You are here

ਭਾਰਤ ਯਾਤਰਾ ਲਈ ਨਹੀਂ ਪਵੇਗੀ ਪੁਰਾਣੇ ਪਾਸਪੋਰਟ ਦੀ ਲੋੜ

ਵਿਦੇਸ਼ੀ ਭਾਰਤੀ ਨਾਗਰਿਕਾਂ ਦੀ ਵੱਡੀ ਚਿੰਤਾ ਹੋਈ ਦੂਰ

ਬਰਮਿੰਘਮ ,ਮਾਰਚ 2021-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)- - 

ਵਿਦੇਸ਼ੀ ਨਾਗਰਿਕ (ਓਸੀਆਈ) ਦਾ ਕਾਰਡ ਰੱਖਣ ਵਾਲੇ ਭਾਰਤੀ ਮੂਲ ਜਾਂ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਹੁਣ ਆਪਣੇ ਦੇਸ਼ ਆਉਣ ਲਈ ਪੁਰਾਣਾ ਪਾਸਪੋਰਟ ਨਾਲ ਰੱਖਣ ਦੀ ਲੋੜ ਨਹੀਂ ਹੈ। ਭਾਰਤੀ ਦੂਤਘਰ ਨੇ ਕੇਂਦਰ ਸਰਕਾਰ ਵੱਲੋਂ ਇਸ ਸਬੰਧ ਵਿਚ ਜਾਰੀ ਨੋਟੀਫਿਕੇਸ਼ਨ ਦਾ ਜ਼ਿਕਰ ਕਰਦੇ ਹੋਏ ਸੋਮਵਾਰ ਨੂੰ ਦੱਸਿਆ ਕਿ ਓਸੀਆਈ ਕਾਰਡ ਨਾਲ ਪੁਰਾਣਾ ਪਾਸਪੋਰਟ ਰੱਖਣ ਦੀ ਲਾਜ਼ਮੀਅਤਾ ਖ਼ਤਮ ਕਰ ਦਿੱਤੀ ਗਈ ਹੈ।

ਇਸ ਐਲਾਨ ਨੇ ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀਆਂ ਦੀ ਇਕ ਵੱਡੀ ਚਿੰਤਾ ਨੂੰ ਦੂਰ ਕਰ ਦਿੱਤਾ ਹੈ। ਦੂਤਘਰ ਵੱਲੋਂ ਕਿਹਾ ਗਿਆ ਹੈ ਕਿ ਹੁਣ ਤੋਂ ਪੁਰਾਣੇ ਪਾਸਪੋਰਟ ਗਿਣਤੀ ਵਾਲੇ ਮੌਜੂਦਾ ਓਸੀਆਈ ਕਾਰਡ ਦੇ ਸਹਾਰੇ ਯਾਤਰਾ ਕਰਨ ਵਾਲੇ ਵਿਅਕਤੀ ਨੂੰ ਪੁਰਾਣਾ ਪਾਸਪੋਰਟ ਨਾਲ ਰੱਖਣ ਦੀ ਲੋੜ ਨਹੀਂ ਹੈ। ਹਾਲਾਂਕਿ ਨਵਾਂ ਪਾਸਪੋਰਟ ਨਾਲ ਰੱਖਣਾ ਲਾਜ਼ਮੀ ਹੋਵੇਗਾ। ਭਾਰਤ ਸਰਕਾਰ ਨੇ 20 ਸਾਲ ਤੋਂ ਘੱਟ ਅਤੇ 50 ਸਾਲ ਤੋਂ ਵੱਧ ਦੀ ਉਮਰ ਵਾਲੇ ਕਾਰਡ ਧਾਰਕਾਂ ਲਈ ਓਸੀਆਈ ਕਾਰਡ ਦੁਬਾਰਾ ਜਾਰੀ ਕਰਨ ਦੀ ਸਮਾਂ ਸੀਮਾ ਨੂੰ ਵਧਾ ਕੇ 31 ਦਸੰਬਰ, 2021 ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਸਾਲ 2005 ਵਿਚ ਲਾਗੂ ਓਸੀਆਈ ਦੇ ਦਿਸ਼ਾ-ਨਿਰਦੇਸ਼ ਅਨੁਸਾਰ 20 ਸਾਲ ਤੋਂ ਘੱਟ ਅਤੇ 50 ਸਾਲ ਤੋਂ ਵੱਧ ਉਮਰ ਦੇ ਕਾਰਡ ਧਾਰਕਾਂ ਨੂੰ ਹਰ ਵਾਰ ਨਵਾਂ ਪਾਸਪੋਰਟ ਬਣਵਾਉਣ 'ਤੇ ਆਪਣਾ ਕਾਰਡ ਦੁਬਾਰਾ ਜਾਰੀ ਕਰਾਉਣਾ ਹੁੰਦਾ ਹੈ। ਭਾਰਤ ਸਰਕਾਰ ਨੇ ਕੋਰੋਨਾ ਮਹਾਮਾਰੀ ਕਾਰਨ ਇਸ ਦੀ ਸਮਾਂ ਸੀਮਾ ਕਈ ਵਾਰ ਵਧਾਈ ਹੈ ਪ੍ਰੰਤੂ ਓਸੀਆਈ ਕਾਰਡ ਧਾਰਕਾਂ ਲਈ ਯਾਤਰਾ ਦੌਰਾਨ ਪੁਰਾਣੇ ਪਾਸਪੋਰਟਾਂ ਨੂੰ ਨਾਲ ਰੱਖਣ ਦੀ ਲਾਜ਼ਮੀਅਤਾ ਵਿਚ ਛੋਟ ਪਹਿਲੀ ਵਾਰ ਦਿੱਤੀ ਗਈ ਹੈ।