ਨਾਰਵੇ / ਲੰਡਨ,ਜਨਵਰੀ 2021 -(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-
ਬਰਤਾਨੀਆ ਆਧਾਰਿਤ ਗੈਰ-ਸਰਕਾਰੀ ਜਥੇਬੰਦੀ ਖਾਲਸਾ ਏਡ ਨੂੰ ਨੋਬੇਲ ਸ਼ਾਂਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਕੈਨੇਡਾ ਦੇ ਸੰਸਦ ਮੈਂਬਰ ਟਿਮ ਉਪਲ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਤੇ ਬਰੈਂਪਟਨ ਦੱਖਣੀ ਦੇ ਐਮਪੀਪੀ ਪ੍ਰਭਮੀਤ ਸਿੰਘ ਸਰਕਾਰੀਆ ਨੇ ਸਰਕਾਰੀ ਤੌਰ ’ਤੇ ਖਾਲਸਾ ਏਡ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਨਾਰਵੇ ਨੋਬੇਲ ਕਮੇਟੀ ਦੇ ਮੁਖੀ ਬੇਰਿਟ ਰੀਸ ਐਂਡਰਸਨ ਨੂੰ ਲਿਖੇ ਪੱਤਰ ਵਿਚ ਟਿਮ ਉਪਲ ਨੇ ਕਿਹਾ ਹੈ ਕਿ ਖਾਲਸਾ ਏਡ ਕੌਮਾਂਤਰੀ ਐਨਜੀਓ ਹੈ, ਜੋ ਆਫਤਾਂ ਅਤੇ ਸੰਘਰਸ਼ ਵਾਲੇ ਮੁਲਕਾਂ ਵਿਚ ਬਿਨਾਂ ਕਿਸੇ ਵਿਤਕਰੇ ਦੇ ਲੋਕਾਂ ਨੂੰ ਸਹਾਇਤਾ ਦਿੰਦੀ ਹੈ। ਸ੍ਰੀ ਉਪਲ ਨੇ ਲਿਖਿਆ ਹੈ ਕਿ ਖਾਲਸਾ ਏਡ ਸਿੱਖ ਵਿਚਾਰਧਾਰਾ ਸਰਬੱਤ ਦਾ ਭਲਾ ਤੋਂ ਪ੍ਰੇਰਿਤ ਹੈ ਜਿਸ ਦਾ ਟੀਚਾ ਬਿਨਾਂ ਕਿਸੇ ਨਸਲ, ਧਰਮ ਤੇ ਸਰਹੱਦਾਂ ਦੇ ਲੋੜਵੰਦਾਂ ਦੀ ਸਹਾਇਤਾ ਕਰਨਾ ਹੈ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਸੋਸ਼ਲ ਮੀਡੀਆ ’ਤੇ ਕਿਹਾ ਹੈ ਕਿ ਉਹ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਹੋਣ ’ਤੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਦੁਨੀਆਂ ਭਰ ਵਿਚ ਆਪਣੀ ਟੀਮ ਤੇ ਵਾਲੰਟੀਅਰਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਦੀ ਬਦੌਲਤ ਇਸ ਵੱਕਾਰੀ ਪੁਰਸਕਾਰ ਲਈ ਜਥੇਬੰਦੀ ਦੀ ਨਾਮਜ਼ਦਗੀ ਹੋਈ ਹੈ।