ਲੰਡਨ , 20 ਜਨਵਰੀ (ਖਹਿਰਾ ) ਬਰਤਾਨੀਆਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇੰਗਲੈਂਡ 'ਚ ਕੋਵਿਡ-19 ਨਾਲ ਜੁੜੀਆਂ ਸਾਰੀਆਂ ਪਾਬੰਦੀਆਂ ਖ਼ਤਮ ਕਰਨ ਦਾ ਐਲਾਨ ਕੀਤਾ ਹੈ।ਬ੍ਰਿਟੇਨ ਵਿੱਚ ਅਗਲੇ ਵੀਰਵਾਰ ਤੋਂ ਓਮੀਕਰੋਨ ਦੇ ਫੈਲਣ ਨੂੰ ਰੋਕਣ ਲਈ ਲਾਗੂ ਕੀਤੀਆਂ ਗਈਆਂ ਵਾਧੂ ਪਾਬੰਦੀਆਂ, ਮਾਸਕ ਪਹਿਨਣ ਸਮੇਤ ਪਾਬੰਦੀਆਂ ਨੂੰ ਹਟਾ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੁੱਧਵਾਰ ਨੂੰ ਆਪਣੀ ਸਰਕਾਰ ਦੇ ਇਸ ਫੈਸਲੇ ਦਾ ਐਲਾਨ ਕੀਤਾ। ਸਰਕਾਰ ਨੇ ਇਹ ਫੈਸਲਾ ਦੇਸ਼ ਵਿੱਚ ਓਮੀਕਰੋਨ ਦੇ ਮਾਮਲਿਆਂ ਦੇ ਸਿਖਰ ਬਾਰੇ ਤੱਥਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਲਿਆ ਹੈ। ਜੌਹਨਸਨ ਨੇ ਸੰਸਦ ਨੂੰ ਦੱਸਿਆ ਕਿ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਓਮੀਕਰੋਨ ਦੇਸ਼ ਵਿੱਚ ਲਗਭਗ ਆਪਣੇ ਸਿਖਰ 'ਤੇ ਪਹੁੰਚ ਗਿਆ ਹੈ, ਜਿਸ ਤੋਂ ਬਾਅਦ ਕੋਵਿਡ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲਈ, ਅੱਜ ਸਵੇਰੇ ਮੰਤਰੀ ਮੰਡਲ ਨੇ ਫੈਸਲਾ ਕੀਤਾ ਕਿ ਬੂਸਟਰ ਖੁਰਾਕਾਂ ਦੀ ਅਸਾਧਾਰਣ ਮੁਹਿੰਮ ਅਤੇ ਯੋਜਨਾ-ਬੀ ਦੇ ਸਾਵਧਾਨੀ ਉਪਾਵਾਂ ਨੂੰ ਜਨਤਾ ਦੇ ਹੁੰਗਾਰੇ ਦੇ ਮੱਦੇਨਜ਼ਰ, ਅਸੀਂ ਅਗਲੇ ਹਫਤੇ ਵੀਰਵਾਰ ਤੋਂ ਯੋਜਨਾ-ਏ 'ਤੇ ਵਾਪਸ ਆ ਸਕਦੇ ਹਾਂ ਤੇ ਪਾਬੰਦੀਆਂ ਨੂੰ ਹਟਾਇਆ ਜਾ ਸਕਦਾ ਹੈ।