ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਤੇ ਬੈਠਣ ਵਾਲੇ ਦੇਵ ਸਰਾਭੇ ਦਾ ਫੋਨ ਵੀ ਚੋਰੀ ਕਰਕੇ ਲੈ ਗਏ ਚੋਰ : ਕੁਲਜੀਤ ਸਰਾਭਾ
ਮੁੱਲਾਂਪੁਰ ਦਾਖਾ 21 ਮਾਰਚ ( ਸਤਵਿੰਦਰ ਸਿੰਘ ਗਿੱਲ)-ਫਰੰਗੀਆਂ ਤੋਂ ਦੇਸ਼ ਦੀ ਗੁਲਾਮੀ ਵਾਲਾ ਜੂਲ਼ਾ ਗਲੋਂ ਲਾਹੁਣ ਲਈ ਆਪਾ ਨਿਛਾਵਰ ਕਰਨ ਵਾਲੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਦਾ ਮੁੱਖ ਚੌਕ, 29 ਦਿਨਾਂ ਤੋਂ ਖਬਰਾਂ ਦੀਆਂ ਸੁਰਖੀਆਂ ‘ਚ ਹੈ। ਸ੍ਰ: ਬਲਦੇਵ ਸਿੰਘ ‘ਦੇਵ ਸਰਾਭਾ’ ਆਪਣੇ ਬਦਲਵੇਂ ਸਹਿਯੋਗੀਆਂ ਨਾਲ ਰੋਜਾਨਾ ਭੁੱਖ ਹੜਤਾਲ ‘ਤੇ ਬੈਠਦਾ ਹੈ। ਉਹ ਸ਼ਾਸ਼ਨ-ਪ੍ਰਸ਼ਾਸ਼ਨ ਅਤੇ ਉਨ੍ਹਾਂ ਧਿਰਾਂ ਦਾ ਧਿਆਨ ਖਿੱਚਣ ਲਈ ਬਜਿਦ ਤੇ ਜਤਨਸ਼ੀਲ ਹੈ, ਜੋ ਸਜਾਵਾਂ ਪੂਰੀਆਂ ਕਰ ਚੁੱਕੇ ‘ਬੰਦੀ ਸਿੰਘਾਂ’ ਦੀ ਰਿਹਾਈ ਲਈ ਧਿਰ ਬਣ ਕੇ ਸਹਾਈ ਹੋ ਸਕਣ। ਉਪ੍ਰੋਕਤ ਵਿਚਾਰਾਂ ਦਾ ਪ੍ਰਗਟਾਵਾ ਕੁਲਜੀਤ ਸਿੰਘ ਭੰਮਰਾ ਸਰਾਭਾ ਨੇ ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਕਿਹਾ ਮੈਨੂੰ ਇਹ ਮੰਨਣ ‘ਚ ਕੋਈ ਸੰਕੋਚ ਨਹੀਂ, ਕਿ ਸਾਡੇ ਲੋਕਾਂ ਨੂੰ ਘਰਦੇ ‘ਚ ਗੁਣ ਨਜ਼ਰ ਨਹੀਂ ਆਉਦੇ, ਪਰ ਔਗੁਣ ਝੱਟ ਘੜ੍ਹਕੇ ਮੜ੍ਹਨ ‘ਚ ਕਾਹਲ਼ ਕਰਦੇ ਨੇ। ਜਦੋਂ ਵੀ ਕੋਈ ਅਜਿਹਾ ਸੱਜਣ ਸਦੀਵੀ ਵਿਛੋੜਾ ਦੇ ਜਾਂਦਾ ਹੈ ਤਾਂ ਉਸਨੂੰ ਆਪਣਾ ਦੱਸਣ ‘ਚ ਇਕ-ਦੂਜੇ ਦੇ ਪੈਰ ਮਿੱਧਦੇ ਭੱਜੇ ਫਿਰਦਿਆਂ ਨੂੰ ਜੱਗ ਵੇਖਦਾ ਹੁੰਦਾ। ਸ੍ਰ: ਸਰਾਭਾ ਨੇ ਪੁੱਛਿਆ ਕਿ ਬੰਦੀ ਸਿੰਘਾਂ ਵਿਚੋਂ ਕਿਹੜਾ ਦੇਵ ਦੀ ਮਾਸੀ ਦੇ ਪੁੱਤ ਨੇ? ਇਹ ਤਾਂ ਮਾਨਵਤਾ ਵਾਲਾ ਫਰਜ਼ ਨਿਭਾਉਦਾ ਰੋਜ ਭੁੱਖ ਹੜਤਾਲ ‘ਤੇ ਬੈਠਦਾ ਹੈ, ਸਾਡੇ ਕੋਲ ਸਪੱਸ਼ਟ ਕਰ ਚੁੱਕਾ ਹੈ ਕਿ ਮੈਂ ਕੋਈ ਸਿਆਸੀ ਲਾਹਾ ਨਹੀਂ ਲੈਣਾ, ਜੇ ਸਿਅਸੀ ਲਾਹਾ ਹੀ ਲੈਣਾ ਹੁੰਦਾ ਤਾਂ ਕਿਸੇ ਸਰਕਾਰੀ ਦਫਤਰ ਜਾਂ ਮੰਤਰੀ ਦੇ ਦਰ ਸਾਹਮਣੇ ਬੈਠਦਾ। ਇਸ ਲਈ ਸਾਨੂੰ ਸਭਨਾ ਨੂੰ ਸਹਿਯੋਗੀ ਬਣ ਕੇ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਦੁੱਖ ਨਾਲ ਕਿਹਾ ਕਿ ਸਾਨੂੰ ਦੱਸਦਿਆਂ ਨੂੰ ਸ਼ਰਮ ਆਉਦੀ ਹੈ ਕਿ ਚਾਰ ਦਿਨ ਪਹਿਲਾਂ ‘ਦੇਵ’ ਦਾ ‘ਸੈਲ ਫੋਨ’ ਵੀ ਚੋਰੀ ਕੀਤਾ ਗਿਆ। ਜਿਸ ਵਿਚ ਉਸਦੀਆਂ ਨਿਧੜਕ ਟਿੱਪਣੀਆਂ ਦਾ ਰਿਕਾਰਡ ਮੌਜੂਦ ਸੀ। ਚੋਰੀ ਕਿਸਨੇ ਕੀਤੀ ਜਾਂ ਕਿਹੜੇ ਤਰੀਕੇ ਨਾਲ ਕਰਵਾਈ ਅਹਿਮ ਪਹਿਲੂ ਹੈ, ਦੂਜਾ ਪੁਲਿਸ ਪ੍ਰਸ਼ਾਸ਼ਨ ਹਰ ਪਹਿਲੂ ਤੋਂ ਪੜਤਾਲ ਕਰਕੇ ਫੋਨ ਚੋਰਾਂ ਨੂੰ ਕਾਨੂੰਨੀ ਸ਼ਕੰਜੇ ‘ਚ ਜਕੜੇ। ਉਨ੍ਹਾਂ ਕਿਹਾ ਸਮਝ ਨਹੀਂ ਆਉਦੀ ਕਿ ਪੁਲਿਸ ਨੇ ਅਜੇ ਤੱਕ ਕਲੋਜ਼ ਸਰਕਟ ਕੈਮਰਿਆਂ ਨੂੰ ਖਗਾਲਣਾ ਉਚਿੱਤ ਕਿਉਂ ਨਹੀਂ ਸਮਝਿਆ। ਹੋ ਸਕਦਾ ਕਿ ਉਨ੍ਹਾਂ ਦੀ ਪੈਰ ਨੱਪਣ ‘ਚ ਸਹਾਇਤਾ ਮਿਲ ਸਕੇ ਅਤੇ ਹੋ ਸਕਦਾ ਚੋਰਾਂ ਤੋਂ ਵੱਡੇ ਖੁਲਾਸੇ ਵੀ ਹੋ ਸਕਣ। ਅੱਜ ਦੀ ਭੁੱਖ ਹੜਤਾਲ ‘ਚ ਸਿੰਗਾਰਾ ਸਿੰਘ ਟੂਸੇ,ਬਲਦੇਵ ਸਿੰਘ ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ ,ਬਲਜਿੰਦਰ ਸਿੰਘ ਸਰਾਭਾ ,ਦੇਵ ਸਰਾਭਾ ਨਾਲ ਸਹਿਯੋਗੀ ਬਣ ਕੇ ਬੈਠੇ ਜਦਕਿ ਗੁਰਦੁਆਰਾ ਟਾਹਲੀਆਣਾ ਸਾਹਿਬ ਰਤਨ ਦੇ ਸੇਵਾਦਾਰ ਗੁਰਦੀਪ ਸਿੰਘ ਰਤਨ, ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਕੁਲਜੀਤ ਸਿੰਘ ਭੰਮਰਾ ਸਰਾਭਾ,ਕੈਪਟਨ ਰਾਮ ਲੋਕ ਸਿੰਘ ਸਰਾਭਾ,ਜਸਬੀਰ ਸਿੰਘ ਜੱਸਾ ਤਾਜਪੁਰ,ਗੁਰਵਿੰਦਰ ਸਿੰਘ ਟੂਸੇ,ਨਿਰਭੈ ਸਿੰਘ ਅੱਬੂਵਾਲ,ਸੁਖਪਾਲ ਸਿੰਘ ਸ਼ਹਿਜ਼ਾਦ,ਲੱਕੀ ਅੱਬੂਵਾਲ, ਸੁਖਦੇਵ ਸਿੰਘ ਸਰਾਭਾ, ਜਸਵਿੰਦਰ ਸਿੰਘ ਕਾਲਖ,ਗੁਰਵਿੰਦਰ ਸਿੰਘ ਟੂਸੇ, ਬਲੌਰ ਸਿੰਘ ਸਰਾਭਾ,ਜਸਪਾਲ ਸਿੰਘ ਸਰਾਭਾ, ਪ੍ਰਦੀਪ ਸਿੰਘ ਸਰਾਭਾ, ਹਰਦੀਪ ਸਿੰਘ ਸਰਾਭਾ,ਦਲਜੀਤ ਸਿੰਘ ਟੂਸੇ ਨੇ ਹਾਜ਼ਰੀ ਭਰੀ।