ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨਾਂ ਤੇ ਮੱਥਾ ਟੇਕਣ ਵਾਲੀ ਜਗ੍ਹਾ ਵਾਲੇ ਪਾਸਿਓਂ ਜੰਗਲਾ ਟੱਪ ਕੇ ਨੌਜਵਾਨ ਰੁਮਾਲਾ ਸਾਹਿਬ ਉਪਰ ਚੜ੍ਹਿਆ
ਰੋਜ਼ਾਨਾ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਾ ਸੰਭਾਲ ਦੇ ਪ੍ਰੋਗਰਾਮਾਂ ਵਿਚ ਗੁਰੂ ਸਾਹਿਬ ਦੀ ਅਪਾਰ ਕ੍ਰਿਪਾ ਨਾਲ ਵਿਘਨ ਪੈਂਦਾ ਪੈਂਦਾ ਟਲ ਗਿਆ
ਸੰਗਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਕਰ ਸਾਹਿਬਾਨ ਵੱਲੋਂ ਦੋਸ਼ੀ ਨੂੰ ਮੌਕੇ ਤੇ ਸੋਧਿਆ
ਅੰਮ੍ਰਿਤਸਰ, 18 ਦਸੰਬਰ (ਜਨ ਸ਼ਕਤੀ ਨਿਊਜ਼ ਬਿਊਰੋ ) ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਅਸਥਾਨ ’ਤੇ ਚੱਲ ਰਹੇ ਰਹਿਰਾਸ ਸਾਹਿਬ ਜੀ ਦੇ ਪਾਠ ਦਰਮਿਆਨ ਇਕ ਪ੍ਰਵਾਸੀ ਵਿਅਕਤੀ ਵਲੋਂ ਜੰਗਲਾ ਟੱਪ ਕੇ ਬੇਅਦਬੀ ਕੀਤੀ ਗਈ। ਵਿਅਕਤੀ ਵਲੋਂ ਦਰਸ਼ਨ ਕਰਨ ਵਾਲੇ ਪਾਸਿਓਂਂ ਜੰਗਲਾ ਟੱਪ ਕੇ ਅੰਦਰ ਦਾਖਲ ਹੋਇਆ ਅਤੇ ਤਾਬਿਆ ਦੇ ਅਗਲੇ ਪਾਸੇ ਪਈ ਇਤਿਹਾਸਕ ਕਿਰਪਾਨ ਨੂੰ ਵੀ ਚੁੱਕ ਲਿਆ। ਖਿੱਚੋਤਾਣ ਦੇ ਵਿਚ ਪ੍ਰਵਾਸੀ ਵਿਅਕਤੀ ਦਾ ਪੈਰ ਵੀ ਤਾਬਿਆ ਦੇ ਅਗਲੇ ਪਾਸੇ ਲੱਗੇ ਰੁਮਾਲਿਆਂ ਅਤੇ ਸਿਹਰਿਆਂ ’ਤੇ ਪੈ ਗਿਆ। ਮੌਕੇ ’ਤੇ ਤਾਇਨਾਤ ਸ਼੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਉਸ ਵਿਅਕਤੀ ਨੂੰ ਕਾਬੂ ਕਰਕੇ ਬਾਹਰ ਲਿਆਂਦਾ। ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਵੱਲੋਂ ਇੱਕ ਮਾਤਰ ਵੀ ਹਰ ਰੋਜ਼ ਦੀ ਮਰਯਾਦਾ ਵਿੱਚ ਵਿਘਨ ਨਾ ਪੈਣ ਦਿੱਤਾ ਗਿਆ ।ਉਨ੍ਹਾਂ ਦੇ ਨਾਲ ਸਾਈਡ ’ਤੇ ਬੈਠੇ ਚੌਰ ਬਰਦਾਰ ਵੱਲੋਂ ਵੀਬੇਅਦਬੀ ਕਰਨ ਵਾਲੇ ਨੂੰ ਰੋਕਿਆ ਗਿਆ। ਇਸ ਸਮੇਂ ਉਥੇ ਮੌਜੂਦ ਬੈਠੀ ਸੰਗਤ ਵੀ ਇਕਦਮ ਖੜੀ ਹੋ ਗਈ। ਕਾਬੂ ਕੀਤੇ ਪ੍ਰਵਾਸੀ ਵਿਅਕਤੀ ਨੂੰ ਪਹਿਲਾਂ ਪ੍ਰਕਰਮਾ ਵਿਖੇ ਸੀਸੀਟੀਵੀ ਕੰਟਰੋਲ ਰੂਮ ਕਮਰਾ ਨੰਬਰ 50 ਵਿਖੇ ਲਿਆਂਦਾ ਗਿਆ। ਉਸ ਤੋਂ ਉਪਰੰਤ ਇਸ ਵਿਅਕਤੀ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਉਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਖੜਿਆ ਗਿਆ। ਇਸੇ ਦਰਮਿਆਨ ਇਕ ਨਿੱਜੀ ਚੈਨਲ ’ਤੇ ਚੱਲ ਰਹੇ ਲਾਈਵ ਪ੍ਰਸਾਰਣ ’ਤੇ ਵੀ ਇਹ ਘਟਨਾ ਸੰਗਤਾਂ ਦੇ ਦੇਖਣ ਵਿਚ ਆ ਗਈ। ਜਿਸ ਦੇ ਫਲਸਰੂਪ ਇਹ ਵੀਡੀਆ ਸੋਸ਼ਲ ਮੀਡੀਆ ’ਤੇੇ ਅੱਗ ਵਾਂਗ ਫੈਲ ਗਈ, ਜਿਸ ਨੂੰ ਦੇਖਦਿਆਂ ਕੁਝ ਜਥੇਬੰਦੀਆਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚ ਗਈਆਂ। ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਵਲੋਂ ਉਪਰੋਕਤ ਵਿਅਕਤੀ ਦੀ ਏਨੀ ਕੁੱਟਮਾਰ ਕੀਤੀ ਗਈ ਕਿ ਉਸ ਨੂੰ ਜਾਨੋ ਮਾਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਇਸ ਘਟਨਾ ਦੇ ਸਾਹਮਣੇ ਆਉਣ ’ਤੇ ਮੌਕੇ ’ਤੇ ਪਹੁੰਚ ਗਏ। ਪੁਲਿਸ ਪ੍ਰਸ਼ਾਸਨ ਵੀ ਇਸ ਘਟਨਾ ਦੇ ਪਤਾ ਚੱਲਦਿਆਂ ਹੀ ਐੱਸਪੀ ਹਰਪਾਲ ਸਿੰਘ ਵੀ ਆਪਣੇ ਮੁਲਾਜਮਾਂ ਨਾਲ ਪਹੁੰਚ ਗਏ ਸਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸੁਖਦੇਵ ਸਿੰਘ ਭੋਰਾਕੋਹਨਾ ਤੇ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਗੁਰਿੰਦਰ ਸਿੰਘ ਮਥਰੇਵਾਲ ਵੀ ਮੌਕੇ ’ਤੇ ਮੌਜੂਦ ਸਨ। ਸ਼੍ਰੋਮਣੀ ਕਮੇਟੀ ਵਲੋਂ ਮ੍ਰਿਤਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਇਸ ਸਬੰਧੀ ਅਗਲੇਰੀ ਕਾਰਵਾਈ ਵਿਚ ਰੁੱਝ ਗਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਲੁਧਿਆਣੇ ਦੇ ਇਕ ਵਿਅਕਤੀ ਵਲੋਂ ਸੁਖਮਨੀ ਸਾਹਿਬ ਦਾ ਗੁਟਕਾ ਵੀ ਸਰੋਵਰ ਵਿਚ ਸੁੱਟ ਕੇ ਬੇਅਦਬੀ ਕੀਤੀ ਗਈ ਸੀ, ਜਿਸ ਦੀ ਪੜਤਾਲ ਹਾਲੇ ਵੀ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਹੈ।