ਲੰਡਨ,ਜੁਲਾਈ 2019-(ਜਨ ਸ਼ਕਤੀ ਨਿਉਜ)- ਇੰਗਲੈਂਡ ਦੇ ਪਿ੍ੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਇਸ ਸਾਲ ਪਾਕਿਸਤਾਨ ਦੌਰੇ 'ਤੇ ਜਾਣਗੇ | ਕੇਨਸਿੰਗਟਨ ਪੈਲੇਸ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਦੌਰਾ ਬਿ੍ਟੇਨ ਦੇ ਵਿਦੇਸ਼ ਵਿਭਾਗ ਦੀ ਬੇਨਤੀ 'ਤੇ ਕੀਤਾ ਜਾਵੇਗਾ | ਜਿਓ ਨਿਊਜ਼ ਨੇ ਪੈਲੇਸ ਦੇ ਸਨਿੱਚਰਵਾਰ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਅੱਗੇ ਦੀ ਜਾਣਕਾਰੀ ਸਮਾ ਆਉਣ 'ਤੇ ਦਿੱਤੀ ਜਾਵੇਗੀ | ਪਿ੍ੰਸ ਵਿਲੀਅਮ ਤੇ ਕੇਟ ਦਾ ਇਹ ਦੌਰਾ 2006 ਦੇ ਬਾਅਦ ਬਿ੍ਟੇਨ ਦੇ ਸ਼ਾਹੀ ਪਰਿਵਾਰ ਦੇ ਕਿਸੇ ਮੈਂਬਰ ਦੁਆਰਾ ਪਾਕਿਸਤਾਨ ਦਾ ਪਹਿਲਾ ਅਧਿਕਾਰਕ ਦੌਰਾ ਹੋਵੇਗਾ | ਸਾਲ 2006 'ਚ ਪਿ੍ੰਸ ਚਾਰਲਸ ਅਤੇ ਕੈਮਿਲਾ ਨੇ ਪਾਕਿਸਤਾਨ ਦਾ ਦੌਰਾ ਕੀਤਾ ਸੀ | ਇਸ ਤੋਂ ਪਹਿਲਾਂ ਰਾਣੀ ਐਲਿਜਾਬੈੱਥ-2 ਨੇ 1997 ਅਤੇ 1961 ਅਤੇ ਮਰਹੂਮ ਰਾਜਕੁਮਾਰੀ ਡਾਇਨਾ ਨੇ 1991 'ਚ ਪਾਕਿਸਤਾਨ ਦਾ ਦੌਰਾ ਕੀਤਾ ਸੀ | ਇੰਗਲੈਂਡ 'ਚ ਪਾਕਿਸਤਾਨ ਦੇ ਹਾਈ ਕਮਿਸ਼ਨ ਮੁਹੰਮਦ ਨਫ਼ੀਸ ਜਕਾਰੀਆ ਨੇ ਇਸ ਐਲਾਨ ਦਾ ਸਵਾਗਤ ਕੀਤਾ ਹੈ | ਜਿਓ ਨਿਊਜ਼ ਨੇ ਜਕਾਰੀਆ ਦਾ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਅਤੇ ਜਨਤਾ ਸ਼ਾਹੀ ਪਰਿਵਾਰ ਦੇ ਦੌਰੇ ਦੇ ਐਲਾਨ ਦਾ ਸਵਾਗਤ ਕਰਦੀ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਜਨਤਾ ਰਾਣੀ ਦੇ ਦੌਰੇ ਨੂੰ ਅਜੇ ਵੀ ਯਾਦ ਕਰਦੀ ਹੈ ਅਤੇ ਆਗਾਮੀ ਯਾਤਰਾ ਇੰਗਲੈਂਡ ਦਾ ਪਾਕਿਸਤਾਨ ਦੇ ਨਾਲ ਰਿਸ਼ਤੇ ਪ੍ਰਤੀਬਿੰਬ ਮੰਨਦੀ ਹੈ | ਦੋਵਾਂ ਦੇਸ਼ਾਂ ਦੇ ਇਤਿਹਾਸਕ ਸਬੰਧ ਹਨ ਅਤੇ ਦੋਵੇਂ ਪੱਖ ਇਸ ਨੂੰ ਹੋਰ ਮਜਬੂਤ ਕਰਨ ਦੀ ਕਾਮਨਾ ਕਰਦੇ ਹਨ |