You are here

ਭਾਰਤ 'ਚ 24 ਘੰਟਿਆਂ 'ਚ 8,380 ਨਵੇਂ ਮਾਮਲੇ ਆਏ ਸਾਹਮਣੇ 

ਮੌਤਾਂ ਦੀ ਗਿਣਤੀ 193 

ਨਵੀਂ ਦਿੱਲੀ , ਜੂਨ 2020 -(ਏਜੰਸੀ)-ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੀ ਰਫ਼ਤਾਰ ਰੁਕਦੀ ਨਜ਼ਰ ਨਹੀਂ ਆ ਰਹੀ ਹੈ। ਅਜਿਹੇ ਸਮੇਂ ਇਕ ਜੂਨ ਤੋਂ ਪਾਬੰਦੀਆਂ ਵਿਚ ਜ਼ਿਆਦਾ ਢਿੱਲ ਦੇ ਨਾਲ ਇਨਫੈਕਸ਼ਨ ਦੇ ਹੋਰ ਫੈਲਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਦਿੱਲੀ ਦੇ ਨਾਲ ਹੀ ਤਾਮਿਲਨਾਡੂ ਵਿਚ ਨਵੇਂ ਮਾਮਲੇ ਰੋਜ਼ਾਨਾ ਵੱਧ ਰਹੇ ਹਨ। ਮਹਾਰਾਸ਼ਟਰ, ਗੁਜਰਾਤ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿਚ ਤਾਂ ਪਹਿਲੇ ਤੋਂ ਹੀ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਸਨ। ਇਨ੍ਹਾਂ ਸਭ ਨੂੰ ਮਿਲਾ ਕੇ ਦੇਸ਼ ਵਿਚ ਇਨਫੈਕਸ਼ਨ ਦਾ ਗ੍ਰਾਫ਼ ਤੇਜ਼ੀ ਨਾਲ ਉਪਰ ਚੜ੍ਹ ਰਿਹਾ ਹੈ। ਐਤਵਾਰ ਨੂੰ ਵੀ ਛੇ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਅਤੇ 150 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਸਭ ਤੋਂ ਵੱਧ 8,380 ਨਵੇਂ ਮਾਮਲੇ ਸਾਹਮਣੇ ਆਏ ਅਤੇ 193 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਪ੍ਰਭਾਵਿਤ ਦਾ ਅੰਕੜਾ 1,82,143 'ਤੇ ਪੁੱਜ ਗਿਆ ਹੈ ਜਦਕਿ 5,164 ਲੋਕਾਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਅਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ ਵਿਚ ਅੰਤਰ ਦਾ ਕਾਰਨ ਰਾਜਾਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ ਵਿਚ ਹੋਣ ਵਾਲੀ ਦੇਰੀ ਹੈ। ਇਸ ਦੇ ਇਲਾਵਾ ਕਈ ਏਜੰਸੀਆਂ ਰਾਜਾਂ ਤੋਂ ਸਿੱਧੇ ਅੰਕੜੇ ਇਕੱਠੇ ਕਰਦੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਵਿਚ ਇਕ ਦਿਨ ਪਹਿਲੇ ਹੀ ਦੇਰ ਰਾਤ ਤਕ ਦੇ ਮਾਮਲੇ ਸ਼ਾਮਲ ਹੁੰਦੇ ਹਨ।

ਰਾਜਾਂ ਅਤੇ ਕੇਂਦਰ ਸ਼ਾਸਿਤ ਰਾਜਾਂ ਤੋਂ ਮਿਲੀਆਂ ਸੂਚਨਾਵਾਂ ਅਨੁਸਾਰ ਐਤਵਾਰ ਨੂੰ 6,211 ਨਵੇਂ ਮਾਮਲੇ ਸਾਹਮਣੇ ਆਏ ਅਤੇ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ ਵੱਧ ਕੇ 1,83,003 ਹੋ ਗਈ। ਸਰਗਰਮ ਕੇਸ 89,400 ਹਨ। ਹੁਣ ਤਕ 88,335 ਲੋਕ ਪੂਰੀ ਤਰ੍ਹਾਂ ਸਿਹਤਯਾਬ ਹੋ ਕੇ ਘਰ ਪਰਤ ਚੁੱਕੇ ਹਨ। ਹੁਣ ਤਕ 5,268 ਮਰੀਜ਼ਾਂ ਦੀ ਜਾਨ ਵੀ ਜਾ ਚੁੱਕੀ ਹੈ। ਐਤਵਾਰ ਨੂੰ ਵੀ 168 ਲੋਕਾਂ ਦੀ ਮੌਤ ਹੋਈ ਜਿਸ ਨਾਲ ਸਭ ਤੋਂ ਵੱਧ ਮਹਾਰਾਸ਼ਟਰ ਵਿਚ 89, ਦਿੱਲੀ ਵਿਚ 57, ਤਾਮਿਲਨਾਡੂ ਵਿਚ 13, ਬੰਗਾਲ ਵਿਚ ਅੱਠ ਅਤੇ ਰਾਜਸਥਾਨ ਵਿਚ ਇਕ ਮੌਤ ਸ਼ਾਮਲ ਹੈ।

ਦਿੱਲੀ ਦੇ ਹਾਲਾਤ ਡਰਾਉਣ ਲੱਗੇ

ਰਾਜਧਾਨੀ ਦਿੱਲੀ ਵਿਚ ਵੱਧਦਾ ਇਨਫੈਕਸ਼ਨ ਡਰਾਉਣ ਲੱਗਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਸਾਰੀਆਂ ਪਾਬੰਦੀਆਂ ਅਤੇ ਕੰਟੇਨਮੈਂਟ ਜ਼ੋਨ ਬਣਾਏ ਜਾਣ ਦੇ ਬਾਵਜੂਦ ਇਨਫੈਕਸ਼ਨ ਦੇ ਫੈਲਣ 'ਤੇ ਰੋਕ ਨਹੀਂ ਲੱਗ ਸਕੀ। ਨਵੇਂ ਮਾਮਲਿਆਂ ਵਿਚ ਰੋਜ਼ਾਨਾ ਵਾਧਾ ਹੀ ਹੋ ਰਿਹਾ ਹੈ। ਐਤਵਾਰ ਨੂੰ 1,295 ਨਵੇਂ ਮਾਮਲੇ ਸਾਹਮਣੇ ਆਏ ਜੋ ਹੁਣ ਤਕ ਇਕ ਦਿਨ ਵਿਚ ਆਏ ਸਭ ਤੋਂ ਜ਼ਿਆਦਾ ਮਾਮਲੇ ਹਨ। ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 19,844 ਹੋ ਗਈ ਹੈ। ਹੁਣ ਤਕ 473 ਲੋਕਾਂ ਦੀ ਮੌਤ ਵੀ ਹੋ ਚੁਕੀ ਹੈ।