ਮੁੱਲ਼ਾਂਪੁਰ ਦਾਖਾ 27 ਮਈ(ਸਤਵਿੰਦਰ ਸਿੰਘ ਗਿੱਲ) ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਪੰਜਾਬ ਭਰ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾ ਦੇ ਘਰਾਂ ਦਾ ਘਿਰਾਓ ਕਰਨ ਲਈ ਕਮਰ ਕਸੇ ਕਰ ਲਏ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜਿਲਾ ਲੁਧਿਆਣਾ ਪ੍ਰਧਾਨ ਮੈਡਮ ਗੁਰਅਮਿੰਰਤ ਕੌਰ ਲੀਹਾਂ ਅਤੇ ਬਲਾਕ ਸਿੱਧਵਾਂ ਬੇਟ ਪ੍ਰਧਾਨ ਮੈਡਮ ਮਨਜੀਤ ਕੌਰ ਢਿੱਲੋਂ ਬਰਸਾਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਆਂਗਣਵਾੜੀ ਵਰਕਰਾਂ ਦੀਆਂ ਛੁੱਟੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸੇ ਤਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਚਿੱਠੀ ਜਾਰੀ ਕੀਤੀ ਗਈ ਹੈ ਕਿ ਇੱਕ ਆਂਗਣਵਾੜੀ ਸੈਂਟਰ ਵਿਚ ਦੋ ਵਰਕਰਾਂ ਨਹੀਂ ਬੈਠ ਸਕਣਗੀਆਂ ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਲਗਭਗ 27 ਹਜਾਰ ਆਂਗਣਵਾੜੀ ਵਰਕਰਾਂ ਹਨ ,ਪਰ ਸਰਕਾਰੀ ਇਮਾਰਤਾਂ ਸਿਰਫ 8 ਕੁ ਹਜ਼ਾਰ ਹਨ ।ਉਹਨਾਂ ਕਿਹਾ ਕਿ 19 ਹਜਾਰ ਆਂਗਣਵਾੜੀ ਸੈਂਟਰਾ ਦੀਆਂ ਇਮਾਰਤਾ ਵੀ ਨਹੀਂ ਹਨ ਅਤੇ ਹੋਰ ਆਂਗਣਵਾੜੀ ਸੈਂਟਰ ਲਗਾਉਣ ਲਈ ਕਿੱਧਰੇ ਥਾਂ ਵੀ ਨਹੀਂ ਹੈ । ਪਹਿਲਾਂ ਵਾਲੇ ਸੈਂਟਰ ਵੀ ਖੰਡਰ ਹੋ ਚੁੱਕੀਆਂ ਧਰਮਸ਼ਾਲਾ ਵਿੱਚ ਚੱਲ ਰਹੇ ਹਨ ਅਤੇ ਇੱਕ ਆਂਗਣਵਾੜੀ ਸੈਂਟਰ ਵਿਚ ਕਈ ਵਰਕਰਾਂ ਅਤੇ ਹੈਲਪਰਾਂ ਬੈਠਦੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਭਾਗ ਛੁੱਟੀਆਂ ਬੰਦ ਕਰਨ ਵਾਲਾ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਹੋਰ ਵਰਕਰਾਂ ਨੂੰ ਨਾ ਬਿਠਾਏ ਜਾਣ ਵਾਲਾ ਆਪਣਾ ਫੈਸਲਾ ਵਾਪਸ ਲਵੇ ,ਉਹਨਾਂ ਕਿਹਾ ਕਿ ਜਿੰਨਾ ਸਮਾਂ ਇਹ ਚਿੱਠੀਆਂ ਵਾਪਸ ਨਹੀਂ ਲਈਆ ਜਾਂਦੀਆਂ ਜੱਥੇਬੰਦੀ ਵੱਲੋਂ ਇਸੇ ਤਰਾਂ ਸੰਘਰਸ਼ ਜਾਰੀ ਰਹੇਗਾ । ਇਸ ਸਮੇਂ ਇਹਨਾਂ ਦੇ ਨਾਲ ਵੱਡੀ ਗਿਣਤੀ ਆਂਗਣਵਾੜੀ ਵਰਕਰਾਂ ਹਾਜ਼ਰ ਸਨ ।