ਲੰਡਨ, ਜੁਲਾਈ 2019 --(ਗਿਆਨੀ ਅਮਰੀਕ ਸਿੰਘ ਰਾਠੌਰ)- ਚੈਰਿਟੀ ਕਮਿਸ਼ਨ ਯੂ.ਕੇ. ਵਲੋਂ ਸਿੱਖ ਯੂਥ ਯੂ.ਕੇ. ਨਾਮ ਦੀ ਸਮਾਜ ਸੇਵੀ ਸੰਸਥਾ ਖਿਲਾਫ਼ ਫੰਡਾਂ ਦੇ ਲੈਣ ਦੇਣ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ | ਸਿੱਖ ਯੂਥ ਯੂ.ਕੇ. ਭਾਵੇਂ ਚੈਰਿਟੀ ਕਮਿਸ਼ਨ ਨਾਲ ਰਜਿਸਟਰਡ ਨਹੀਂ ਹੈ ਪਰ ਚੈਰਿਟੀ ਫੰਡ ਹੋਣ ਕਰਕੇ ਕਮਿਸ਼ਨ ਦੇ ਕਾਨੂੰਨੀ ਦਾਇਰੇ 'ਚ ਆਉਂਦਾ ਹੈ | ਚੈਰਿਟੀ ਕਮਿਸ਼ਨ ਵਲੋਂ ਜਾਰੀ ਪ੍ਰੈਸ ਦੇ ਨਾਮ ਬਿਆਨ 'ਚ ਕਿਹਾ ਗਿਆ ਹੈ ਕਿ ਅਕਤੂਬਰ 2018 'ਚ ਵੈਸਟ ਮਿਡਲੈਂਡ ਪੁਲਿਸ ਵਲੋਂ ਚੈਰਿਟੀ ਫੰਡ ਨੂੰ ਲੈ ਕੇ ਸੂਚਿਤ ਕੀਤਾ ਗਿਆ ਸੀ | ਚੈਰਿਟੀ ਕਮਿਸ਼ਨ ਕੋਲ ਚੈਰਿਟੀ ਐਕਟ 2011 ਦੀ ਧਾਰਾ 52 ਤਹਿਤ ਬੈਂਕ ਦੀਆਂ ਸਟੇਟਮਿੰਟਸ ਦੀਆਂ ਕਾਪੀਆਂ ਪ੍ਰਾਪਤ ਕਰਨ ਦਾ ਅਧਿਕਾਰ ਹੈ | ਕਮਿਸ਼ਨ ਵਲੋਂ 15 ਨਵੰਬਰ 2018 ਨੂੰ ਜਾਂਚ ਸ਼ੁਰੂ ਕੀਤੀ ਗਈ ਸੀ | ਇਹ ਜਾਂਚ ਚੈਰਿਟੀ ਦੇ ਫੰਡਾਂ ਦੇ ਲੈਣ-ਦੇਣ, ਟਰੱਸਟੀਆਂ ਦੇ ਨਿੱਜੀ ਲਾਭ ਆਦਿ ਬਾਰੇ ਕੀਤੀ ਜਾ ਰਹੀ ਹੈ ਪਰ ਚੈਰਿਟੀ ਕਮਿਸ਼ਨ ਅਨੁਸਾਰ ਜਾਂਚ ਪੂਰੀ ਹੋਣ 'ਤੇ ਹੀ ਜਾਣਕਾਰੀ ਜਨਤਕ ਕੀਤੀ ਜਾਵੇਗੀ |