ਕਿੰਗਸਟਨ/ਲੰਡਨ, ਜੂਨ 2019 -( ਗਿਆਨੀ ਰਵਿਦਰਪਾਲ ਸਿੰਘ )- ਯੂ. ਕੇ. 'ਚ ਭਾਰਤੀ ਮੂਲ ਦੇ ਬਲਜਿੰਦਰ ਕੰਗ ਅਤੇ ਉਸ ਦੇ ਕਰੀਬੀ ਸਾਥੀ ਨੂੰ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਅਤੇ ਲੱਖਾਂ ਪੌਾਡ ਦੇ ਹਵਾਲਾ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ | ਕੰਗ ਨੇ ਪਿਛਲੇ ਮਹੀਨੇ ਆਪਣੇ ਵਿਰੁੱਧ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਜਦਕਿ ਉਸ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਸੁਖਜਿੰਦਰ ਪੂਨੀ ਨੂੰ ਮੰਗਲਵਾਰ ਨੂੰ ਕਿੰਗਸਟਨ ਕ੍ਰਾਊਨ ਕੋਰਟ ਵਿਚ ਏ-ਸ਼੍ਰੇਣੀ ਦੀਆਂ ਪਾਬੰਦੀ ਸ਼ੁਦਾ ਦਵਾਈਆਂ ਦੀ ਤਸਕਰੀ ਕਰਨ ਦੀ ਸਾਜ਼ਿਸ਼ ਦਾ ਦੋਸ਼ੀ ਪਾਇਆ ਗਿਆ | ਉਹ ਮਨੀ ਲਾਂਡਰਿੰਗ ਦੇ ਅਪਰਾਧਾਂ ਵਿਚ ਆਪਣਾ ਦੋਸ਼ ਪਹਿਲਾਂ ਹੀ ਸਵੀਕਾਰ ਕਰ ਚੁੱਕਾ ਹੈ | ਮੈਟਰੋਪਾਲੀਟਨ ਪੁਲਿਸ ਆਰਗੇਨਾਈਜ਼ਡ ਕ੍ਰਾਈਮ ਪਾਰਟਨਰਸ਼ਿਪ (ਓ. ਸੀ. ਪੀ.) ਦੇ ਨਾਲ ਇਕ ਸਾਂਝੀ ਮੁਹਿੰਮ ਚਲਾਉਣ ਵਾਲੀ ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਦੇ ਪ੍ਰਮੁੱਖ ਜੌਨ ਕੋਲਸ ਨੇ ਕਿਹਾ ਕਿ ਇਸ ਸਾਂਝੇ ਆਪ੍ਰੇਸ਼ਨ ਨਾਲ ਇਕ ਵੱਡੇ ਅਪਰਾਧਿਕ ਸੰਗਠਨ ਨੂੰ ਤੋੜ ਦਿੱਤਾ ਗਿਆ ਹੈ ਜੋ ਦੱਖਣ, ਪੂਰਬ, ਪੱਛਮ ਮਿਡਲੈਂਡ ਅਤੇ ਇੰਗਲੈਂਡ ਦੇ ਉੱਤਰ ਵਿਚ ਕੰਮ ਕਰਦਾ ਸੀ | ਜਾਂਚ ਦੌਰਾਨ ਅਧਿਕਾਰੀਆਂ ਨੇ 14 ਲੱਖ ਪੌਾਡ ਤੋਂ ਜ਼ਿਆਦਾ ਦੀ ਨਕਦ ਰਾਸ਼ੀ ਵੀ ਜ਼ਬਤ ਕੀਤੀ | ਨਾਲ ਹੀ 37 ਕਿੱਲੋਗਰਾਮ ਤੋਂ ਵੱਧ ਦੀਆਂ ਏ ਸ਼੍ਰੇਣੀ ਦੀਆਂ ਦਵਾਈਆਂ ਜ਼ਬਤ ਕੀਤੀਆਂ | ਇਨ੍ਹਾਂ 'ਚ ਹੈਰੋਇਨ ਅਤੇ ਕੋਕੀਨ ਤੋਂ ਇਲਾਵਾ ਇਕ ਹੈਂਡ ਗੰਨ, ਕਾਰਤੂਸ ਅਤੇ 50 ਕਿੱਲੋਗਰਾਮ ਕੈਟਾਮਾਈਨ ਵੀ ਜ਼ਬਤ ਕੀਤੀ ਗਈ | ਇਸ ਗਰੋਹ ਦੇ ਹੋਰ ਮੈਂਬਰਾਂ ਨੂੰ ਪਹਿਲਾਂ ਸਜ਼ਾ ਸੁਣਾਈ ਜਾ ਚੁੱਕੀ ਹੈ |