ਲਾਲ ਬਹਾਦਰ ਸ਼ਾਸਤਰੀ 9 ਜੂਨ 1964 ਤੋਂ 11 ਜਨਵਰੀ 1966 ਤੱਕ ਲੱਗਭਗ 18 ਮਹੀਨੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਰਹੇ। ਲਾਲ ਬਹਾਦਰ ਸ਼ਾਸਤਰੀ ਦਾ ਜਨਮ ਮੁਗਲਸਰਾਏ (ਹੁਣ ਪੰਡਿਤ ਦੀਨ ਦਿਆਲ ਉਪਾਧਿਆਏ), ਉੱਤਰ ਪ੍ਰਦੇਸ਼ ਵਿਖੇ 2 ਅਕਤੂਬਰ 1904 ਨੂੰ ਪਿਤਾ ਮੁੰਸ਼ੀ ਸ਼ਾਰਦਾ ਪ੍ਰਸ਼ਾਦ ਸ਼੍ਰੀਵਾਸਤਵ ਦੇ ਘਰ ਮਾਤਾ ਰਾਮ ਦੁਲਾਰੀ ਦੀ ਕੁੱਖੋਂ ਹੋਇਆ। 11 ਜਨਵਰੀ 1966 ਨੂੰ 61 ਸਾਲ ਦੀ ਉਮਰ ਵਿੱਚ ਤਾਸ਼ਕੰਦ, ਸੋਵੀਅਤ ਸੰਘ ਰੂਸ ਵਿਖੇ ਮੌਤ ਹੋਈ। ਉਹਨਾਂ ਦੇ ਜਨਮ ਦਿਨ ਨੂੰ ਸ਼ਾਸਤਰੀ ਜਯੰਤੀ ਅਤੇ ਉਹਨਾਂ ਦੀ ਮੌਤ ਵਾਲੇ ਦਿਨ ਨੂੰ ਸ਼ਾਸਤਰੀ ਸਮ੍ਰਿਤੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਸ਼ਾਸਤਰੀ ਜੀ ਨੇ ਕਾਸ਼ੀ ਵਿੱਦਿਆਪੀਠ ਤੋਂ ਸ਼ਾਸਤਰੀ ਦੀ ਉਪਾਧੀ ਪ੍ਰਾਪਤ ਕੀਤੀ। ਕਾਸ਼ੀ ਵਿੱਦਿਆਪੀਠ ਤੋਂ ਸ਼ਾਸਤਰੀ ਦੀ ਉਪਾਧੀ ਮਿਲਣ ਤੋਂ ਬਾਦ ਉਹਨਾਂ ਨੇ ਜਨਮ ਤੋਂ ਆਪਣੇ ਨਾਂ ਨਾਲ ਚੱਲਿਆ ਆ ਰਿਹਾ ਜਾਤੀਸੂਚਕ ਸ਼ਬਦ ਸ਼੍ਰੀਵਾਸਤਵ ਹਮੇਸ਼ਾਂ ਲਈ ਆਪਣੇ ਨਾਂ ਤੋਂ ਹਟਾ ਲਿਆ ਅਤੇ ਆਪਣੇ ਨਾਂ ਨਾਲ ਸ਼ਾਸਤਰੀ ਸ਼ਾਮਿਲ ਕਰ ਲਿਆ। ਸ਼ਾਸਤਰੀ ਜੀ ਦਾ ਵਿਆਹ 1928 ਵਿੱਚ ਮਿਰਜ਼ਾਪੁਰ ਨਿਵਾਸੀ ਗਣੇਸ਼ਪ੍ਰਸਾਦ ਦੀ ਪੁੱਤਰੀ ਲਲਿਤਾ ਨਾਲ ਹੋਇਆ ਅਤੇ ਉਹਨਾਂ ਦੇ 6 ਬੱਚੇ ਹੋਏ।
