ਕੈਨੇਡਾ 'ਚ 8ਵੀਂ ਵਿਸ਼ਵ ਪੰਜਾਬੀ ਕਾਨਫਰੰਸ ਕੋਵਿਡ ਕਾਰਣ ਅੱਗੇ ਪਈ
ਮਹਿਲ ਕਲਾਂ /ਬਰਨਾਲਾ -6 ਜੂਨ- (ਗੁਰਸੇਵਕ ਸਿੰਘ ਸੋਹੀ) -ਕੈਨੇਡਾ ਆਧਾਰਤ ਸੰਸਥਾ 'ਕੌਂਸਲ ਆਫ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ' ਵੱਲੋਂ ਚੇਅਰਮੈਨ ਰੋਸ਼ਨ ਪਾਠਕ ਦੀ ਅਗਵਾਈ ਹੇਠ ਹਰਿਆਣਾ ਚੈਪਟਰ ਵੱਲੋਂ ਡਾ. ਨਾਇਬ ਸਿੰਘ ਮੰਡੇਰ ਦੇ ਯਤਨਾਂ ਸਦਕਾ ਆਯੋਜਿਤ ਹੋਏ ਵੈੱਬਨਾਰ ਵਿੱਚ ਵੱਖ ਵੱਖ ਮੁਲਕਾਂ ਤੋਂ ਸੰਸਥਾ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਪੰਜਾਬ ਚੈਪਟਰ ਦੇ ਪ੍ਰਧਾਨ ਡਾ. ਕਮਲਜੀਤ ਸਿੰਘ ਟਿੱਬਾ ਨੇ ਕੌਂਸਲ ਆਫ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ ਕੈਨੇਡਾ ਦੀ ਸਮੀਖਿਆ ਰਿਪੋਰਟ ਪੇਸ਼ ਕੀਤੀ ਅਤੇ ਕੈਨੇਡਾ ਦੇ ਮਿਸੀਸਾਗਾ ਵਿੱਚ 8ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਕਾਨਫਰੰਸ ਵਿੱਚ ਪ੍ਰਸਿੱਧ ਵਿਦਵਾਨਾਂ ਵੱਲੋਂ ਲਿਖੇ ਖੋਜ ਪੱਤਰਾਂ ਦਾ ਇੱਕ ਸੋਵੀਨਾਰ ਜਾਰੀ ਕੀਤਾ ਜਾਵੇਗਾ, ਜੋ ਜਲਦ ਹੀ ਪ੍ਰਕਾਸ਼ਿਤ ਕੀਤਾ ਜਾਵੇਗਾ।ਸੰਸਥਾ ਦੇ ਕੌਮਾਂਤਰੀ ਚੇਅਰਮੈਨ ਰੋਸ਼ਨ ਲਾਲ ਪਾਠਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਵਿੱਚ 18,19 ਅਤੇ 20 ਜੂਨ 2021 ਨੂੰ ਹੋਣ ਵਾਲੀ ਕਾਨਫਰੰਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ ਪਰ ਕੋਰੋਨਾ ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਉਡਾਣਾਂ ਰੱਦ ਹੋਣ ਕਰਕੇ ਸੰਸਥਾ ਵੱਲੋਂ ਕੀਤੀ ਜਾ ਰਹੀ ਇਸ ਕਾਨਫ਼ਰੰਸ ਨੂੰ ਥੋੜ੍ਹੇ ਸਮੇਂ ਲਈ ਟਾਲਿਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ 25 ਜੂਨ 2021ਤੱਕ ਕੈਨੇਡਾ ਵਿੱਚ ਵੈਕਸੀਨੇਸ਼ਨ ਦਾ ਕੰਮ ਮੁਕੰਮਲ ਹੋ ਜਾਵੇਗਾ ਅਤੇ ਉਸ ਪਿੱਛੋਂ ਹੀ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ 20 ਮੁਲਕਾਂ ਤੋਂ ਪ੍ਰਸਿੱਧ ਵਿਦਵਾਨ ਅਤੇ ਡੈਲੀਗੇਟ ਇਸ ਕਾਨਫ਼ਰੰਸ ਵਿੱਚ ਸ਼ਾਮਲ ਹੋਣਗੇ ਅਤੇ ਸਮੂਹ ਡੈਲੀਗੇਟਾਂ ਨੂੰ ਸੰਸਥਾ ਵੱਲੋਂ ਵਿਸ਼ੇਸ਼ ਤੌਰ ਤੇ ਤੋਹਫ਼ੇ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ ਜਾਵੇਗਾ ਅਤੇ ਅੰਤਰਰਾਸ਼ਟਰੀ ਪੱਧਰ ਦਾ "ਵਿਸ਼ਵ ਸਾਂਤੀ ਪੁਰਸਕਾਰ" ਵੀ ਦਿੱਤਾ ਜਾਵੇਗਾ।