ਜਗਰਾਉਂ, 14 ਜੂਨ (ਰਛਪਾਲ ਸਿੰਘ ਸ਼ੇਰਪੁਰੀ) - ਅੱਜ ਇੱਥੇ ਸ਼ਹੀਦ ਕਰਨੈਲ ਸਿੰਘ ਇਸ਼ੜੂ ਭਵਨ ਵਿਖੇ ਪੰਜਾਬ ਪੈਨਸ਼ਨ ਯੂਨੀਅਨ ਜਿਲ੍ਹਾ ਲੁਧਿਆਣਾ ਦੀ ਮੀਟਿੰਗ ਮਨਜੀਤ ਸਿੰਘ ਮਨਸੂਰਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰ ਸ਼ਾਮਲ ਹੋਏ। ਪੰਜਾਬ ਪੈਨਸ਼ਨਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੇਲ ਸਿੰਘ ਮੈਲਡੇ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੱਛਲੇ ਸਮੇਂ ਵਿੱਚ ਐਮ.ਐਲ.ਏ., ਮੰਤਰੀ, ਅਤੇ ਡੀ.ਸੀ. ਧਰਨਿਆਂ ਮੁਜਾਹਰਿਆਂ ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਅਨੇਕਾਂ ਬਾਰ ਮੰਗ ਪੱਤਰ ਭੇਜੇ ਗਏ ਤੇ ਕਮਿਸ਼ਨ ਦੀ ਰਿਪੋਰਟ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਅੰਤਰਿਮ ਸਹਾਇਤਾ ਅਤੇ ਮੈਡੀਕਲ ਭੱਤਾ 3000/- ਰੁਪਏ ਪ੍ਰਤੀ ਮਹੀਨਾ ਪ੍ਰਾਪਤ ਕਰਨ ਲਈ ਸਾਂਝੇ ਵਿਸ਼ਾਲ ਏਕੇ ਅਤੇ ਸਾਂਝੇ ਸੰਘਰਸ਼ ਰਾਹੀਂ ਹੀ ਸੰਭਵ ਹੋ ਸਕਦਾ ਹੈ। ਐਮ.ਐਲ.ਏ. ਮੰਤਰੀਆਂ, ਅਧਿਕਾਰੀਆਂ ਨੂੰ ਸਰਕਾਰ ਵੱਡੇ ਵੱਡੇ ਵਿੱਤੀ ਲਾਭ ਦੇ ਰਹੀ ਹੈ। ਪਰ ਪੈਨਸ਼ਨਰਾਂ ਲਈ ਸਰਕਾਰ ਦਾ ਖਜਾਨਾ ਖਾਲੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਸੰਜੀਦਗੀ ਦਿਖਾਉਂਦੀ ਤਾਂ ਫਤਿਹਵੀਰ ਦੀ ਜਾਨ ਬਚ ਸਕਦੀ ਸੀ। ਇਸ ਮੀਟਿੰਗ ਵਿੱਚ ਪੈਨਸ਼ਨਰਜ਼ ਯੂਨੀਅਨ ਵੱਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਸਰਕਾਰ ਪੈਨਸ਼ਨਰਾਂ ਨੂੰ ਫੁੱਟੀ ਕੌਡੀ ਦੇਣ ਨੂੰ ਤਿਆਰ ਨਹੀਂ। ਪੈਨਸ਼ਨਰਾਂ ਦੇ ਮਨਾਂ ਵਿੱਚ ਰੋਸ਼ ਅਤੇ ਬੇਚੈਨੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਮੀਟਿੰਗ ਨੂੰ ਸ੍ਰੀ ਚਰਨ ਸਿੰਘ ਸ਼ਰਾਭਾ, ਸਰਪ੍ਰੱਸਤ ਗਵਰਨਮੈਂਟ ਸਕੂਲ ਟੀਚਰ ਯੂਨੀਅਨ ਮੁੱਖ ਆਗੂ ਪੈਨਸ਼ਨ ਯੂਨੀਅਨ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਮੁਲਾਜ਼ਮ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਅਧਾਰਿਆਂ ਹੱਕ ਵਿੱਚ ਹੈ। ਵੱਖ ਵੱਖ ਵਿਭਾਗਾਂ ਵਿੱਚ ਸਿੱਖਿਆ, ਸਿਹਤ, ਟ੍ਰਾਂਸਪੋਰਟ ਅਤੇ ਹੋਰ ਵਿਭਾਗਾਂ ਵਿੱਚ ਅਸਾਮੀਆਂ ਖਾਲੀ ਪਈਆਂ ਹਨ। ਸਰਕਾਰ ਇਹ ਖਾਲੀ ਅਸਾਮੀਆਂ ਭਰਨ ਨੂੰ ਤਿਆਰ ਨਹੀਂ ਅਤੇ ਨਿੱਤ ਵਰਤੋਂ ਦੀਆਂ ਵਸਤਾਂ ਮਹਿੰਗੀਆਂ ਹੋ ਰਹੀਆਂ ਹਨ ਤੇ ਮੁਲਾਜ਼ਮਾਂ ਪੈਨਸ਼ਨਰਾਂ ਲਈ ਸਰਕਾਰ ਕੁੱਝ ਵੀ ਦੇਣ ਲਈ ਤਿਆਰ ਨਹੀਂ ਹੈ। ਪਹਿਲੀਆਂ ਚੋਣਾਂ ਵਿੱਚ ਅਤੇ ਹੁਣ ਦੀਆਂ ਚੋਣਾਂ ਵਿੱਚ ਸਰਕਾਰ ਨੇ ਉਕਤ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਸਰਕਾਰ ਇਸ ਤੋਂ ਪਿੱਛੇ ਹੱਟ ਰਹੀ ਹੈ, ਇਸ ਲਈ ਪੈਨਸ਼ਨਰਾਂ ਨੂੰ ਵਿਸ਼ਾਲ ਏਕਤਾ ਅਤੇ ਵੱਡਾ ਇਕੱਠ ਕਰਨ ਦੀ ਸਖਤ ਜ਼ਰੂਰਤ ਹੈ। ਪ.ਸ.ਸ.ਫ. ਵੱਲੋਂ 15 ਜੂਨ ਨੂੰ ਮੋਗਾ ਵਿਖੇ ਕੀਤੀ ਜਾਣ ਵਾਲੀ ਕਨਵੈਨਸ਼ਨ ਵਿੱਚ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਅੱਜ ਦੀ ਮੀਟਿੰਗ ਵਿੱਚ ਸ੍ਰੀ ਹਰਬੰਸ ਸਿੰਘ ਪੰਧੇਰ, ਮਨਜੀਤ ਸਿੰਘ ਗਿੱਲ, ਸ੍ਰੀ ਹਰਜਿੰਦਰ ਸਿੰਘ ਸੀਲੋਂ, ਦਰਸ਼ਨ ਸਿੰਘ ਥਰੀਕੇ, ਸਤਪਾਲ ਗੁਪਤਾ ਡਿਪਟੀ ਜਨਰਲ ਸੈਕਟਰੀ ਪੰਜਾਬ, ਸੀਨੀਅਰ ਵਾਈਸ ਪ੍ਰਧਾਨ ਜਗਤਾਰ ਸਿੰਘ ਭੁੰਗਰਮੀ, ਮੁਕੰਦ ਲਾਲ ਕੈਸ਼ੀਅਰ, ਚਮਕੌਰ ਸਿੰਘ ਡੱਗਰੂ ਮੋਗਾ, ਪੋਹਲਾ ਸਿੰਘ ਬਰਾੜ ਮੋਗਾ, ਸੋਮਨਾਥ ਫਿਰੋਜ਼ਪੁਰ, ਮੋਹਨ ਸਿੰਘ ਮਰਵਾਹਾ, ਨੇ ਆਪਣੇ ਵਿਚਾਰ ਰੱਖੇ। ਸਰਕਾਰ ਦੀ ਤਿੱਖੀ ਨੁਕਤਾ ਚੀਨੀ ਕੀਤੀ ਗਈ।