ਲੁਧਿਆਣਾ, ਨਵੰਬਰ 2019- (ਮਨਜਿੰਦਰ ਗਿੱਲ )-
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡਿਵੀਜ਼ਨ ਨੰਬਰ 3 ਵਿਖੇ ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਓਰੋ (ਡੀ.ਬੀ.ਈ.ਈ.) ਵੱਲੋਂ 10+2 ਦੇ ਬਾਅਦ ਕਰੀਅਰ ਦੇ ਮੌਕੇਂ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ 68 ਵਿਦਿਆਰਥੀਆਂ ਨੇ ਹਿੱਸਾ ਲਿਆ। ਡੀਬੀਈਈ ਦੀ ਸੀਈਓ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ 10+2 ਕਲਾਸ ਤੋਂ ਬਾਅਦ ਕੈਰੀਅਰ ਦੇ ਮੌਕਿਆਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਡੀ.ਬੀ.ਈ.ਈ. ਦੇ ਡਿਪਟੀ ਸੀਈਓ ਨਵਦੀਪ ਸਿੰਘ ਅਤੇ ਕਰੀਅਰ ਕੌਂਸਲਰ ਡਾ. ਨਿਧੀ ਸਿੰਘੀ ਨੇ ਘਰ-ਘਰ ਰੋਜ਼ਗਾਰ ਮਿਸ਼ਨ ਦੇ ਵੱਖ ਵੱਖ ਪਹਿਲੂਆਂ, ਡੀ.ਬੀ.ਈ.ਈ. ਦੁਆਰਾ ਦਿੱਤੀਆਂ ਜਾ ਰਹੀਆਂ ਸਹੂਲਤਾਂ, ਡੀ.ਬੀ.ਈ.ਈ. ਦੁਆਰਾ ਦਿੱਤੀਆਂ ਜਾ ਰਹੀਆਂ ਨੌਕਰੀਆਂ ਦੇ ਅਵਸਰ, ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਹੁਨਰ ਸਿਖਲਾਈ ਕੋਰਸਾਂ ਅਤੇ ਵਿਦੇਸ਼ ਜਾਣ ਦੇ ਮੌਕੇ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਸੈਮੀਨਾਰ ਦੌਰਾਨ ਡਿਪਟੀ ਸੀਈਓ ਨਵਦੀਪ ਸਿੰਘ ਨੇ ਨੌਜਵਾਨ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਡੀ.ਬੀ.ਈ.ਈ. ਹਰ ਸ਼ੁੱਕਰਵਾਰ ਨੂੰ ਡੀ.ਬੀ.ਈ.ਈ. ਦਫਤਰ ਪ੍ਰਤਾਪ ਚੌਂਕ ਵਿਖੇ ਸਵੇਰੇ 10:30 ਵਜੇ ਤੋਂ ਦੁਪਹਿਰ 1 ਵਜੇ ਤੱਕ ਪਲੇਸਮੈਂਟ ਕੈਂਪ ਦਾ ਆਯੋਜਨ ਕਰਦਾ ਹੈ, ਜਿਸ ਲਈ ਵਿਦਿਅਕ ਯੋਗਤਾ 10ਵੀਂ, 12ਵੀ., ਗ੍ਰੈਜੂਏਸ਼ਨ, ਆਈ.ਟੀ.ਆਈ. ਅਤੇ ਵੱਖ-ਵੱਖ ਡਿਪਲੋਮਾ ਹੈ।