ਬੇਲੀ ਰਾਮ ਨੇ ਆਪਣੇ ਦੋਹਾਂ ਮੁੰਡਿਆਂ ਨੂੰ ਬੜੀ ਮਿਹਨਤ ਕਰਕੇ ਪੜਾਇਆ। ਭਾਵੇਂ ਉਸਦੀ ਪਤਨੀ ਇਸ ਦੁਨੀਆਂ ਛੱਡ ਗਈ ਸੀ ਪਰ ਉਸਨੇ ਆਪਣੇ ਮੁੰਡਿਆਂ ਨੂੰ ਮਾਂ-ਬਾਪ ਦੋਹਾਂ ਦਾ ਹੀ ਪਿਆਰ ਦਿੱਤਾ ਸੀ।ਦੋਵੇਂ ਹੀ ਮੁੰਡੇ ਪੜ੍ਹ-ਲਿਖ ਕੇ ਚੰਗੀਆਂ ਨੋਕਰੀਆਂ ਉੱਤੇ ਵੀ ਲੱਗ ਗਏ। ਦੋਵੇਂ ਹੀ ਮੁੰਡੇ ਵਿਆਹ ਕਰਵਾਉਣ ਤੋਂ ਬਾਅਦ ਪਿੰਡ ਵਿੱਚ ਬੇਲੀ ਰਾਮ ਨੂੰ ਇਕੱਲਾ ਛੱਡ ਕੇ ਸ਼ਹਿਰ ਵਿੱਚ ਰਹਿਣ ਲੱਗ ਪਏ। ਹੁਣ ਬੇਲੀ ਰਾਮ ਪਿੰਡ ਵਾਲੇ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ। ਮੁੰਡੇ ਕਦੇ -ਕਦਾਈਂ ਮਿਲਣ ਆ ਜਾਂਦੇ ਸਨ ਪਰ ਉਹਨਾਂ ਨੇ ਬੇਲੀ ਰਾਮ ਨੂੰ ਕਦੇ ਵੀ ਆਪਣੇ ਨਾਲ ਸ਼ਹਿਰ ਵਿੱਚ ਲਿਜਾਣ ਦੀ ਗੱਲ ਨਹੀਂ ਕੀਤੀ ਸੀ। ਬੇਲੀ ਰਾਮ ਨੂੰ ਇਸ ਉਮਰੇ ਇਕੱਲਾਪਣ ਬਹੁਤ ਸਤਾਉਂਦਾ ਸੀ ਪਰ ਉਹ ਕਰ ਕੁਝ ਵੀ ਨਹੀਂ ਸਕਦਾ ਸੀ। ਇੱਕ ਦਿਨ ਉਸਦਾ ਵੱਡਾ ਮੁੰਡਾ ਰਾਮ ਪ੍ਕਾਸ਼ ਉਸਨੂੰ ਮਿਲਣ ਲਈ ਆਇਆਂ ।
" ਪਾਪਾ ਜੀ ਮੱਥਾ ਟੇਕਦਾ ਹਾਂ । "
" ਪੁੱਤਰ ਪ੍ਰਮਾਤਮਾ ਤਰੱਕੀਆਂ ਬਖਸ਼ੇ। ਅੱਜ ਕਿਵੇਂ ਗਰੀਬ ਪਿਉ ਦੀ ਯਾਦ ਆ ਗਈ । "
" ਪਾਪਾ ਜੀ ਤੁਸੀਂ ਵੀ ਨਾ ਹਮੇਸ਼ਾ ਪੁੱਠੀਆਂ ਗੱਲਾਂ ਹੀ ਕਿਉਂ ਕਰਦੇ ਹੋ ? "
"ਚਲੋ ਕੋਈ ਨਾ ਤੁਸੀਂ ਦੱਸ ਦਿਉ ਕਿਵੇਂ ਆਉਣਾ ਹੋਇਆਂ ?"
"ਬਸ ਮੈਂ ਤਾਂ ਕੰਪਨੀ ਦੇ ਕੰਮ ਨਾਲ ਦੇ ਪਿੰਡ ਆਇਆਂ ਸੀ।ਮੈਂ ਸੋਚਿਆਂ ਚਲੋ ਤੁਹਾਨੂੰ ਵਧਾਈਆਂ ਹੀ ਦਿੰਦਾ ਜਾਵਾਂ । "
" ਵਧਾਈਆਂ......! ਵਧਾਈਆਂ ਪਰ ਕਾਹਦੀਆ।"
"ਤੁਹਾਡੇ ਪੋਤਾ ਜੋ ਹੋਇਆਂ ਹੈ। "
" ਪੋਤਾ........!" "ਹਾਂ ਜੀ ਪੋਤਾ ਸੁੱਖ ਨਾਲ ਅੱਜ ਸੱਤ ਮਹੀਨਿਆਂ ਦਾ ਹੋ ਗਿਆ ਹੈ। "
"ਤੁਹਾਨੂੰ ਵੀ ਵਧਾਈਆਂ ਬਈ। ਚਲੋ ਸੱਤ ਮਹੀਨਿਆਂ ਬਾਅਦ ਹੀ ਸਹੀ ,ਟਾਇਮ ਤਾਂ ਮਿਲਿਆ ਮੈਨੂੰ ਦੱਸਣ ਦਾ ।"
"ਪਾਪਾ ਜੀ ਤੁਸੀਂ ਵੀ ਨਾ ਬਸ। ਨਾਲੇ ਸੱਚ ਤੁਹਾਡੀ ਨੂੰਹ ਨੇ ਪੰਜ ਸੌ ਰੁਪਏ ਮਠਿਆਈ ਲਈ ਭੇਜੇ ਹਨ।ਆਹ ਲਵੋ ਪਾਸੇੇ ਤੇ ਮੂੰਹ ਮਿੱਠਾ ਕਰ ਲੈਣਾ । "
"ਪੁੱਤਰ ਮੂੰਹ ਮਿੱਠਾ ਤਾਂ ਮੈ ਕਰ ਹੀ ਲਵਾਂਗਾ। ਤੂੰ ਇਹ ਪੰਜ ਸੌ ਰੁਪਏ ਮੇਰੇ ਵੱਲੋਂ ਸ਼ਗਨ ਸਮਝ ਕੇ ਰੱਖ ਲੈ ।ਘਰ ਜਾ ਕੇ ਮੇਰੇ ਪੋਤੇ ਨੂੰ ਸ਼ਗਨ ਪਾ ਦੇਵੀਂ।ਨਾਲੇ ਹਾਂ ਯਾਦ ਨਾਲ ਮੇਰੀ ਨੂੰਹ ਨੂੰ ਵੀ ਦੱਸ ਦੇਵੀਂ। "
ਰਾਮ ਪ੍ਕਾਸ਼ ਗੱਲ ਬਦਲਣ ਦੀ ਕੋਸ਼ਿਸ਼ ਕਰਦਾ ਹੈ।
"ਪਾਪਾ ਜੀ ਤੁਹਾਡੀ ਮਾਨੋ ਬਿੱਲੀ ਕਿਤੇ ਦਿਖਾਈ ਨਹੀਂ ਦੇ ਰਹੀ। ਮਾਨੋ ਕਿੱਥੇ ਹੈ? "
"ਮਾਨੋ..... ਉਹ ਤਾਂ ਘਰ ਛੱਡ ਕੇ ਚਲੀ ਗਈ।"
"ਚਲੀ ਗਈ ਪਰ ਕਿਉਂ....? "
"ਪੁੱਤਰ ਆਹ ਜਿਹੜੇ ਦੋ ਬਲੂੰਗੜੇ ਹਨ। ਇਹ ਮਾਨੋ ਦੇ ਹੀ ਬਲੂੰਗੜੇ ਹਨ।"
"ਅੱਛਾ ਜੀ ਫ਼ੇਰ ਤਾਂ ਬੜੀ ਭੈੜੀ ਨਿਕਲੀ ਮਾਨੋ ਬੱਚੇ ਛੱਡ ਕੇ ਕਿਸੇ ਹੋਰ ਘਰੇ ਚਲੀ ਗਈ।ਇਹਨਾਂ ਨੂੰ ਦੁੱਧ ਕੌਣ ਪਿਆਉਣ । "
"ਨਹੀਂ ਪੁੱਤਰ ਤੂੰ ਗਲਤ ਸੋਚ ਰਿਹਾ ਹੈ। ਇਹਨਾਂ ਬੱਚਿਆਂ ਨੂੰ ਮਾਨੋ ਛੱਡ ਕੇ ਨਹੀਂ ਗਈ ਬਲਕਿ ਇਹਨਾਂ ਨੇ ਜਬਰਦਸਤੀ ਮਾਨੋ ਨੂੰ ਘਰੋਂ ਪੰਜੇ ਮਾਰ-ਮਾਰ ਕੇ ਭਜਾ ਦਿੱਤਾ ਹੈ। ਇਹ ਦੋਵੇਂ ਨਾ ਤਾਂ ਉਸਨੂੰ ਕੁਝ ਖਾਣ ਦਿੰਦੇ ਸੀ ਤੇ ਨਾ ਹੀ ਦੁੱਧ ਪੀਣ ਦਿੰਦੇ ਸਨ । ਬੇਚਾਰੀ ਭੁੱਖੀ ਮਰਦੀ ਹੋਰ ਕੀ ਕਰਦੀ ,ਇਹਨਾਂ ਕੋਲੋਂ ਡਰਦੀ ਘਰ ਛੱਡ ਗਈ। ਮੈਂਨੂੰ ਲੱਗਦਾ ਹੈ ਇਹਨਾਂ ਬਲੂੰਗੜਿਆ ਨੂੰ ਵੀ ਇਸ ਘਰ ਦੀ ਹਵਾ ਲੱਗ ਗਈ ਹੈ ।"
ਬੇਲੀ ਰਾਮ ਦੀ ਗੱਲ ਸੁਣ ਕੇ ਰਾਮ ਪ੍ਕਾਸ਼ ਲਾਜਵਾਬ ਹੋ ਗਿਆ ਹੈ।
"ਅੱਛਾ ਪਾਪਾ ਜੀ ਮੈਂ ਚੱਲਦਾ ਹਾਂ ਤੁਸੀਂ ਆਪਣਾ ਧਿਆਨ ਰੱਖਣਾ। " ਆਖ ਜਲਦੀ ਨਾਲ ਬਾਹਰ ਵੱਲ ਚੱਲ ਪਿਆ।
ਸੰਦੀਪ ਦਿਉੜਾ 8437556667