਜਾਂ ਸੁਣੀਆਂ ਹੋਣਗੀਆਂ। ਇਹਨਾਂ ਸਤਰਾਂ ਨੂੰ ਲਿਖਣ ਵਾਲ਼ਾ ਖ਼ੁਦ ਆਪਣੀਆਂ ਲਿਖੀਆਂ ਸਤਰਾਂ ਨਾਲ਼ ਵਫਾ ਨਿਭਾਉਂਦਿਆਂ ਸੱਚੀਂ ਜੋਬਨ ਰੁੱਤੇ 6 ਮਈ 1973 ਨੂੰ ਇਸ ਦੁਨੀਆਂ ਤੋਂ ਆਪਣੇ ਚਾਹੁਣ ਵਾਲਿਆਂ ਨੂੰ ਹਮੇਸ਼ਾ ਲਈ "ਅਲਵਿਦਾ" ਕਹਿ ਗਿਆ ਸੀ।
ਭਲਾ ਇਸ ਤਰ੍ਹਾਂ ਵੀ ਕੋਈ ਅਲਵਿਦਾ ਕਹਿੰਦਾਂ ਹੁੰਦਾ ?
ਹਾਂ ਸਾਡੇ ਕੋਲ਼ ਇੱਕ ਨਾਂ ਹੈ ਅਜਿਹਾ ਜਿਸ ਨੇ ਇੰਝ ਅਲਵਿਦਾ ਕਹਿਣ ਤੋਂ ਪਹਿਲਾਂ ਸਾਹਿਤਕ ਖੇਤਰ ਵਿੱਚ ਬਿਰਹਾ ਦੇ ਕਵੀ ਦੇ ਤੌਰ ਤੇ ਆਪਣੀ ਬਹੁਤ ਵੱਡੀ ਪਹਿਚਾਣ ਬਣਾਈ।
ਬਿਰਹਾ ਦਾ ਕਵੀ ਸ਼ਬਦ ਸੁਣਦਿਆਂ ਉਮੀਦ ਕਰਦੇ ਹਾਂ ਕਿ ਤੁਹਾਡੇ ਖਿਆਲ ਸ਼ਿਵ ਕੁਮਾਰ ਬਟਾਲਵੀ ਦਾ ਨਾਂ ਹੁਣ ਜ਼ਰੂਰ ਆ ਚੁੱਕਾ ਹੋਵੇਗਾ।
ਸ਼ਿਵ ਕੁਮਾਰ ਦੇ ਦੁੱਖਾਂ ਦੀ ਗੱਲ ਕਰਦਿਆਂ ਸੰਤ ਸਿੰਘ ਸੇਖੋਂ ਲਿਖਦੇ ਹਨ ਕਿ “ਸ਼ਿਵ ਕੁਮਾਰ ਦੇ ਦੁੱਖ ਉਥੋਂ ਸ਼ੁਰੂ ਹੁੰਦੇ ਹਨ, ਜਿਥੋਂ ਜੌਹਨ ਕੀਟਸ ਦੇ ਖਤਮ ਹੁੰਦੇ ਹਨ।
ਆਓ ਅੱਜ ਪੰਜਾਬੀ ਦੇ ਜੌਹਨ ਕੀਟਸ, ਬਿਰਹਾ ਦੇ ਕਵੀ ਨੂੰ ਯਾਦ ਕਰਦਿਆਂ ਉਹਦੀ ਜ਼ਿੰਦਗੀ ਤੇ ਸਾਹਿਤਕ ਸਫ਼ਰ ਨਾਲ਼ ਆਪਾਂ ਸਾਂਝ ਬਣਾਈਏ।
ਜਨਮ ਤੇ ਪਰਿਵਾਰ:- ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 (ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੁਸਤਕਾਂ ਮੁਤਾਬਕ 8 ਅਕਤੂਬਰ 1937ਈ.) ਨੂੰ ਜੰਮੂ-ਕਸ਼ਮੀਰ ਦੀ ਹੱਦ ਨਾਲ਼ ਲੱਗਦੇ 'ਸ਼ਕਰਗੜ੍ਹ' ਤਹਿਸੀਲ ਦੇ ਬੜਾ ਪਿੰਡ ਲੋਹਟੀਆਂ (ਅੱਜਕਲ ਪਾਕਿਸਤਾਨ) ਵਿੱਚ ਹੋਇਆ ਸੀ। ਦੇਸ ਦੀ ਵੰਡ ਤੋਂ ਪਹਿਲਾਂ ਇਹ ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਪਿੰਡ ਸੀ। ਉਸ ਦੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ, ਮਾਲ ਮਹਿਕਮੇ ਵਿਚ ਪਹਿਲਾਂ ਪਟਵਾਰੀ ਰਹੇ, ਬਾਅਦ ਵਿਚ ਕਾਨੂੰਗੋ ਅਤੇ ਸੇਵਾਮੁਕਤੀ ਵੇਲੇ ਪਟਵਾਰ ਸਕੂਲ ਬਟਾਲਾ ਦੇ ਪ੍ਰਿੰਸੀਪਲ ਸਨ। ਉਸ ਦੀ ਮਾਤਾ ਸ਼ਾਂਤੀ ਦੇਵੀ ਦੀ ਆਵਾਜ਼ ਬਹੁਤ ਸੁਰੀਲੀ ਸੀ, ਉਹੀ ਸੁਰੀਲਾਪਣ ਸ਼ਿਵ ਦੀ ਆਵਾਜ਼ ਵਿਚ ਵੀ ਸੀ।
ਪੜ੍ਹਾਈ ਤੇ ਰੁਜ਼ਗਾਰ ਦਾ ਸਫ਼ਰ:- ਸ਼ਿਵ ਕੁਮਾਰ ਨੇ ਮੁੱਢਲੀ ਪੜ੍ਹਾਈ ਬੜਾ ਪਿੰਡ 'ਲੋਹਤੀਆਂ' ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ। ਸੰਨ 1953 ਵਿਚ ਸ਼ਿਵ ਨੇ 'ਸਾਲਵੇਸ਼ਨ ਆਰਮੀ ਹਾਈ ਸਕੂਲ' ਬਟਾਲਾ ਤੋਂ ਦਸਵੀਂ ਪਾਸ ਕੀਤੀ। ਉਸ ਦੇ ਪਿਤਾ ਉਸ ਨੂੰ ਚੰਗਾ ਪੜ੍ਹਾ-ਲਿਖਾ ਕੇ ਉਚ ਵਿੱਦਿਆ ਦਿਵਾ ਕੇ ਇਕ ਕਾਰੋਬਾਰੀ ਵਿਅਕਤੀ ਬਣਾਉਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਨਿਰਾਸ਼ਾ ਹੀ ਮਿਲ਼ੀ ਕਿਉਂਕਿ ਦਸਵੀਂ ਤੋਂ ਬਾਅਦ ਅਗਲੇ ਦੋ ਸਾਲ ਦੌਰਾਨ ਬਿਨਾਂ ਕਿਸੇ ਡਿਗਰੀ ਪ੍ਰਾਪਤ ਕਰਨ ਦੇ ਉਸ ਨੇ ਤਿੰਨ ਵਾਰੀ ਕਾਲਜ ਬਦਲੇ। ਪਹਿਲਾਂ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿਚ ਐਫ਼.ਐਸ.ਸੀ. ਵਿਚ ਦਾਖ਼ਲਾ ਲਿਆ ਅਤੇ ਇਮਤਿਹਾਨਾਂ ਤੋਂ ਪਹਿਲਾਂ ਹੀ ਛੱਡ ਦਿਤਾ। ਫਿਰ ਨਾਭੇ ਜਾ ਕੇ ਸਰਕਾਰੀ ਰਿਪੂਦਮਨ ਕਾਲਜ ਵਿਚ ਦਾਖ਼ਲ ਹੋਇਆ, ਪਰ ਕੁੱਝ ਹੀ ਮਹੀਨਿਆਂ ਪਿੱਛੋਂ ਮੁੜ ਆਇਆ ਅਤੇ ਆਰਟਸ ਵਿਸ਼ਿਆਂ ਨਾਲ ਸਿੱਖ ਨੈਸ਼ਨਲ ਕਾਲਜ, ਕਾਦੀਆਂ ਵਿਚ ਦਾਖ਼ਲਾ ਲੈ ਲਿਆ। ਉਥੇ ਵੀ ਇਮਤਿਹਾਨ ਨਾ ਦਿੱਤਾ ਅਤੇ ਸਾਲ ਬਾਅਦ ਇਹ ਕਾਲਜ ਛੱਡ ਕੇ ਬੈਜਨਾਥ ਜ਼ਿਲ੍ਹਾ ਕਾਂਗੜਾ ਦੇ ਇਕ ਸਕੂਲ ਵਿਚ ਓਵਰਸੀਅਰ ਦੇ ਕੋਰਸ ਵਿਚ ਦਾਖ਼ਲਾ ਲੈ ਲਿਆ। ਫਿਰ ਪਿਤਾ ਕ੍ਰਿਸ਼ਨ ਗੋਪਾਲ ਨੇ ਪੁੱਤਰ ਸ਼ਿਵ ਕੁਮਾਰ ਨੂੰ ਪਟਵਾਰੀ ਲਵਾ ਦਿਤਾ ਪਰ 1961 ਵਿਚ ਉਸ ਨੇ ਇਸ ਨੌਕਰੀ ਤੋਂ ਵੀ ਅਸਤੀਫ਼ਾ ਦੇ ਦਿਤਾ ਅਤੇ 1966 ਤਕ ਬੇਰੁਜ਼ਗਾਰ ਹੀ ਰਿਹਾ। ਪਿਤਾ ਕੋਲੋਂ ਉਹ ਕੋਈ ਖ਼ਰਚਾ ਨਹੀਂ ਸੀ ਲੈਂਦਾ। ਇਸ ਲਈ ਇਸ ਸਮੇਂ ਦੌਰਾਨ ਉਹ ਕਦੀ ਕਦਾਈਂ ਕਵੀ ਦਰਬਾਰਾਂ ਵਿਚ ਅਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫਲ ਜਾਂ ਕੁੱਝ ਛਪ ਚੁਕੀਆਂ ਕਿਤਾਬਾਂ ਦੀ ਨਿਗੂਣੀ ਜਿਹੀ ਰਾਇਲਟੀ 'ਤੇ ਹੀ ਗੁਜ਼ਾਰਾ ਕਰਦਾ ਸੀ। ਕਈ-ਕਈ ਦਿਨ ਉਹ ਦੋਸਤਾਂ-ਯਾਰਾਂ ਦੇ ਘਰੀਂ ਹੀ ਰਹਿੰਦਾ। ਆਖ਼ਰ 1966 ਵਿਚ ਰੋਜ਼ੀ-ਰੋਟੀ ਦੇ ਉਪਰਾਲੇ ਵਜੋਂ ਉਸ ਨੇ 'ਸਟੇਟ ਬੈਂਕ ਆਫ਼ ਇੰਡੀਆ' ਦੀ ਬਟਾਲਾ ਬ੍ਰਾਂਚ ਵਿਚ ਕਲਰਕ ਦੀ ਨੌਕਰੀ ਲੈ ਲਈ।
ਵਿਆਹ ਤੇ ਔਲ਼ਾਦ:- 5 ਫਰਵਰੀ 1967 ਨੂੰ ਉਸਦੀ ਸ਼ਾਦੀ ਅਰੁਣਾ ਨਾਲ਼ ਹੋਈ, ਉਨ੍ਹਾਂ ਦੇ ਦੋ ਬੱਚੇ ਮਿਹਰਬਾਨ ਬਟਾਲਵੀ ਤੇ ਪੂਜਾ ਬੇਟੀ ਹੋਏ। ਅਗਲੇ ਸਾਲ ਉਸਦੀ ਬਦਲੀ ਚੰਡੀਗੜ੍ਹ ਹੋ ਗਈ। ਇਸੇ ਸਾਲ ਹੀ ਸ਼ਿਵ ਨੂੰ ਉਸਦੀ ਸ਼ਾਹਕਾਰ ਕਾਵਿ ਨਾਟਕ ਰਚਨਾ "ਲੂਣਾ" ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਸਭ ਤੋਂ ਛੋਟੀ ਉਮਰੇ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਸ਼ਿਵ ਕੁਮਾਰ ਬਟਾਲਵੀ ਦੇ ਹਿੱਸੇ ਹੀ ਆਇਆ।
ਇਸ ਕਾਵਿ ਨਾਟਕ ਵਿੱਚ ਕਵੀ ਨੇ ਪਹਿਲੀ ਵਾਰ ਲੂਣਾ ਨੂੰ ਨਿਰਦੋਸ਼ ਸਾਬਤ ਕਰਨ ਦਾ ਸਫਲ ਯਤਨ ਕੀਤਾ।