ਚੇਅਰਮੈਨ ਰੋਸ਼ਨ ਪਾਠਕ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਕੈਨੇਡਾ ਸਮੇਤ ਯੂਰਪ ਅਤੇ ਏਸ਼ੀਆ ਦੇ ਹੋਰ ਮੁਲਕਾਂ ਵਿੱਚ ਵਿਸ਼ਵ ਸ਼ਾਂਤੀ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ ਪ੍ਰਸਾਰ ਲਈ ਵੱਡੀ ਪੱਧਰ ਤੇ ਕਾਰਜ ਕਰ ਰਹੀ ਹੈ।''ਵਿਸ਼ਵ ਸ਼ਾਂਤੀ ਵਿੱਚ ਪੰਜਾਬੀਆਂ ਦਾ ਯੋਗਦਾਨ'' ਬਾਰੇ ਹੋ ਰਹੀ ਕਾਨਫਰੰਸ ਬਾਰੇ ਹਰਿਆਣਾ ਚੈਪਟਰ ਦੇ ਪ੍ਰਧਾਨ ਡਾ.ਨਾਇਬ ਸਿੰਘ ਮੰਡੇਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਸਮੁੱਚੇ ਸੰਸਾਰ ਦੀ ਸਭ ਤੋਂ ਵੱਧ ਮਿੱਠੀ ਭਾਸ਼ਾ ਹੈ ਅਤੇ ਇਸ ਭਾਸ਼ਾ ਵਿੱਚ ਸਿੱਖ ਧਰਮ ਦੇ ਗੁਰੂਆਂ ਸੱਚੀ ਅਤੇ ਮਾਨਵਤਾਵਾਦੀ ਗੁਰਬਾਣੀ ਦੀ ਰਚਨਾ ਕੀਤੀ । ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਪੰਜਾਬ ਭਰ ਵਿੱਚ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਤੇ ਹਰਿਆਣਾ ਵਿੱਚੋਂ ਵੀ ਵੱਡੀ ਗਿਣਤੀ ਵਿਚ ਡੈਲੀਗੇਟ ਇਸ ਕਾਨਫ਼ਰੰਸ ਵਿੱਚ ਸ਼ਾਮਲ ਹੋਣਗੇ।ਮੀਟਿੰਗ ਦੌਰਾਨ ਸੰਸਥਾ ਦੇ ਮੀਡੀਆ ਸਪੋਕਸਪਰਸਨ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸੰਸਥਾ ਵਲੋਂ ਆਯੋਜਿਤ ਕੀਤੀ ਜਾ ਰਹੀ ਇਸ ਕਾਨਫਰੰਸ ਵਿੱਚ ਪੰਜਾਬ ਭਰ ਤੋਂ ਉੱਘੀਆਂ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ। ਇੰਗਲੈਂਡ ਤੋਂ ਕੁਲਵੰਤ ਕੌਰ ਚੰਨ ਨੇ ਇਸ ਵੈੱਬਨਾਰ ਵਿੱਚ ਸ਼ਾਮਲ ਹੁੰਦਿਆਂ ਆਪਣੀ ਇੱਕ ਕਵਿਤਾ ਪੇਸ਼ ਕੀਤੀ ਜਦਕਿ ਕੈਨੇਡਾ ਆਧਾਰਤ ਪਾਕਿਸਤਾਨੀ ਮੂਲ ਦੇ ਵਿਦਵਾਨ ਮਕਸੂਦ ਚੌਧਰੀ ਨੇ ਵੀ ਕਵਿਤਾ ਪੇਸ਼ ਕਰਕੇ ਚੰਗਾ ਰੰਗ ਬੰਨ੍ਹਿਆ। ਮੀਟਿੰਗ ਵਿਚ ਵੀਨਾ ਰਾਣੀ ਬਟਾਲਾ,ਕ੍ਰਿਸ਼ਨ ਸਿੰਘ, ਪ੍ਰੋ ਸੁਸ਼ੀਲ ਕੁਮਾਰ ਆਜ਼ਾਦ, ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ, ਡਾ ਦੇਵਿੰਦਰ ਬੀਬੀਪੁਰੀਆ ਕਰਨਾਲ,ਸਤਬੀਰ ਪੂਨੀਆ ਹਿਸਾਰ ਯੂਨੀਵਰਸਿਟੀ, ਰਸ਼ਮੀ ਸ਼ਰਮਾ, ਸੰਜੇ ਕੁਮਾਰ,ਅਵਨੀਤ ਕੌਰ, ਸੁਖਵਿੰਦਰ ਕੌਰ, ਰਣਜੀਤ ਸਿੰਘ, ਨਰਿੰਦਰ ਸਿੰਘ ਬਟਾਲਾ,ਡਾ ਰਵਿੰਦਰ ਕੌਰ ਭਾਟੀਆ, ਡਾ ਬੀਰਬਲ, ਹੈਪੀ ਸੇਠੀ ਰੱਤੀਆ, ਕ੍ਰਿਸ਼ਨ ਚਿੱਤਰਕਾਰ, ਆਸ਼ਾ ਸਰਮਾ ਤੇ ਡਾ. ਪ੍ਰਵੀਨ ਆਦਿ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਾਨਫ਼ਰੰਸ ਦੀ ਕਾਮਯਾਬੀ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ।