ਨਵੰਬਰ 2021 ਚ ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਸਿੱਖਾਂ ਖ਼ਿਲਾਫ਼ ਕੀਤੀ ਸੀ ਬੇਤੁਕੀ ਬਿਆਨਬਾਜ਼ੀ
ਬਰਤਾਨੀਆ ਦੀਆਂ ਬਹੁਗਿਣਤੀ ਸਿੱਖ ਸੰਸਥਾਵਾਂ ਅਤੇ ਸਿੱਖ ਕਰ ਰਹੇ ਹਨ ਬਰਤਾਨੀਆਂ ਦੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੀ ਬਰਖਾਸਤਗੀ ਦੀ ਮੰਗ
ਲੰਡਨ, 25 ਮਾਰਚ ( ਖਹਿਰਾ )-ਬਰਤਾਨੀਆਂ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵਲੋਂ ਪਿਛਲੇ ਸਾਲ ਅਮਰੀਕਾ ਵਿਚ ਸਿੱਖਾਂ ਬਾਰੇ ਕੀਤੀ ਗਲਤ ਬਿਆਨਬਾਜ਼ੀ ਦਾ ਮਾਮਲਾ ਹੁਣ ਬਰਤਾਨੀਆਂ ਦੀ ਸੰਸਦ ਤੱਕ ਵੀ ਪਹੁੰਚ ਗਿਆ ਹੈ । ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਨਵੰਬਰ 2021 'ਚ ਅਮਰੀਕੀ ਸਮਾਗਮ ਦੌਰਾਨ ਅੱਤਵਾਦ ਦੇ ਵਿਸ਼ੇ 'ਤੇ ਬੋਲਦਿਆਂ ਸਿੱਖ ਭਾਈਚਾਰੇ ਬਾਰੇ ਦਿੱਤੇ ਭੜਕਾਊ ਬਿਆਨ ਬਾਰੇ ਬੋਲਦਿਆਂ ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਉਕਤ ਮਾਮਲੇ 'ਚ ਸਿੱਖਾਂ ਨੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਤੋਂ ਗ੍ਰਹਿ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕਰਦੇ 200 ਤੋਂ ਵੱਧ ਬਰਤਾਨਵੀ ਸਿੱਖ ਸੰਸਥਾਵਾਂ ਨੇ ਪੱਤਰ ਲਿਖਿਆ ਸੀ ਜਿਸ ਦਾ ਕੋਈ ਜਵਾਬ ਨਹੀਂ ਦਿੱਤਾ । ਐਮ.ਪੀ. ਢੇਸੀ ਨੇ ਸਪੀਕਰ ਲਿੰਡਸੇਅ ਹੋਲੇ ਨੂੰ ਪੁੱਛਿਆ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਲੋਂ ਇਕ ਬਿਆਨ ਜਾਰੀ ਕਰਨ ਨੂੰ ਯਕੀਨੀ ਬਣਾਉਣ ਲਈ ਉਹ ਕੀ ਕਰ ਸਕਦੇ ਹਨ? ਜਿਸ ਦੇ ਜਵਾਬ ਵਿਚ ਸਪੀਕਰ ਨੇ ਕਿਹਾ ਕਿ ਭਾਵੇਂ ਇਹ ਮਮਲਾ ਉਨ੍ਹਾਂ ਦੇ ਅਧੀਨ ਦਾ ਨਹੀਂ ਹੈ ਪਰ ਉਨ੍ਹਾਂ ਵਲੋਂ ਵਰਤੀ ਗਈ ਭਾਸ਼ਾ ਬਾਰੇ ਚਿੰਤਾ ਪ੍ਰਗਟ ਕੀਤੀ । ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਜੇ ਫਿਰ ਵੀ ਜਵਾਬ ਨਾ ਦਿੱਤਾ ਤਾਂ ਮੈਨੂੰ ਪਤਾ ਹੈ ਕਿ ਐਮ ਪੀ ਢੇਸੀ ਖਹਿੜਾ ਨਹੀਂ ਛੱਡਣਗੇ । ਜਿੱਥੇ ਤਨਮਨਜੀਤ ਸਿੰਘ ਢੇਸੀ ਨੇ ਇਕ ਵਧੀਆ ਸਟੈੱਪ ਲੈਂਦਿਆਂ ਡੈਮੋਕਰੇਟ ਤਰੀਕੇ ਦੇ ਨਾਲ ਇਸ ਗੱਲ ਨੂੰ ਬਰਤਾਨੀਆ ਬਰਤਾਨੀਆ ਦੀ ਪਾਰਲੀਮੈਂਟ ਵਿੱਚ ਸਪੀਕਰ ਦੇ ਸਾਹਮਣੇ ਰੱਖਿਆ ਉਹ ਇਕ ਸ਼ਲਾਘਾਯੋਗ ਉਪਰਾਲਾ ਹੈ । ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸਮੁੱਚੇ ਬਰਤਾਨੀਆ ਵਿਚ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦਾ ਸਿੱਖਾਂ ਪ੍ਰਤੀ ਰਵੱਈਆ ਸਿੱਖ ਖੇਮਿਆਂ ਦੇ ਵਿੱਚ ਬਹੁਤ ਹੀ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਬਹੁਤਾਤ ਸਿੱਖ ਗ੍ਰਹਿ ਮੰਤਰੀ ਦੀ ਬਰਖਾਸਤੀ ਦੀ ਮੰਗ ਕਰ ਰਹੇ ਹਨ ।