“ਪੰਜਾਬੀ ਕਵੀਆਂ ਵਿਚੋਂ ਸ਼ਿਵ ਨੂੰ ਸਭ ਤੋਂ ਵੱਧ ਗਾਇਆ ਗਿਆ ਹੈ। ਮੁਹੰਮਦ ਰਫੀ, ਮਹਿੰਦਰ ਕਪੂਰ, ਜਗਜੀਤ ਸਿੰਘ, ਹੰਸ ਰਾਜ ਹੰਸ, ਜਗਜੀਤ ਜੀਰਵੀ, ਸ਼ਿੰਗਾਰਾ ਚਾਹਲ, ਆਸ਼ਾ ਭੌਂਸਲੇ, ਪੁਸ਼ਪਾ ਹੰਸ, ਸੁਰਿੰਦਰ ਕੌਰ ਗਾਇਕਾਂ ਨੇ ਗਾਇਆ ਹੈ। ਬਲਵੰਤ ਗਾਰਗੀ ਦੇ ਨਾਟਕ ਗਗਨ ਮਹਿ ਥਾਲ ਦੇ ਗੀਤ ਵੀ ਸ਼ਿਵ ਨੇ ਗੁਰੂ ਨਾਨਕ ਸ਼ਤਾਬਦੀ ਮੌਕੇ ਲਿਖੇ।
ਉਸ ਦੇ ਜਮਾਤੀ ਸ: ਭੁਪਿੰਦਰ ਸਿੰਘ ਮਾਨ ਅਤੇ ਡਾ: ਮ. ਸ. ਬਾਜਵਾ ਦੱਸਦੇ ਨੇ ਕਿ ਸ਼ਿਵ ਕੁਮਾਰ ਦੀ ਜ਼ਿੰਦਗੀ ਦਾ ਹਰ ਵਰਕਾ ਰਵਾਇਤੀ ਬੰਧਨਾਂ ਤੋਂ ਮੁਕਤ ਸੀ। ਉਹ ਰਿਸ਼ਤਿਆਂ ਨਾਤਿਆਂ ਅਤੇ ਸੰਬੰਧਾਂ ਦੀ ਪਾਕੀਜ਼ਗੀ ਤੋਂ ਵਾਕਿਫ ਹੁੰਦਾ ਹੋਇਆ ਵੀ ਸਾਰੇ ਬੰਧਨ ਤੋੜ ਦਿੰਦਾ। ਉਹ ਰਾਵੀ ਦਾ ਪੁੱਤਰ ਸੀ । ਉਸ ਨੂੰ ਦਰਿਆ ਦੇ ਅੱਥਰੇ ਵੇਗ ਦੀ ਗੁੜ੍ਹਤੀ ਸੀ।
ਸ਼ਿਵ ਬਾਰੇ ਗੱਲ ਕਰਦਿਆਂ ਹਰਭਜਨ ਬਾਜਵਾ ਦੱਸਦੇ ਹਨ ਕਿ ਜਦ ਕਵੀ ਦਰਬਾਰ ਲਗਦਾ ਤਾਂ ਸ਼ਿਵ ਕੁਮਾਰ ਨੂੰ ਉਦੋਂ ਹੀ ਕਵਿਤਾ ਬੋਲਣ ਲਈ ਆਖਿਆ ਜਾਂਦਾ ਜਦ ਕਵੀ ਦਰਬਾਰ ਸਮਾਪਤ ਹੋਣਾ ਹੋਵੇ, ਕਿਉਂਕਿ ਜੇਕਰ ਸ਼ਿਵ ਪਹਿਲਾਂ ਕਵਿਤਾ ਸੁਣਾ ਦਿੰਦਾ ਤਾਂ ਬਾਅਦ ਵਿੱਚ ਚਾਹੇ ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ ਕਵਿਤਾ ਗਾਉਣ ਪਰ ਸ਼ਿਵ ਦੀ ਕਵਿਤਾ ਅੱਗੇ ਉਨ੍ਹਾਂ ਦਾ ਰੰਗ ਫਿੱਕਾ ਪੈ ਜਾਂਦਾ। ਸ਼ਿਵ ਕੁਮਾਰ ਦੀ ਕਵੀ ਦਰਬਾਰ 'ਚ ਸਰਦਾਰੀ ਹੁੰਦੀ ਸੀ।
ਸਾਹਿਤਕ ਰਚਨਾਵਾਂ:- ਪੀੜਾ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ,ਮੈਨੂੰ ਵਿਦਾ ਕਰੋ,ਦਰਦਮੰਦਾਂ ਦੀਆਂ ਆਹੀਂ,ਬਿਰਹਾ ਤੂੰ ਸੁਲਤਾਨ,ਲੂਣਾ, ਮੈਂ ਤੇ ਮੈਨੂੰ, ਆਰਤੀ,ਬਿਰਹੜਾ ਆਦਿ ਉਸ ਦੀਆਂ ਮਹੱਤਵਪੂਰਨ ਕਾਵਿ ਪੁਸਤਕਾਂ ਹਨ। ਅਲਵਿਦਾ ਅਤੇ ਅਸਾਂ ਤਾਂ ਜੋਬਨ ਰੁੱਤੇ ਮਰਨਾ ਉਸ ਦੇ ਸੰਪਾਦਿਤ ਕਾਵਿ-ਸੰਗ੍ਰਹਿ ਹਨ।
