You are here

ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਜਗਰਾਉਂ ਵਿਖੇ ਵਿਕਾਸ ਕਾਰਜਾਂ ਤੇ ਸਮੱਸਿਆਵਾਂ ਸੰਬੰਧੀ ਮੀਟਿੰਗ

ਜਗਰਾਉਂ  (ਰਣਜੀਤ ਸਿੱਧਵਾਂ)   :   ਸ੍ਰੀਮਤੀ ਸੁਰਭੀ ਮਲਿਕ ਆਈਏਐੱਸ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਜਗਰਾਉਂ ਵਿਖੇ ਵਿਕਾਸ ਕਾਰਜਾਂ ਅਤੇ ਸਮੱਸਿਆਵਾਂ ਬਾਰੇ ਮੀਟਿੰਗ ਕੀਤੀ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਐੱਸਐੱਸਪੀ ਦੀਪਕ ਹਿਲੋਰੀ, ਡਾ. ਨਯਨ ਜੱਸਲ   ਵਧੀਕ ਡਿਪਟੀ ਕਮਿਸ਼ਨਰ ਜਗਰਾਉਂ, ਐੱਸਡੀਐੱਮ ਵਿਕਾਸ ਹੀਰਾ, ਡੀਐੱਸਪੀ ਦਲਜੀਤ ਸਿੰਘ, ਤਹਿਸੀਲਦਾਰ ਮਨਮੋਹਣ ਕੁਮਾਰ, ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ । ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੁਰਭੀ ਮਲਿਕ ਆਈਏਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਰਾਣੇ ਸਿਵਲ ਹਸਪਤਾਲ ਵਿੱਚ ਲਾਲਾ ਲਾਜਪਤ ਰਾਏ ਕਮਿਊਨਿਟੀ ਸੈਂਟਰ ਬਣਾਇਆ ਜਾ ਰਿਹਾ ਹੈ ਜਿਸ ਲਈ 1 ਕਰੋੜ 58 ਲੱਖ ਰੁਪਏ ਦੀ ਗਰਾਂਟ ਜਾਰੀ ਹੋ ਚੁੱਕੀ ਹੈ ਅਤੇ ਜਲਦੀ ਹੀ ਕਮਿਊਨਿਟੀ ਸੈਂਟਰ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਕਮਿਊਨਿਟੀ ਸੈਂਟਰ ਦਾ ਕੰਮ ਪੀ.ਡਬਲਯੂ.ਡੀ ਮਹਿਕਮੇ ਨੂੰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਮਹਿਕਮੇ ਦੇ ਅਧਿਕਾਰੀਆਂ ਨੂੰ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ । ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਲੁਧਿਆਣਾ ਤੋਂ ਤਲਵੰਡੀ ਭਾਈ ਤੱਕ ਬਣੇ ਮੁੱਖ ਮਾਰਗ ਤੇ ਜਗਰਾਉਂ ਵਿੱਚ ਸਰਵਿਸ ਰੋਡ ਤੇ ਖੜ੍ਹਦੇ ਪਾਣੀ ਦੀ ਸਮੱਸਿਆ ਸਬੰਧੀ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਨੂੰ ਜਲਦੀ ਸਮੱਸਿਆ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਦਾਣਾ ਮੰਡੀ ਜਗਰਾਉਂ, ਕਮਲ ਚੌਕ ਜਗਰਾਉਂ ਅਤੇ ਸ਼ਹਿਰ ਦੇ ਹੋਰ ਨੀਵੀਆਂ ਥਾਵਾਂ ਤੇ ਬਾਰਿਸ਼ ਦੇ ਖੜ੍ਹਦੇ ਪਾਣੀ ਦੀ ਸਮੱਸਿਆ ਦਾ ਕਾਰਜ ਸਾਧਕ ਅਫ਼ਸਰ ਜਗਰਾਉਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ । ਇਸ ਮੌਕੇ ਉਨ੍ਹਾਂ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਨਾਨਕਸਰ ਡਰੇਨ ਦੀ ਸਫਾਈ ਕਰਨ ਦੀ ਹਦਾਇਤ ਕੀਤੀ ਤਾਂ ਜੋ ਜਗਰਾਉਂ ਸ਼ਹਿਰ ਵਿੱਚ ਬਾਰਸਾਂ ਦੇ ਖੜ੍ਹਦੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਸਕੇ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਜਗਰਾਉਂ ਵਿੱਚ ਹਾਇਰ ਐਜੂਕੇਸ਼ਨ ਲਾਇਬਰੇਰੀ ਬਣਾਉਣ, ਡਾ. ਬੀ.