ਆਜ਼ਾਦੀ ਅੰਦੋਲਨ ਵਿੱਚ ਲਾਲ ਬਹਾਦਰ ਸ਼ਾਸਤਰੀ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ 1921 ਦੇ ਅਸਹਿਯੋਗ ਅੰਦੋਲਨ, 1930 ਦੇ ਦਾਂਡੀ ਮਾਰਚ ਅਤੇ 1942 ਦੇ ਭਾਰਤ ਛੱਡੋ ਅੰਦੋਲਨ ਵਿੱਚ ਮਹੱਤਵਪੂਰਨ ਭੂਮਿਕਾ ਰਹੀ। ਇਲਾਹਾਬਾਦ ਵਿੱਚ 9 ਅਗਸਤ 1942 ਨੂੰ ‘ਮਰੋ ਨਹੀਂ, ਮਾਰੋ‘ ਦਾ ਨਾਅਰਾ ਲਾਲ ਬਹਾਦਰ ਸ਼ਾਸਤਰੀ ਨੇ ਦਿੱਤਾ।
ਉਹਨਾਂ ਦੇ ਸ਼ਾਸਨਕਾਲ ਦੌਰਾਨ 1965 ਵਿੱਚ ਭਾਰਤ ਪਾਕਿਸਤਾਨ ਯੁੱਧ ਸ਼ੁਰੂ ਹੋ ਗਿਆ। ਇਸਤੋਂ ਤਿੰਨ ਸਾਲ ਪਹਿਲਾ ਚੀਨ ਤੋਂ ਭਾਰਤ ਯੁੱਧ ਹਾਰ ਚੁੱਕਿਆ ਸੀ। ਲਾਲ ਬਹਾਦਰ ਸ਼ਾਸਤਰੀ ਦੀ ਅਗਵਾਈ ਵਿੱਚ ਪਾਕਿਸਤਾਨ ਤੋਂ ਭਾਰਤ ਯੁੱਧ ਜਿੱਤਿਆ। ਤਾਸ਼ਕੰਦ ਵਿੱਚ ਪਾਕਿਸਤਾਨ ਦੇ ਪ੍ਰਧਾਨਮੰਤਰੀ ਅਯੂਬ ਖਾਨ ਦੇ ਨਾਲ ਯੁੱਧ ਸਮਾਪਤ ਕਰਨ ਦੇ ਸਮਯੋਤੇ ਤੇ ਦਸਤਖਤ ਕਰਨ ਦੇ ਬਾਅਦ 11 ਜਨਵਰੀ 1966 ਦੀ ਰਾਤ ‘ਚ ਹੀ ਰਹੱਸਮਈ ਸਥਿਤੀਆਂ ਵਿੱਚ ਉਹਨਾਂ ਦੀ ਮੌਤ ਹੋ ਗਈ ਅਤੇ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਗਿਆ। ਸ਼ਾਸਤਰੀ ਜੀ ਦੀ ਮੌਤ ਸੰਬੰਧੀ ਵੱਖੋ ਵੱਖਰੀ ਰਾਵਾਂ ਹਨ ਜਿਹਨਾਂ ਵਿੱਚ ਉਹਨਾਂ ਦੀ ਮੌਤ ਦਾ ਕਾਰਨ ਹਾਰਟ ਅਟੈਕ ਨਾ ਹੋ ਕੇ ਸਾਜਿਸ਼ ਤਹਿਤ ਜ਼ਹਿਰ ਦੇਣਾ ਵੀ ਮੰਨਿਆ ਜਾਂਦਾ ਹੈ।
ਉਹਨਾਂ ਦੀ ਸਾਦਗੀ, ਦੇਸ ਭਗਤੀ ਅਤੇ ਇਮਾਨਦਾਰੀ ਲਈ ਉਹਨਾਂ ਨੂੰ ਮਰਨ ਤੋਂ ਬਾਅਦ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਗਿਆ।
ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)
ਈਮੇਲ – feedback.gobinder@gmail.com
ਜਨ ਸ਼ਕਤੀ