You are here

ਕੈਪਟਨ-ਭਾਜਪਾ ਨਾਲ ਗਠਜੋੜ ਨੂੰ ਲੈ ਕੇ ਸੁਖਦੇਵ ਢੀਂਡਸਾ ਨੇ ਆਖੀ ਵੱਡੀ ਗੱਲ

ਚੰਡੀਗੜ੍ਹ- 08 ਦਸੰਬਰ (ਗੁਰਸੇਵਕ ਸੋਹੀ) :- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨਾਲ ਗਠਜੋੜ ਦੀ ਚੱਲ ਰਹੀ ਗੱਲਬਾਤ ਨੂੰ ਲੈ ਕੇ ਢੀਂਡਸਾ ਨੇ ਕਿਹਾ ਹੈ ਕਿ ਹਾਲੇ ਤਕ ਕੇਂਦਰੀ ਗ੍ਰਹਿ ਮੰਤਰੀ ਨਾਲ ਕੁਝ ਵੀ ਫਾਈਨਲ ਨਹੀਂ ਹੋਇਆ ਹੈ। ਹਾਲਾਂਕਿ ਉਨ੍ਹਾਂ ਨੇ ਮੰਨਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇਕ ਬੈਠਕ ਜ਼ਰੂਰ ਹੋਈ ਹੈ। ਇਹ ਗੱਲਬਾਤ ਕਾਫ਼ੀ ਸਕਾਰਾਤਮਕ ਰਹੀ ਹੈ। ਢੀਂਡਸਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਉਨ੍ਹਾਂ ਦੀ ਗ੍ਰਹਿ ਮੰਤਰੀ ਨਾਲ ਕਰੀਬ ਅੱਧਾ ਘੰਟਾ ਬੈਠਕ ਹੋਈ ਸੀ। ਗਠਜੋੜ ’ਤੇ ਕੁਝ ਵੀ ਤਤਕਾਲ ਕਹਿ ਸਕਣਾ ਮੁਸ਼ਕਿਲ ਹੈ ਕਿਉਂਕਿ ਇਹ ਫ਼ੈਸਲਾ ਪਾਰਟੀ ਨੇ ਲੈਣਾ ਹੈ। ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਵੀ ਕਿਹਾ ਹੈ ਕਿ ਉਹ ਪਾਰਟੀ ਪਲੇਟਫਾਰਮ ’ਤੇ ਗੱਲ ਰੱਖਣਗੇ ਕਿਉਂਕਿ ਗਠਜੋੜ ਵਿਚ ਕਾਫ਼ੀ ਕੁਝ ਨਿਰਧਾਰਤ ਹੁੰਦਾ ਹੈ।
ਉੱਧਰ, ਢੀਂਡਸਾ ਦੇ ਇਸ ਬਿਆਨ ਨਾਲ ਪੰਜਾਬ ਦੀ ਰਾਜਨੀਤੀ ਭਖ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਨਾਲ ਢੀਂਡਸਾ ਦੀ ਗੱਲਬਾਤ ਦਾ ਸਵਾਗਤ ਕੀਤਾ ਹੈ। ਕੈਪਟਨ ਨੇ ਕਿਹਾ ਕਿ ਹਮਖਿਆਲੀ ਪਾਰਟੀਆਂ ਨੂੰ ਇਕ ਮੰਚ ’ਤੇ ਆਉਣਾ ਚਾਹੀਦਾ ਹੈ।
ਉਂਝ ਢੀਂਡਸਾ ਦਾ ਆਖਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਚਾਹੁੰਦਾ ਹੈ ਕਿ ਪੰਜਾਬ ਵਿਚ ਲੋਕ-ਹਿਤੈਸ਼ੀ ਪਾਰਟੀ ਬਣੇ, ਜਿਸ ਵਿਚ ਉਨ੍ਹਾਂ ਦਾ ਯੋਗਦਾਨ ਹੋਵੇ ਪਰ ਸਾਡੀ ਪਾਰਟੀ ਦਾ ਕੋਈ ਵੀ ਆਗੂ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਧਾਨ ਸਭਾ ਚੋਣਾਂ ’ਚ ਉਹ ਆਪਣੀ ਪਾਰਟੀ ਦਾ ਮੁੱਖ ਮੰਤਰੀ ਬਣਾਉਣਾ ਨਹੀਂ ਚਾਹੁੰਦੇ ਬਲਕਿ ਉਨ੍ਹਾਂ ਦਾ ਮੁੱਖ ਉਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਦੇ ਕਬਜ਼ੇ ਤੋਂ ਮੁਕਤ ਕਰਵਾਉਣਾ ਹੈ।