You are here

ਕੈਨੇਡਾ ਪੜ੍ਹਨ ਗਏ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖਤਰੇ ’ਚ- Video

ਕੈਨੇਡਾ ਪੜ੍ਹਨ ਗਏ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖਤਰੇ ’ਚ Facebook Video Link; https://fb.watch/aJqgtR77LC/

ਮੌਂਟਰੀਅਲ, 23 ਜਨਵਰੀ 2022 - ਕੈਨੇਡਾ ਦੇ ਸ਼ਹਿਰ ਮੌਂਟਰੀਅਲ ਦੇ ਤਿੰਨ ਕਾਲਜਾਂ ਨੇ ਦੀਵਾਲੀਆਪਣ (Bankruptcy) ਦਿਖਾਕੇ ਕੈਨੇਡਾ ਅਤੇ ਭਾਰਤ ਬੈਠੇ ਸੈਂਕੜੇ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਅਤੇ ਭਵਿੱਖ ਖਤਰੇ ਵਿੱਚ ਪਾ ਦਿੱਤਾ ਹੈ।  ਮੌਂਟਰੀਅਲ ਦੇ ਤਿੰਨ ਕਾਲਜ ਐਮ-ਕਾਲਜ, ਸੀਡੀਈ ਅਤੇ ਸੀਸੀਐਸਕਿਊ ਦੇ ਮਾਲਕ ਨਵੀਨ ਅਤੇ ਕੈਰਲ ਨੇ ਪੰਜਾਬ-ਭਾਰਤ ਦੇ ਸੈਂਕੜੇ ਵਿਦਿਆਰਥੀਆਂ ਤੋਂ ਹਜ਼ਾਰਾਂ ਡਾਲਰ ਦੀ ਵਸੂਲੀ ਕੀਤੀ ਅਤੇ ਅਗਾਊਂ ਵਿਊਂਤਬੰਦੀ ਨਾਲ ਆਪਣੇ ਤਿੰਨੇ ਕਾਲਜਾਂ ਨੂੰ ਦੀਵਾਲੀਆ ਦਿਖਾਕੇ ਇਕ ਵੱਡੀ ਧੋਖਾਧੜੀ ਨੂੰ ਅੰਜ਼ਾਮ ਦਿੱਤਾ। ਕੈਰਲ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਨਵੀਨ ਧੋਖਾਧੜੀ ਕਰਕੇ ਫਰਾਰ ਹੈ।  ਨੌਜਵਾਨ ਆਗੂ ਵਰੁਣ ਖੰਨਾ, ਅਮੀਤੋਜ਼ ਸ਼ਾਹ, ਪਰਮ ਢਿੱਲੋਂ, ਜੋਤ ਘੁੰਮਣ, ਹਰਜਿੰਦਰ ਸਿੱਧੂ, ਪਰਮਿੰਦਰ ਪਾਂਗਲੀ ਨੇ ਇਸ ਧੋਖਾਧੜੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਅੱਜ ਲਸਾਲ ਦੇ ਮੈਕਸੀ ਪਲਾਜ਼ਾ ਵਿੱਚ ਵੱਧਵੀਂ ਮੀਟਿੰਗ ਕੀਤੀ। ਭਾਰੀ ਬਰਫਵਾਰੀ ਤੇ ਕੜਾਕੇ ਦੀ ਠੰਡ ਦੇ ਬਾਵਜੂਦ ਇਕ ਦਿਨ ਦੇ ਸੱਦੇ ਤੇ ਬੁਲਾਈ ਗਈ ਇਸ ਮੀਟਿੰਗ ਵਿੱਚ ਸੌ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਵਰੁਣ ਖੰਨਾ ਨੇ ਦੱਸਿਆ ਕਿ ਵਿਦਿਆਰਥੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਧੋਖਾਧੜੀ ਕਰਕੇ ਤਿੰਨ ਕਾਲਜਾਂ ਦੇ ਬੰਦ ਹੋਣ ਨਾਲ ਕੈਨੇਡਾ ਅੰਦਰ ਰਹਿੰਦੇ 1500 ਦੇ ਕਰੀਬ ਵਿਦਿਆਰਥੀਆਂ ਦਾ ਭਵਿੱਖ ਦਾਅ ਉੱਤੇ ਲੱਗਾ ਹੋਇਆ ਹੈ। ਇਹਨਾਂ ਵਿੱਚੋਂ 30% ਵਿਦਿਆਰਥੀਆਂ ਦੀ ਹਾਲ ਹੀ ਵਿੱਚ ਪਹਿਲੇ ਸਮੈਸਟਰ ਦੀ ਪੜ੍ਹਾਈ ਸ਼ੁਰੂ ਹੋਈ ਸੀ ਅਤੇ 70% ਵਿਦਿਆਰਥੀਆਂ ਦੀ ਪੜ੍ਹਾਈ ਲੱਗਭੱਗ ਖਤਮ ਹੋਣ ਵਾਲੀ ਸੀ। ਇਸਤੋਂ ਇਲਾਵਾ ਪੰਜਾਬ-ਭਾਰਤ ਵਿੱਚ ਬੈਠੇ ਵਿਦਿਆਰਥੀਆਂ ਕੋਲੋਂ ਲੱਗਭੱਗ 60 ਲੱਖ ਕੈਨੇਡੀਅਨ ਡਾਲਰ ਫੀਸਾਂ ਦੇ ਰੂਪ ਵਿੱਚ ਵਸੂਲਿਆ ਜਾ ਚੁੱਕਾ ਹੈ। ਕੈਨੇਡਾ ਤੋਂ ਬਾਹਰ ਇਹਨਾਂ ਵਿਦਿਆਰਥੀਆਂ ਦੀ ਗਿਣਤੀ ਲੱਗਭੱਗ 400 ਦੇ ਕਰੀਬ ਬਣਦੀ ਹੈ। ਕਾਲਜ ਬੰਦ ਹੋਣ ਨਾਲ ਇਹਨਾਂ ਵਿਦਿਆਰਥੀਆਂ ਦੇ ਵੀਜ਼ੇ ਰੱਦ ਹੋ ਰਹੇ ਹਨ ਅਤੇ ਉਹਨਾਂ ਦੇ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੇ ਸੁਪਨੇ ਟੁੱਟ ਰਹੇ ਹਨ। ਇਸਤੋਂ ਇਲਾਵਾ ਇਹਨਾਂ ਵਿਦਿਆਰਥੀਆਂ ਦੀਆਂ ਲੱਖਾਂ ਡਾਲਰ ਫੀਸਾਂ ਫਿਲਹਾਲ ਡੁੱਬ ਚੁੱਕੀਆਂ ਹਨ। ਵਿਦਿਆਰਥੀਆਂ ਮੁਤਾਬਕ ਉਹਨਾਂ ਨੇ ਪੰਜਾਬ ਵਿੱਚ ਰਹਿਲ ਸਰਵਿਸ ਕੈਨੇਡਾ, ਕੈਨਮ ਸਰਵਿਸ ਸਮੇਤ ਕਈ ਹੋਰ ਏਜੰਟਾਂ ਰਾਹੀਂ ਵਿਦਿਆਰਥੀ ਵੀਜ਼ਾ ਲਈ ਅਪਲਾਈ ਕੀਤਾ ਸੀ। ਇਸ ਵੱਡੀ ਧੋਖਾਧੜੀ ਕਾਰਨ ਵਿਦਿਆਰਥੀ ਪ੍ਰੇਸ਼ਾਨ ਹਨ। ਕਰੋਨਾ ਮਾਹਾਂਮਾਰੀ ਦੇ ਦੌਰ ਵਿੱਚ ਸੀਮਿਤ ਕੰਮ ਘੰਟੇ, ਘੱਟ ਉਜ਼ਰਤਾਂ, ਮਹਿੰਗੇ ਰਿਹਾਇਸ਼ੀ ਕਮਰੇ, ਮਹਿੰਗੀਆਂ ਫੀਸਾਂ ਅਤੇ ਅਨਿਸ਼ਚਿਤ ਭਵਿੱਖ ਕਾਰਨ ਹਾਲਤ ਹੋਰ ਵੀ ਵੱਧ ਮੁਸ਼ਕਲਾਂ ਭਰੀ ਹੈ। ਪੰਜਾਬ ਵਿੱਚ ਪਹਿਲਾਂ ਹੀ ਮਹਿੰਗਾਈ ਅਤੇ ਬੇਰੁਜਗਾਰੀ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੇ ਮੁਸ਼ਕਲ ਨਾਲ ਹਜ਼ਾਰਾਂ ਡਾਲਰ ਫੀਸਾਂ ਲਈ ਇਕੱਠੇ ਕੀਤੇ ਸਨ। ਅਜਿਹੀ ਹਾਲਤ ਵਿੱਚ ਇਸ ਧੋਖਾਧੜੀ ਨੇ ਉਹਨਾਂ ਉੱਪਰ ਮੁਸੀਬਤਾਂ ਦਾ ਪਹਾੜ ਸੁੱਟ ਦਿੱਤਾ। ਅੱਜ ਦੀ ਮੀਟਿੰਗ ਵਿੱਚ ਧੋਖਾਧੜੀ ਦੇ ਸ਼ਿਕਾਰ ਤਿੰਨਾਂ ਕਾਲਜਾਂ ਦੇ ਵਿਦਿਆਰਥੀਆਂ ਦੇ ਹੱਕਾਂ ਲਈ 13 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਇਹ ਕਮੇਟੀ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਸ਼ੋਸ਼ਲ ਮੀਡੀਆਂ ਪਲੇਟਫਾਰਮਾਂ ਉੱਤੇ ‘ਮੌਂਟਰੀਅਲ ਯੂਥ-ਸਟੂਡੈਂਟ ਆਰਗੇਨਾਈਜੇਸ਼ਨ’ ਨਾਮ ਹੇਠ ਆਪਣਾ ਪ੍ਰੋਗਰਾਮ ਦੇਵੇਗੀ। ਇਸ ਮੀਟਿੰਗ ਵਿੱਚ ਆਖਰੀ ਸਮੈਸਟਰ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਪੂਰੀ ਕਰਵਾਉਣ, ਪਹਿਲੇ ਸਮੈਸਟਰ ਵਾਲੇ ਵਿਦਿਆਰਥੀਆਂ ਨੂੰ ਅਗਾਂਊ ਉਗਰਾਹੀ ਫੀਸ ਉੱਤੇ ਕਿਸੇ ਹੋਰ ਕਾਲਜਾਂ ਵਿੱਚ ਐਡਜਸਟ ਕਰਨ, ਕੈਨੇਡਾ ਤੋਂ ਬਾਹਰ ਬੈਠੇ ਵਿਦਿਆਰਥੀਆਂ ਦੀ ਫੀਸ ਵਾਪਸ ਕਰਨ,  ਭਾਰਤੀ ਰਾਜਦੂਤ ਨੂੰ ਇਸ ਮਾਮਲੇ ਵਿੱਚ ਦਖਲ ਦੇ ਕੇ ਪਹਿਲ ਦੇ ਅਧਾਰ ਤੇ ਹੱਲ ਕਰਨ, ਧੋਖਾਧੜੀ ਕਰਨ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਆਦਿ ਮੰਗਾਂ ਉੱਤੇ ਸੰਘਰਸ਼ ਕਰਨ ਦੀ ਵਿਊਂਤਬੰਦੀ ਬਣਾਈ ਗਈ। ਇਸ ਮੀਟਿੰਗ ਵਿੱਚ ਕੈਨੇਡਾ ਅਤੇ ਪੰਜਾਬ-ਭਾਰਤ ਦੇ ਵਿਦਿਆਰਥੀਆਂ ਤੇ ਇਨਸਾਫਪਸੰਦ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਵਿਦਿਆਰਥੀਆਂ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੌਂਟਰੀਅਲ ਅਤੇ ਬਰੈਂਪਟਨ ਸ਼ਹਿਰ ਵਿੱਚ ਵਿਸ਼ਾਲ ਵਿਦਿਆਰਥੀ ਲਾਮਬੰਦੀ ਕੀਤੀ ਜਾਵੇਗੀ ।