You are here

ਫ਼ਾਨੀ ਤੂਫ਼ਾਨ ਨਾਲ ਮੌਤਾਂ ਦੀ ਗਿਣਤੀ 16 ਹੋਈ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਭੁਬਨੇਸ਼ਵਰ, ਮਈ ਚੱਕਰਵਾਤੀ ਤੂਫ਼ਾਨ ‘ਫ਼ਾਨੀ’ ਦੀ ਮਾਰ ਹੇਠ ਆਏ ਉੜੀਸਾ ’ਚ ਸ਼ਨਿਚਰਵਾਰ ਨੂੰ ਜੰਗੀ ਪੱਧਰ ’ਤੇ ਰਾਹਤ ਕਾਰਜ ਸ਼ੁਰੂ ਹੋ ਗਏ ਹਨ। ਸੂਬੇ ਦੇ 10 ਹਜ਼ਾਰ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ’ਚ ਕਰੀਬ ਦੋ ਹਜ਼ਾਰ ਐਮਰਜੈਂਸੀ ਵਰਕਰ, ਐਨਡੀਆਰਐਫ ਦੇ ਜਵਾਨ, ਉੜੀਸਾ ਡਿਜ਼ਾਸਟਰ ਰੈਪਿਡ ਐਕਸ਼ਨ ਫੋਰਸ ਅਤੇ ਇਕ ਲੱਖ ਅਧਿਕਾਰੀ ਮੁੜ ਵਸੇਬਾ ਕੰਮਾਂ ’ਚ ਜੁਟ ਗਏ ਹਨ। ਇਸ ਦੌਰਾਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ। ਪੁਰੀ ’ਚ ਸ਼ੁੱਕਰਵਾਰ ਨੂੰ ਟਕਰਾਇਆ ਚੱਕਰਵਾਤੀ ਤੂਫ਼ਾਨ ਪੱਛਮੀ ਬੰਗਾਲ ’ਚ ਦਾਖ਼ਲ ਹੋਣ ਤੋਂ ਪਹਿਲਾਂ ਕਮਜ਼ੋਰ ਪੈ ਗਿਆ। ਉਂਜ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ’ਚ ਮਾਲੀ ਨੁਕਸਾਨ ਹੋਇਆ ਹੈ। ਇਸ ਦੌਰਾਨ ਭੁਬਨੇਸ਼ਵਰ ਅਤੇ ਕੋਲਕਾਤਾ ਤੋਂ ਹਵਾਈ ਉਡਾਣਾਂ ਬਹਾਲ ਹੋ ਗਈਆਂ। ਸੰਯੁਕਤ ਰਾਸ਼ਟਰ ਦੀ ਆਫ਼ਤ ਘਟਾਉਣ ਸਬੰਧੀ ਏਜੰਸੀ ਨੇ ਭਾਰਤੀ ਮੌਸਮ ਵਿਭਾਗ ਵੱਲੋਂ ਤੂਫ਼ਾਨ ਦੀ ਪਹਿਲਾਂ ਜਾਣਕਾਰੀ ਦੇਣ ਦੀ ਸ਼ਲਾਘਾ ਕੀਤੀ ਹੈ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਉਨ੍ਹਾਂ ਕਿਹਾ,‘‘ਇਹ ਗਰਮੀਆਂ ’ਚ ਆਇਆ ਵਿਰਲਿਆਂ ’ਚੋਂ ਵਿਰਲਾ ਚੱਕਰਵਾਤੀ ਤੂਫ਼ਾਨ ਹੈ। ਪਿਛਲੇ 43 ਸਾਲਾਂ ’ਚ ਪਹਿਲਾ ਅਤੇ 150 ਸਾਲਾਂ ’ਚ ਤੀਜਾ ਜਬਰਦਸਤ ਤੂਫ਼ਾਨ ਹੈ ਜਿਸ ਦੀ ਮਾਰ ਹੇਠ ਸੂਬਾ ਆਇਆ ਹੈ।’’ ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਸ੍ਰੀ ਪਟਨਾਇਕ ਤੋਂ ‘ਫ਼ਾਨੀ’ ਮਗਰੋਂ ਸੂਬੇ ਦੇ ਹਾਲਾਤ ਬਾਰੇ ਜਾਣਕਾਰੀ ਲਈ, ਐਤਵਾਰ ਜਾਂ ਸੋਮਵਾਰ ਨੂੰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਸਕਦੇ ਹਨ। ਉਨ੍ਹਾਂ ਸੂਬੇ ਨੂੰ ਕੇਂਦਰ ਤੋਂ ਹਰ ਸੰਭਵ ਹਮਾਇਤ ਦੇਣ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ ਦੇ ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨਾਲ ਵੀ ਗੱਲ ਕਰਕੇ ‘ਫ਼ਾਨੀ’ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ।
ਮੁੱਖ ਮੰਤਰੀ ਨੇ ਕਿਹਾ ਕਿ ਪੁਰੀ ਅਤੇ ਖੁਰਦਾ ਦੇ ਜ਼ਿਲ੍ਹਿਆਂ ’ਚ ਭਾਰੀ ਨੁਕਸਾਨ ਹੋਇਆ ਹੈ ਅਤੇ ਸੈਂਕੜੇ ਇੰਜਨੀਅਰਾਂ ਅਤੇ ਤਕਨੀਸ਼ਨਾਂ ਵੱਲੋਂ ਬਿਜਲੀ ਸਪਲਾਈ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਲ ਸੈਨਾ ਵੱਲੋਂ ਆਈਐਨਐਸ ਚਿਲਕਾ ਦੀ ਟੀਮ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਤਾਇਨਾਤ ਕਰ ਦਿੱਤੀ ਗਈ ਜਿਨ੍ਹਾਂ ਵੱਲੋਂ ਦਰੱਖ਼ਤਾਂ ਨੂੰ ਕੱਟਣ ਅਤੇ ਹਟਾਉਣ ’ਚ ਸਹਾਇਤਾ ਕੀਤੀ ਗਈ। ਜਲ ਸੈਨਾ ਦੇ ਡੋਰਨੀਅਰ ਜਹਾਜ਼ ਨੇ ਪੁਰੀ ਦਾ ਹਵਾਈ ਸਰਵੇਖਣ ਕੀਤਾ ਜਿਥੇ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਪੱਛਮੀ ਬੰਗਾਲ ’ਚ ਬਚਾਅ ਹੋਇਆ: ਪੱਛਮੀ ਬੰਗਾਲ ’ਚ ‘ਫ਼ਾਨੀ’ ਨੇ ਬਹੁਤਾ ਨੁਕਸਾਨ ਨਹੀਂ ਕੀਤਾ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਤੂਫ਼ਾਨ ਸ਼ਨਿਚਰਵਾਰ ਨੂੰ ਕਮਜ਼ੋਰ ਪੈ ਗਿਆ ਅਤੇ ਉਹ ਬੰਗਲਾਦੇਸ਼ ਵੱਲ ਵੱਧ ਗਿਆ। ਇਸ ਮਗਰੋਂ ਕੋਲਕਾਤਾ ਹਵਾਈ ਅੱਡੇ ਤੋਂ ਹਵਾਈ ਉਡਾਣਾਂ ਸ਼ੁਰੂ ਹੋ ਗਈਆਂ ਅਤੇ ਸਿਆਲਦਾ ਤੇ ਹਾਵੜਾ ਸੈਕਸ਼ਨ ’ਤੇ ਰੇਲ ਸੇਵਾਵਾਂ ਬਹਾਲ ਹੋ ਗਈਆਂ। ਕੋਲਕਾਤਾ ਪੋਰਟ ਟਰੱਸਟ ਨੇ ਵੀ ਹਲਦੀਆ ਅਤੇ ਕੋਲਕਾਤਾ ਬੰਦਰਗਾਹਾਂ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ। ਬੰਗਾਲ ’ਚ 850 ਕੱਚੇ ਘਰ ਅੰਸ਼ਕ ਤੌਰ ’ਤੇ ਨੁਕਸਾਨੇ ਗਏ ਜਦਕਿ 12 ਬਿਲਕੁਲ ਢਹਿ ਗਏ। ਕਰੀਬ 42,000 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਸੀ।
ਆਂਧਰਾ ’ਚ ਨਾਰੀਅਲ ਦੇ 10 ਹਜ਼ਾਰ ਦਰੱਖਤ ਟੁੱਟੇ, 58.6 ਕਰੋੜ ਦਾ ਨੁਕਸਾਨ: ਚੱਕਰਵਾਤੀ ਤੂਫ਼ਾਨ ‘ਫ਼ਾਨੀ’ ਨਾਲ ਆਂਧਰਾ ਪ੍ਰਦੇਸ਼ ’ਚ ਨਾਰੀਅਲ ਦੇ 10 ਹਜ਼ਾਰ ਦਰੱਖਤ ਟੁੱਟ ਗਏ ਅਤੇ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ। ਤੂਫ਼ਾਨ ਨਾਲ ਸੂਬੇ ’ਚ 58.61 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸ੍ਰੀਕਾਕੁਲਮ ਜ਼ਿਲ੍ਹੇ ’ਚ ਤਬਾਹੀ ਦਾ ਮੰਜ਼ਰ ਨਜ਼ਰ ਆਇਆ। ਤੂਫ਼ਾਨ ਕਾਰਨ ਨੁਕਸਾਨੇ ਗਏ 218 ਮੋਬਾਈਲ ਫੋਨ ਟਾਵਰਾਂ ਨੂੰ ਬਹਾਲ ਕਰ ਦਿੱਤਾ ਗਿਆ। ਕੁਲ 733 ਪਿੰਡਾਂ ’ਚੋਂ 659 ’ਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।