ਹਠੂਰ,4 ਅਪ੍ਰੈਲ-(ਕੌਸ਼ਲ ਮੱਲ੍ਹਾ)-ਅੱਜ ਕਣਕ ਦੀ ਖਰੀਦ ਸੁਰੂ ਹੋਈ ਨੂੰ ਪੰਜ ਦਿਨ ਬੀਤ ਚੁੱਕੇ ਹਨ ਪਰ ਅੱਜ ਤੱਕ ਅਨਾਜ ਮੰਡੀਆਂ ਦੀ ਸਫਾਈ ਨਹੀ ਹੋਈ।ਜਦਕਿ ਇਨ੍ਹਾ ਮੰਡੀਆ ਦੀ ਸਫਾਈ ਅੱਜ ਤੋ ਛੇ ਦਿਨ ਪਹਿਲਾ ਹੋਣੀ ਚਾਹੀਦੀ ਸੀ।ਇਸ ਸਬੰਧੀ ਅੱਜ ਪੱਤਰਕਾਰਾ ਦੀ ਟੀਮ ਨੇ ਇਲਾਕੇ ਦੇ ਪਿੰਡਾ ਦੀਆ ਮੰਡੀਆਂ ਦਾ ਦੌਰਾ ਕੀਤਾ ਤਾਂ ਅਨੇਕਾ ਮੰਡੀਆਂ ਵਿਚ ਕਿਸਾਨ ਆਪਣੀ ਸਰੋ ਦੀ ਫਸਲ ਕੱਢ ਰਹੇ ਸਨ ਅਤੇ ਵੱਡੀ ਮਾਤਰਾ ਵਿਚ ਗੋਹੇ ਦੀਆਂ ਪਾਥੀਆਂ ਤੋ ਇਲਾਵਾ ਘਾਹ ਫੂਸ ਦਿਖਾਈ ਦੇ ਰਿਹਾ ਸੀ,ਅਨੇਕਾ ਅਨਾਜ ਮੰਡੀਆ ਵਿਚ ਬਿਜਲੀ ਦਾ ਕੁਨੈਕਸਨ ਵੀ ਨਹੀ ਸੀ ਜੋੜਿਆ ਅਤੇ ਬਿਜਲੀ ਦੇ ਮੀਟਰਾ ਵਾਲੇ ਬਕਸੇ ਖਾਲੀ ਪਏ ਹਨ।ਇਸ ਸਬੰਧੀ ਇੱਕ ਆੜ੍ਹਤੀਏ ਨੇ ਆਪਣਾ ਨਾਮ ਗੁਪਤ ਰੱਖਣ ਦੀ ਸਰਤ ਤੇ ਪੰਜਾਬ ਸਰਕਾਰ ਤੇ ਰੋਸ ਜਾਹਰ ਕਰਦਿਆ ਕਿਹਾ ਕਿ ਕਾਨੂੰਨ ਅਨੁਸਾਰ ਇੱਕ ਅਪ੍ਰੈਲ ਤੋ ਪੂਰੇ ਪੰਜਾਬ ਵਿਚ ਕਣਕ ਦੀ ਖਰੀਦ ਸੁਰੂ ਹੋ ਚੁੱਕੀ ਹੈ ਪਰ ਸਬੰਧਿਤ ਮਾਰਕੀਟ ਕਮੇਟੀ ਵਾਲਿਆ ਨੇ ਕਿਸੇ ਵੀ ਅਨਾਜ ਮੰਡੀ ਦੀ ਸਫਾਈ ਨਹੀ ਕਰਵਾਈ।ਉਨ੍ਹਾ ਕਿਹਾ ਕਿ ਮੰਡੀ ਵਿਚ ਚਾਹ,ਪਾਣੀ ਪਿਆਉਣ ਵਾਲੇ ਅਤੇ ਪਰਚੀ ਕੱਟਣ ਵਾਲੇ ਕਰਮਚਾਰੀਆਂ ਦੀ ਇੱਕ ਅਪ੍ਰੈਲ ਤੋ ਤਨਖਾਹ ਲਾਗੂ ਹੋ ਚੁੱਕੀ ਹੈ ਪਰ ਅਜੇ ਤੱਕ ਕੋਈ ਵੀ ਕਰਮਚਾਰੀ ਅਨਾਜ ਮੰਡੀ ਵਿਚ ਨਹੀ ਆਇਆ।ਉਨ੍ਹਾ ਕਿਹਾ ਕਿ ਜੇਕਰ ਅੱਜ ਕਿਸਾਨ ਮੰਡੀਆ ਵਿਚ ਕਣਕ ਲੈ ਆਉਣ ਤਾਂ ਕਣਕ ਦੀ ਫਸਲ ਕਿਥੇ ਰੱਖੀ ਜਾਵੇਗੀ।ਉਨ੍ਹਾ ਕਿਹਾ ਕਿ ਅਸਲ ਵਿਚ ਮਾਰਕੀਟ ਕਮੇਟੀ ਵਾਲਿਆ ਦੀ ਜਿਮੇਵਾਰੀ ਹੁੰਦੀ ਹੈ ਕਿ ਅਨਾਜ ਮੰਡੀ ਦੀ ਸਫਾਈ 31 ਮਾਰਚ ਤੱਕ ਕੀਤੀ ਜਾਵੇ ਪਰ ਮਜਬੂਰ ਹੋ ਕੇ ਇਸ ਸਫਾਈ ਦਾ ਕੰਮ ਸਾਨੂੰ ਆੜ੍ਹਤੀਆ ਨੂੰ ਆਪਣੇ ਖਰਚੇ ਤੇ ਖੁਦ ਕਰਨਾ ਪੈਦਾ ਹੈ ਕਿਉਕਿ ਜੇਕਰ ਸਾਡਾ ਕੋਈ ਵੀ ਗਾਹਕ ਕਣਕ ਨੂੰ ਅੱਜ ਮੰਡੀ ਵਿਚ ਲਿਆਉਦਾ ਹੈ ਤਾਂ ਉਸ ਦੀ ਫਸਲ ਨੂੰ ਸਾਭਣਾ ਸਾਡਾ ਫਰਜ ਹੈ ਅਤੇ ਇਸੇ ਤਰ੍ਹਾ ਸਾਨੂੰ ਹਰ ਸੀਜਨ ਦੌਰਾਨ ਆੜ੍ਹਤੀਆਂ ਨੂੰ ਅਨਾਜ ਮੰਡੀ ਦੀ ਸਫਾਈ ਦਾ ਕੰਮ ਖੁਦ ਕਰਵਾਉਣਾ ਪੈਦਾ ਹੈ।ਇਸ ਸਬੰਧੀ ਜਦੋ ਮਾਰਕੀਟ ਕਮੇਟੀ ਹਠੂਰ ਦੇ ਸੈਕਟਰੀ ਸੁਭਾਸ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਆਪਣਾ ਫੋਨ ਨਹੀ ਚੱਕਿਆ।
ਫੋਟੋ ਕੈਪਸਨ:-ਪਿੰਡ ਲੱਖਾ ਦੀ ਅਨਾਜ ਮੰਡੀ ਵਿਚ ਪਈ ਸਰ੍ਹੋ ਦੀ ਫਸਲ