ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰ ਮੰਚ (ਰਜਿ.), ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਅਫ਼ਸਾਨਾ ਕਲੱਬ (ਰਜਿ.) ਦੇ ਸਹਿਯੋਗ ਨਾਲ ਤਨਵੀਰਜ਼ ਹੋਮੋਪੈਥੀਕ ਕੈਸਰ ਕੇਅਰ ਸੈਂਟਰ ਵਿਖੇ ਇਕ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਪੰਜਾਬੀ ਦੀ ਪ੍ਰਸਿੱਧ ਸ਼ਾਇਰਾ ਰਣਜੀਤ ਕੌਰ ਸਵੀ ਵੱਲੋਂ ਸੰਪਾਦਿਤ ਪੁਸਤਕ ਸਾਂਝਾ ਕਾਵਿ ਸੰਗ੍ਰਹਿ "ਕਲਮਕਾਰ" ਦੀ ਘੁੰਡ ਚੁਕਾਈ ਕਰਵਾਈ ਗਈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਨੇ ਕੀਤੀ ਮੁੱਖ ਮਹਿਮਾਨ ਵਜੋਂ ਡਾ. ਸਨਾ ਤਨਵੀਰ, ਵਿਸ਼ੇਸ਼ ਮਹਿਮਾਨ ਵਜੋਂ ਡਾ.ਸੰਜੀਵ ਗੋਇਲ, ਇੰਜੀਨੀਅਰ ਨਰਿੰਦਰਪਾਲ ਸਿੰਘ, ਸ੍ਰੀ ਬਲਵਿੰਦਰ ਸੰਧੂ, ਸ਼ਾਇਰ ਤਰਸੇਮ, ਡਾਕਟਰ ਮੋਹਨ ਤਿਆਗੀ , ਕਮਰ ਜਸਮਿੰਦਰਪਾਲ ਸਿੰਘ ਨੇ ਖਾਸ ਤੌਰ ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਪੰਜਾਬੀ ਸ਼ਾਇਰ ਸਾਜਿਦ ਇਸਹਾਕ ਨੇ "ਕਲਮਕਾਰ" ਕਿਤਾਬ ਉੱਪਰ ਪਰਚਾ ਪੜ੍ਹਿਆ। ਇਸ ਮੌਕੇ ਤੇ ਦਰਸ਼ਨ ਬੁੱਟਰ ਨੇ ਆਪਣੇ ਖਿਆਲਾਤ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਬੀਬੀ ਰਣਜੀਤ ਕੌਰ ਸਵੀ ਵੱਲੋਂ ਸੰਪਾਦਿਤ ਪੁਸਤਕ ਇੱਕ ਚੰਗੀ ਕੋਸ਼ਿਸ਼ ਹੈ। ਇਸ ਨਾਲ ਨਵੇਂ ਲਿਖਾਰੀਆਂ ਨੂੰ ਉਤਸ਼ਾਹ ਮਿਲੇਗਾ ਤੇ ਕਿਤਾਬ ਵਿੱਚ ਸ਼ਾਮਿਲ ਸੀਨੀਅਰ ਲੇਖਕਾਂ ਦੀਆਂ ਲਿਖਤਾਂ ਤੋਂ ਵੀ ਨਵਾਂ ਕੁਝ ਸਿੱਖਣ ਨੂੰ ਮਿਲੇਗਾ। ਮੈਂ ਸਾਵੀ ਵੱਲੋਂ ਕੀਤੇ ਇਸ ਸ਼ਲਾਗਾਯੋਗ ਕੰਮ ਦੀ ਪ੍ਰਸੰਸਾ ਕਰਦਾ ਹੋਇਆ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਾ ਹਾਂ। ਸਨਾ ਤਨਵੀਰ ਨੇ ਵੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਮਿਆਰੀ ਕਿਤਾਬਾਂ ਪਾਠਕਾਂ ਨੂੰ ਪੜ੍ਹਨ ਲਈ ਮਿਲਦੀਆਂ ਰਹਿਣਗੀਆਂ। ਇਸ ਮੌਕੇ ਤੇ ਉਹਨਾਂ ਨੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਪੜ੍ਹਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ। ਕਿਤਾਬ 'ਚ ਸ਼ਾਮਿਲ ਸ਼ਾਇਰਾਂ ਨੇ ਅਪਣਾ ਅਪਣਾ ਕਲਾਮ ਵੀ ਪੇਸ਼ ਕੀਤਾ ਤੇ ਉਥੇ ਮੌਜੂਦ ਹੋਰ ਉੱਘੇ ਸ਼ਾਇਰਾਂ ਨੇ ਵੀ ਆਪਣੇ ਕਲਾਮ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਰਣਜੀਤ ਕੌਰ ਸਵੀ ਨੇ ਸਮਾਗਮ ਵਿੱਚ ਪਹੁੰਚੇ ਲੋਕਾਂ ਦੇ ਨਾਲ-ਨਾਲ ਕਿਤਾਬ ਵਿਚ ਸ਼ਾਮਿਲ ਕਵੀਆਂ ਦਾ ਖਾਸ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ਕੀ ਇਨ੍ਹਾਂ ਸਾਰੇ ਕਵੀਆਂ ਦੇ ਸਹਿਯੋਗ ਸਦਕਾ ਹੀ ਇਹ ਕਾਰਜ ਨੇਪਰੇ ਚਾੜ੍ਹਿਆ। ਇਸ ਦੇ ਲਈ ਮੈਂ ਦਿਲ ਤੋਂ ਧੰਨਵਾਦ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਆਪ ਸਭਨਾ ਦਾ ਇਹ ਸਹਿਯੋਗ ਅੱਗੇ ਨੂੰ ਵੀ ਇੰਜ ਹੀ ਮਿਲਦਾ ਰਹੇਗਾ। ਇਸ ਸਮਾਗਮ ਵਿਚ ਮਾਸਟਰ ਰਮਜ਼ਾਨ ਸਈਦ, ਅਰੀਜੀਤ ਸਿੰਘ, ਡਾ. ਤਨਵੀਰ, ਅਰਸ਼ਦ ਮੁਨੀਮ, ਨਾਸਰ ਆਜ਼ਾਦ, ਨੂਰ ਮੁਹੰਮਦ ਨੂਰ, ਗੁਰਮੇਲ ਸਿੰਘ ਪਟਿਆਲਾ,ਸ਼ਹਾਨਾ ਅਜੀਮ, ਫੈਜ਼ ਅਲੀ, ਉਵੈਸ, ਮੁਹੰਮਦ ਅਰਸ਼ਦ, ਸ਼ਹਿਰ ਦੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ। ਇਸ ਸਮਾਗਮ ਦੀ ਸਟੇਜ ਦੀ ਕਾਰਵਾਈ ਪੰਜਾਬੀ ਅਤੇ ਉਰਦੂ ਦੇ ਉੱਘੇ ਸ਼ਾਇਰ ਨੇ ਆਪਣੇ ਬਹੁਤ ਹੀ ਪਿਆਰੇ ਅੰਦਾਜ਼ ਨਾਲ ਨਿਭਾਈ।