You are here

ਪੁਲਿਸ ਅੱਤਿਆਚਾਰ ਪੀੜ੍ਹਤ ਕੁਲਵੰਤ ਕੌਰ ਰਸੂਲਪੁਰ ਨਮਿਤ ਭੋਗ 19 ਦਸੰਬਰ

15 ਸਾਲ਼ ਜੂਝਦੀ ਰਹੀ ਪੁਲਿਸ ਜ਼ੁਲਮਾਂ ਦੇ ਖਿਲਾਫ਼ 

ਜਗਰਾਉਂ 18 ਦਸੰਬਰ ( ਜਸਮੇਲ ਗ਼ਾਲਿਬ ) ਸਾਲ 2004-05 ਵਿੱਚ  ਸਥਾਨਕ ਪੁਲਿਸ ਦੇ ਆਪੇ ਬਣੇ ਤੱਤਕਾਲੀ ਥਾਣਾ ਮੁਖੀ ਗਰਿੰਦਰ ਬੱਲ ਅਤੇ ਚੌੰਕੀ ਬੱਸ ਅੱਡਾ ਦੇ ਤੱਤਕਾਲੀ ਏ.ਅੈਸ.ਆਈ ਰਾਜਵੀਰ ਸਿੰਘ ਦੀ ਅਗਵਾਈ 'ਚ ਪੁਲਿਸ ਵਲੋਂ 14.07.2005 ਨੂੰ ਅੱਧੀ ਰਾਤ ਨੂੰ ਬਿਨਾਂ ਕਿਸੇ ਲੇਡੀ ਪੁਲਿਸ ਕਰਮਚਾਰੀ ਦੇ ਨੇੜਲੇ ਪਿੰਡ ਰਸੂਲਪੁਰ ਦੀਆਂ ਬੇਕਸੂਰ ਮਾਂ-ਧੀ ਨੂੰ ਘਰੋਂ ਚੁੱਕ ਕੇ ਥਾਣੇ 'ਚ ਨਜ਼ਾਇਜ਼ ਹਿਰਾਸਤ ਵਿੱਚ ਰੱਖਿਆ ਅਤੇ ਪੁਲਿਸ ਕਰਮਚਾਰੀਆਂ ਨੇ ਸ਼ਰਾਬੀ ਹਾਲ਼ਤ ਵਿੱਚ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਤ ਇਸ ਨੌਜਵਾਨ ਧੀ ਕੁਲਵੰਤ ਕੌਰ ਅਤੇ ਮਾਤਾ ਸੁਰਿੰਦਰ ਕੌਰ ਨਾਲ ਅਲੱਗ-ਅਲੱਗ ਕਮਰਿਆਂ ਵਿੱਚ ਅਣ-ਮਨੁੱਖੀ ਵਤੀਰਾ ਕਰਦਿਆਂ ਤਸੀਹੇ ਦਿੱਤੇ ਸਨ। ਨਜ਼ਾਇਜ਼ ਹਿਰਾਸਤ ਦੋਰਾਨ ਸ਼ਰਾਬੀ ਹਾਲ਼ਤ 'ਚ ਲਗਾਏ ਕਰੰਟ ਕਾਰਨ ਕੁਲਵੰਤ ਕੌਰ ਹੋਲ਼ੀ-ਹੋਲ਼ੀ ਸਰੀਰਕ ਨਾੜਾ ਮਰਨ ਕਾਰਨ ਕੁੱਝ ਕੁ ਸਾਲਾਂ ਬਾਦ ਸਦਾ ਲਈ ਨਕਾਰਾ ਹੋ ਕੇ ਮੰਜੇ 'ਤੇ ਪਈ ਮੁੱਖ ਮੰਤਰੀ ਤੋਂ ਇਨਸਾਫ਼ ਜਾਂ ਮੌਤ ਮੰਗਦੀ -ਮੰਗਦੀ ਖੂਬਸੂਰਤ ਧੀ ਅੰਤ ਪਿੰਜ਼ਰ ਬਣ ਕੇ 10  ਦਸੰਬਰ 2021 ਨੂੰ ਦੁਨੀਆਂ ਛੱਡ ਗਈ ਪਰ ਜ਼ਿਉਂਦੇ ਜੀ ਇਨਸਾਫ਼ ਨਾ ਲੈ ਸਕੀ। ਸਥਾਨਕ ਪੁਲਿਸ ਨੇ ਮੌਤ ਤੋਂ ਬਾਦ ਤੱਤਕਾਲੀ ਥਾਣਾ ਮੁਖੀ ਹੁਣ ਡੀ.ਅੈਸ.ਪੀ. ਸਮੇਤ ਤਿੰਨ ਹੋਰਨਾਂ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 0342/2021 ਦਰਜ ਕੀਤਾ ਹੈ। ਪੁਲਿਸ ਅੱਤਿਆਚਾਰ ਖਿਲਾਫ਼ ਪੀੜ੍ਹਤ ਪਰਿਵਾਰ ਨਾਲ ਚਟਾਨ ਵਾਂਗ ਖੜ੍ਹੀਆਂ ਜਨਤਕ ਜੱਥੇਬੰਦੀਆਂ ਵਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਭੋਗ ਤੋਂ ਬਾਦ ਵੱਡਾ ਸੰਘਰਸ਼ ਵਿੱਢਣ ਅੈਲ਼ਾਨ ਪਹਿਲਾਂ ਹੀ ਕੀਤਾ ਹੋਇਆ ਹੈ। ਕੁਲਵੰਤ ਕੌਰ ਨਮਿਤ ਅੰਤਮ ਅਰਦਾਸ ਤੇ ਸ਼ਰਧਾਜ਼ਲੀ ਸਮਾਗਮ 19 ਦਸੰਬਰ ਗੁਰਦਵਾਰਾ ਬੁੰਗਾ ਸਾਹਿਬ ਨੇੜੇ ਰੇਲਵੇ ਫਾਟਕ ਕੱਚਾ ਮਲ਼ਕ ਰੋਡ ਜਗਰਾਉਂ ਵਿਖੇ ਠੀਕ 1.00 ਵਜੇ ਪਵੇਗਾ।