You are here

ਜਸਵੰਤ ਸਿੰਘ ਕੰਵਲ ਦੇ 101ਵੇਂ ਜਨਮ ਦਿਨ ਨੂੰ ਸਮਰਪਿਤ ਪੰਜ ਰੋਜ਼ਾ ਪੂਰਨਮਾਸ਼ੀ ਉਤਸਵ ਸ਼ੁਰੂ

ਢੁੱਡੀਕੇ, ਜੂਨ 2019 ( ਮਨਜਿੰਦਰ ਗਿੱਲ)—ਉੱਚ ਦੁਮਾਲੜੇ ਯੁਗ ਪੁਰਸ਼ ਲੇਖਕ ਜਸਵੰਤ ਸਿੰਘ ਕੰਵਲ ਦੇ 101ਵੇਂ ਜਨਮ ਦਿਨ ਦਾ ਆਰੰਭ ਪਿੰਡ ਢੁਡੀਕੇ ਵਿਖੇ ਪੰਜਾਬ ਆਰਟਸ ਕੌਸਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ, ਸਕੱਤਰ ਜਨਰਲ ਡਾ: ਲਖਵਿੰਦਰ ਜੌਹਲ,ਪੰਜਾਬ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ, ਨਾਵਲਕਾਰ ਬਲਦੇਵ ਸਿੰਘ ਮੋਗਾ, ਗੁਰਮੇਲ ਸਿੰਘ ਮੋਗਾ, ਪ੍ਰੋ: ਜਸਵਿੰਦਰ ਸਿੰਘ ਸ਼ਰਮਾ ਨਿਆਲ ਪਾਤੜਾਂ,ਅਮਰਿੰਦਰ ਸਿੰਘ ਭਾਈਰੂਪਾ,ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ: ਸੁਰਜੀਤ ਸਿੰਘ, ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਡਾ: ਬਲਦੇਵ ਸਿੰਘ ਧਾਲੀਵਾਲ ਪੰਜਾਬੀ ਯੂਨੀ: ਪਟਿਆਲਾ, ਐੱਸ ਪੀ ਸਿੰਘ ਦਲੀਲਸਾਜ਼ ਪੀ ਟੀ ਸੀ ਚੈਨਲ,ਕੋਲਕਾਤਾ ਸਾਹਿੱਤ ਸਭਾ ਦੇ ਜਨਰਲ ਸਕੱਤਰ ਸ: ਜਗਮੋਹਨ ਸਿੰਘ ਗਿੱਲ , ਡਾ: ਸੁੰਸ਼ੀਲ ਕੁਮਾਰ ਰੀਜਨਲ ਸੈਂਟਰ ਪੰਜਾਬੀ ਯੂਨੀ: ਤਲਵੰਡੀ ਸਾਬੋ ਨੇ ਫੁੱਲ ਮਾਲਾਵਾਂ ਭੇਂਟ ਕਰਕੇ ਕੀਤਾ। ਜਸਵੰਤ ਸਿੰਘ ਕੰਵਲ ਦੀ ਸਿਹਤ ਕੁਝ ਨਾਸਾਜ਼ ਹੋਣ ਕਾਰਨ ਉਹ ਗਦਰ ਮੈਮੋਰੀਅਲ ਤੀਕ ਕਾਫ਼ਲੇ ਦੀ ਅਗਵਾਈ ਨਾ ਕਰ ਸਕੇ ਪਰ ਉਨ੍ਹਾਂ ਗਦਰੀ ਸੂਰਮਿਆਂ ਨੂੰ ਸਲਾਮ ਕਹਿ ਕੇ ਕਾਫਲਾ ਘਰੋਂ ਤੋਰਿਆ। ਗਦਰ ਮੈਮੋਰੀਅਲ ਤਿੰਨ ਪਿੰਡਾਂ ਦੇ ਵਿਚਕਾਰ ਉਹ ਸਥਲ ਹੈ ਜਿੱਥੇ ਗਦਰੀ ਸੂਰਮੇ ਪਿੰਡ ਢੁੱਡੀਕੇ, ਚੂਹੜਚੱਕ ਤੇ ਦੌਧਰ ਦੇ ਵਿਚਕਾਰ ਗੁਪਤ ਇਨਕਲਾਬੀ ਮੀਟਿੰਗਾਂ ਕਰਦੇ ਹੁੰਦੇ ਸਨ। ਪਿੰਡ ਢੁੱਡੀਕੇ ਦੇ ਸਰਪੰਚ ਜਸਬੀਰ ਸਿੰਘ ਢੁੱਡੀਕੇ, ਤੇ ਪੰਜ ਰੋਜ਼ਾ ਪੂਰਨਮਾਸ਼ੀ ਉਤਸਵ ਦੇ ਕਨਵੀਨਰ ਡਾ: ਸੁਮੇਲ ਸਿੰਘ ਸਿੱਧੂ ਨੇ ਆਏ ਲੇਖਕਾਂ ਵਿਦਿਆਰਥੀਆਂ, ਪਿੰਡ ਵਾਸੀਆਂ ਤੇ ਸਾਹਿਤ ਸੇਵਕਾਂ ਦਾ ਸਵਾਗਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਡਾ: ਸੁਰਜੀਤ ਪਾਤਰ ਨੇ ਕਿਹਾ ਕਿ ਜਸਵੰਤ ਸਿੰਘ ਕੰਵਲ ਨੇ ਸਰਬ ਸਮਿਆਂ ਨੂੰ ਪ੍ਰਭਾਵਤ ਕੀਤਾ ਹੈ। ਪੰਜਾਬ ਚ ਇੱਕ ਵੀ ਅਜਿਹੀ ਲੋਕ ਲਹਿਰ ਨਹੀਂ ਉੱਭਰੀ ਜਿਸ ਚ ਕੰਵਲ ਦੀ ਜਿਉਂਦੀ ਜਾਗਦੀ ਸ਼ਮੂਲੀਅਤ ਨਾ ਹੋਵੇ। ਕੰਵਲ ਨੇ ਪੰਜਾਬ ਨੂੰ ਪੰਜਾਬ ਬਣਾ ਕੇ ਰੱਖਣ ਵਿੱਚ ਕਲਮ ਨੂੰ ਹਥਿਆਰ ਵਾਂਗ ਵਰਤਿਆ ਹੈ। ਪੰਜਾਬ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ 1971 ਤੋਂ ਲੈ ਕੇ ਅੱਜ ਤੀਕ ਉਹ ਜਸਵੰਤ ਸਿੰਘ ਕੰਵਲ ਤੋਂ ਮੁਹੱਬਤ ਤੇ ਪ੍ਰੇਰਨਾ ਲੈ ਰਹੇ ਹਨ। ਕੰਵਲ ਧਰਤੀ ਪੁੱਤਰ ਲਿਖਾਰੀ ਹੈ ਜਿਸ ਨੂੰ ਪੰਜਾਬ ਦੇ ਲੋਕ, ਜ਼ਬਾਨ,ਵਿਰਾਸਤ ਦੀ ਚਿੰਤਾ ਤੇ ਕਿਸਾਨੀ ਦੀ ਆਰਥਿਕ ਲੁੱਟ ਦਾ ਫਿਕਰ ਹਮੇਸ਼ਾਂ ਹੀ ਰਿਹਾ ਹੈ। ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ: ਸੁਰਜੀਤ ਸਿੰਘ ਨੇ ਕਿਹਾ ਕਿ ਕੰਵਲ ਦੇ ਜਿਉਂਦੇ ਹੋਣ ਦਾ ਇਹੀ ਪ੍ਰਮਾਣ ਹੈ ਕਿ ਉਸ ਦੇ ਵਿਰੋਧੀ 100 ਸਾਲ ਦੀ ਉਮਰ ਚ ਵੀ ਉਸ ਤੋਂ ਖਤਰਾ ਮਹਿਸੂਸ ਕਰਕੇ ਉਸ ਦੇ ਖਿਲਾਫ਼ ਲਿਖ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਸਚੇਤ ਪੰਜਾਬੀ ਨੂੰ ਜੇ ਕਸ਼ੀਦਿਆ ਜਾਵੇ ਤਾਂ ਉਸ ਚੋਂ ਕੰਵਲ ਜ਼ਰੂਰ ਬੋਲੇਗਾ। ਨਾਵਲ ਕਾਰ ਬਲਦੇਵ ਸਿੰਘ ਨੇ ਕਿਹਾ ਕਿ ਕੰਵਲ ਦੇ ਯੁਗ ਚ ਜੀਣਾ ਹੀ ਸਾਡੀ ਪ੍ਰਾਪਤੀ ਹੈ। ਕੰਵਲ ਦਾ ਅਰਥ ਹੀ ਨਿਰੋਲ ਸਿਰਜਣ ਸ਼ੀਲ ਹੋਣਾ ਹੈ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਤਲਵੰਡੀ ਸਾਬੋ ਤੋਂ ਵਿਦਿਆਰਥੀ ਭਾਰੀ ਗਿਣਤੀ ਚ ਪੁੱਜੇ ਹੋਏ ਸਨ।