ਸ਼ਿਵ ਦੀ ਗੱਲ ਕਰਦਿਆਂ ਉਹਦੇ ਲਿਖੇ ਰੇਖਾ ਚਿੱਤਰਾਂ ਬਾਰੇ ਵੀ ਸਾਂਝ ਬਣਾਉਣੀ ਜ਼ਰੂਰੀ ਹੈ। ਸ਼ਿਵ ਸ.ਸ. ਮੀਸ਼ਾ ਨੂੰ ਚਿਤਰਦਿਆਂ ਉਸ ਦੇ ਮੁਹਾਂਦਰੇ ਨੂੰ "ਮੀਸਣੀ ਮੁਸਕਾਨ" ਦਾ ਨਾਂ ਦਿੰਦਾ ਹੈ। ਅਜੀਤ ਕੌਰ ਨੂੰ "ਉਦਾਸ ਲਾਲਟੈਣ" ਦੱਸਦਾ ਹੈ ਅਤੇ ਮੋਹਨ ਭੰਡਾਰੀ ਨੂੰ ਬਹੁਤਾ ਗਰੀਬੜਾ ਜਿਹਾ ਪੇਸ਼ ਕਰਦਿਆਂ ਉਸ ਨੂੰ "ਫੁਲਬਹਿਰੀ ਵਾਲੇ ਹੱਥ" ਆਖਦਾ ਹੈ। ਸੱਜਣ ਦੱਸਦੇ ਨੇ ਕਿ ਸ਼ਿਵ ਕੁਮਾਰ ਨੂੰ ਭੰਡਾਰੀ ਵਾਲੇ ਰੇਖਾ ਚਿੱਤਰ ਬਾਰੇ ਆਖਰੀ ਵੇਲੇ ਤੀਕ ਪਛਤਾਵਾ ਰਿਹਾ ਕਿ ਮੈਂ ਉਸ ਨਾਲ ਧੱਕਾ ਕੀਤਾ ਹੈ।
1972 ‘ਚ ਉਹ ਡਾ.ਗੋਪਾਲਪੁਰ ਤੇ ਸ਼੍ਰੀਮਤੀ ਕੈਲਾਸ਼ਪੁਰੀ ਦੇ ਸੱਦੇ ‘ਤੇ ਸ਼ਿਵ ਇੰਗਲੈਂਡ ਗਿਆ। ਜਦੋਂ ਉਹ ਇੰਗਲੈਂਡ ਪਹੁੰਚਿਆ ਤਾਂ ਉਸ ਦੀ ਆਮਦ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੀ। ਉਸ ਦੇ ਮਾਣ 'ਚ ਸਥਾਨਕ ਪੰਜਾਬੀ ਲੇਖਕਾਂ ਅਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਕਈ ਪਾਰਟੀਆਂ ਦਿੱਤੀਆਂ ਗਈਆਂ। ਇੰਗਲੈਂਡ 'ਚ ਉਸ ਦੀਆਂ ਗਤੀਵਿਧੀਆਂ ਭਾਰਤੀ ਮੀਡੀਆ ਅਤੇ ਬੀ.ਬੀ.ਸੀ. ਦੀਆਂ ਖ਼ਬਰਾਂ ਵੀ ਬਣਦੀਆਂ ਰਹੀਆਂ।
ਜਦੋਂ ਸ਼ਿਵ ਇੰਗਲੈਂਡ ਤੋਂ ਸਤੰਬਰ 1972 'ਚ ਵਾਪਸ ਆਇਆ, ਉਸ ਦੀ ਸਿਹਤ ਵਿਗੜਦੀ ਚਲੀ ਗਈ। ਇੰਗਲੈਂਡ ਵਾਪਸੀ ਤੋਂ ਕੁੱਝ ਮਹੀਨਿਆਂ ਬਾਅਦ ਹੀ ਉਸ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ।ਅਖੀਰ 6 ਮਈ 1973 ਨੂੰ ਇਹ ਬਿਰਹਾ ਦਾ ਕਵੀ ਹਮੇਸ਼ਾਂ ਲਈ ਆਪਣੇ ਚਾਹੁਣ ਵਾਲਿਆਂ ਨੂੰ ਵਿਦਾ ਕਹਿ ਗਿਆ।
ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)