ਆਰ ਅੰਬੇਦਕਰ ਚੌਂਕ ਬਣਾਉਣ, ਸ਼ਹੀਦ ਭਗਤ ਸਿੰਘ ਕਮਿਊਨਿਟੀ ਸੈਂਟਰ ਵਿੱਚ ਬੈਡਮਿੰਟਨ ਟਰੈਕ ਬਣਾਉਣ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਅਤੇ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਸ ਸਬੰਧੀ ਉਨ੍ਹਾਂ ਨੂੰ ਜਾਣੂੰ ਕਰਵਾਇਆ ਜਾਵੇ ਤਾਂ ਜੋ ਉਕਤ ਕੰਮ ਸਮੇਂ ਸਿਰ ਨੇਪਰੇ ਚਾੜ੍ਹੇ ਜਾ ਸਕਣ । ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦਾ ਜਗਰਾਉਂ ਆਉਣ ਤੇ ਧੰਨਵਾਦ ਕੀਤਾ ਅਤੇ ਜਗਰਾਉਂ ਦੀਆਂ ਸਮੱਸਿਆਵਾਂ ਸਬੰਧੀ ਜਾਣੂੰ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਪਹਿਲੇ ਮਹੀਨੇ ਉਨ੍ਹਾਂ ਨੇ ਜਗਰਾਉਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਸੀ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਜੀਵਨ ਵਾਸਤੀ ਅਤੇ ਰਾਮਪੁਰਾ ਮੁਹੱਲਾ ਵਿਚ ਖਡ਼੍ਹਦੇ ਗੰਦੇ ਪਾਣੀ ਬਾਰੇ ਵੀ ਜਾਣੂੰ ਕਰਵਾਇਆ, ਜਿਸ ਤੇ ਡੀ.ਸੀ ਸਾਹਿਬ ਨੇ ਤੁਰੰਤ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਕੇ ਗੰਦੇ ਪਾਣੀ ਦੀ ਸਮੱਸਿਆ ਦਾ ਤੁਰੰਤ ਹੱਲ ਕਰਨ ਲਈ ਕਿਹਾ ਅਤੇ ਕਾਰਜ ਸਾਧਕ ਅਫ਼ਸਰ ਨੂੰ ਮਲੇਰੀਏ ਦੀ ਰੋਕਥਾਮ ਲਈ ਸਪਰੇਅ ਕਰਵਾਉਣ ਦੇ ਨਿਰਦੇਸ਼ ਦਿੱਤੇ । ਇਸ ਮੌਕੇ ਵਿਧਾਇਕਾ ਬੀਬੀ ਮਾਣੂੰਕੇ ਨੇ ਅਬੋਹਰ ਬਰਾਂਚ ਤੇ ਅਖਾੜਾ ਪੁਲ ਅਤੇ ਡੱਲਾ ਪੁਲ ਦੀ ਸਥਿਤੀ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਇਨ੍ਹਾਂ ਪੁਲਾਂ ਦੀ ਹਾਲਤ ਬਹੁਤ ਖਸਤਾ ਹੈ ਅਤੇ ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਜਿਸ ਤੇ ਡੀ ਸੀ ਸਾਹਿਬ ਨੇ ਪੀ.ਡਬਲਯੂ.ਡੀ ਮਹਿਕਮੇ ਦੇ ਅਧਿਕਾਰੀਆਂ ਨੂੰ ਪੁਲਾਂ ਦਾ ਐਸਟੀਮੇਟ ਬਣਾ ਕੇ ਭੇਜਣ ਲਈ ਕਿਹਾ ਅਤੇ ਗਰਾਂਟ ਆਉਣ ਤੇ ਜਲਦੀ ਇਹ ਕੰਮ ਨੇਪਰੇ ਚਾੜ੍ਹਿਆ ਜਾਵੇ ਅਖੀਰ ਵਿੱਚ ਡਾ. ਨਯਨ ਜੱਸਲ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਹੋਰ ਅਧਿਕਾਰੀਆਂ ਦਾ ਧੰਨਵਾਦ ਕੀਤਾ   ।