ਕਿਹਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਾਂਗੇ
ਮੁੱਲਾਂਪੁਰ ਦਾਖਾ,30 ਮਾਰਚ (ਸਤਵਿੰਦਰ ਸਿੰਘ ਗਿੱਲ) ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਨਗਰ ਕੌਂਸਲ ਮੁੱਲਾਂਪੁਰ ਦੀ ਅੱਜ ਪਲੇਠੀ ਮੀਟਿੰਗ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ ਦੀ ਅਗਵਾਈ ਵਿਚ ਹੋਈ ਜਿਸ ਵਿੱਚ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਜਿੱਥੇ ਕਾਂਗਰਸ ਪੱਖੀ ਨਗਰ ਕੌਂਸਲ ਦੇ ਸਮੁੱਚੇ ਕੌਂਸਲਰਾਂ ਅਤੇ ਪ੍ਰਧਾਨ ਤੇਲੂ ਰਾਮ ਬਾਂਸਲ ਵੱਲੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਹਲਕਾ ਦਾਖਾ ਤੋਂ ਲਾਮਿਸਾਲ ਜਿੱਤ ਹਾਸਲ ਕਰਨ ਤੇ ਵਧਾਈ ਦਿੰਦੇ ਹੋਏ ਸਨਮਾਨਤ ਕੀਤਾ ਉਥੇ ਸ਼ਹਿਰ ਦੇ ਵਿਕਾਸ ਲਈ ਸਹਿਯੋਗ ਦੀ ਮੰਗ ਕੀਤੀ। ਮੀਟਿੰਗ ਦੌਰਾਨ ਵਿਧਾਇਕ ਇਯਾਲੀ ਨੇ ਨਗਰ ਕੌਂਸਲ ਵੱਲੋਂ ਪਿਛਲੇ ਸਮੇਂ ਦੌਰਾਨ ਸ਼ਹਿਰ ਅੰਦਰ ਕਰਵਾਏ ਗਏ ਵਿਕਾਸ ਕੰਮਾਂ ਅਤੇ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਨੂੰ ਵਿਕਾਸ ਕੰਮਾਂ ਦੀ ਕੁਆਲਿਟੀ ਚੈੱਕ ਕਰਨਾ ਸਬੰਧੀ ਨਿਰਦੇਸ਼ ਵੀ ਦਿੱਤੇ। ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਮੀਟਿੰਗ ਸਮੇਂ ਹਾਜ਼ਰ ਸਮੂਹ ਕੌਂਸਲਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਸ਼ਹਿਰ ਦੇ ਵਿਕਾਸ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸ਼ਹਿਰ ਦੇ ਵਿਕਾਸ ਲਈ ਗ੍ਰਾਂਟਾਂ ਲਿਆ ਕੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਕਾਂਗਰਸੀ ਆਗੂ ਵੱਲੋਂ ਬਗੈਰ ਯੋਜਨਾ ਬੰਦੀ ਦੇ ਚੱਲਦੇ ਸਰਕਾਰੀ ਪੈਸੇ ਦੀ ਵੱਡੀ ਪੱਧਰ ਤੇ ਦੁਰਵਰਤੋਂ ਕੀਤੀ ਗਈ ਜਿਸ ਕਾਰਨ ਅੱਜ ਲੋਕ ਸਰਕਾਰੀ ਫੰਡ ਖ਼ਰਚ ਕਰਕੇ ਹੋਏ ਵਿਕਾਸ ਦੀ ਬਜਾਏ ਵਿਨਾਸ਼ ਨੂੰ ਝੱਲਣ ਲਈ ਮਜਬੂਰ ਹਨ। ਵਿਧਾਇਕ ਇਯਾਲੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਅੰਦਰ ਸ਼ਹਿਰ ਵਿੱਚ ਹੋਣ ਵਾਲੇ ਵਿਕਾਸ ਕੰਮਾਂ ਨੂੰ ਪੂਰੀ ਯੋਜਨਾ ਬੱਧ ਢੰਗ ਨਾਲ ਨੀਤੀ ਬਣਾ ਕੇ ਨੇਪਰੇ ਚਾੜ੍ਹਿਆ ਜਾਵੇਗਾ ਤਾਂ ਜੋ ਸ਼ਹਿਰ ਦੇ ਲੋਕਾਂ ਨੂੰ ਆਉਣ ਵਾਲੇ ਲੰਮੇ ਸਮੇਂ ਤੱਕ ਚੰਗੀਆਂ ਸਹੂਲਤਾਂ ਦਿੱਤੀਆਂ ਜਾ ਸਕਣ।