ਲੁਧਿਆਣਾ, ਜੁਲਾਈ 2018( ਮਨਜਿੰਦਰ ਗਿੱਲ )-ਹਲਕਾ ਸ੍ਰੀ ਫਤਹਿਗੜ ਸਾਹਿਬ ਤੋਂ ਪਹਿਲੀ ਵਾਰ ਚੁਣ ਕੇ ਗਏ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਕੇਂਦਰ ਸਰਕਾਰ ਤੋਂ ਇਤਿਹਾਸਕ ਨਗਰ ਸ੍ਰੀ ਫਤਹਿਗੜ ਸਾਹਿਬ ਨੂੰ ਅੰਤਰਰਾਸ਼ਟਰੀ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੀ ਮੰਗ ਕੀਤੀ ਹੈ।ਇਸ ਮੰਗ ਨੂੰ ਪੂਰਾ ਕਰਾਉਣ ਲਈ ਉਨਾਂ ਅੱਜ ਕੇਂਦਰੀ ਸੱਭਿਆਚਾਰ ਅਤੇ ਸੈਰ ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਪ੍ਰਹਲਾਦ ਸਿੰਘ ਪਟੇਲ ਨਾਲ ਨਵੀਂ ਦਿੱਲੀ ਸਥਿਤ ਉਨਾਂ ਦੇ ਦਫ਼ਤਰ ਵਿਖੇ ਮੀਟਿੰਗ ਕੀਤੀ। ਡਾਕਟਰ ਅਮਰ ਸਿੰਘ ਨੇ ਕਿਹਾ ਕਿ ਸ੍ਰੀ ਫਤਹਿਗੜ ਸਾਹਿਬ ਨਗਰ ਸਿੱਖ ਧਰਮ ਦੇ ਅਨੁਯਾਈਆਂ ਅਤੇ ਮਾਨਵਤਾ ਦੀ ਹਾਮੀ ਭਰਨ ਵਾਲੇ ਲੋਕਾਂ ਵਿੱਚ ਕਾਫ਼ੀ ਮਹੱਤਵਪੂਰਨ ਸਥਾਨ ਰੱਖਦਾ ਹੈ।ਉਨਾਂ ਛੋਟੇ ਸਾਹਿਬਜ਼ਾਦਿਆਂ ਦੀ ਨਿੱਕੀ ਉਮਰੇ ਵੱਡੀ ਕੁਰਬਾਨੀ ਦੀ ਇਤਿਹਾਸਕਤਾ ਨੂੰ ਆਲਮੀ ਪੱਧਰ ਉੱਤੇ ਜਾਣੂ ਕਰਾਉਣ ਲਈ ਇਸ ਨਗਰ ਵਿੱਚ ਉੱਚ ਪੱਧਰ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਲਈ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ । ਉਨਾਂ ਆਪਣੀ ਮੰਗ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਇਸ ਸਥਾਨ ਉੱਪਰ ਸਾਲਾਨਾ ਕਰੋੜਾਂ ਲੋਕ ਦਰਸ਼ਨ ਕਰਨ ਲਈ ਪੁੱਜਦੇ ਹਨ, ਜਿਸ ਕਾਰਨ ਇਸ ਨਗਰ ਨੂੰ ਬੁਨਿਆਦੀ ਤੌਰ ਉੱਪਰ ਵਿਕਸਤ ਕਰਨਾ ਸਮੇਂ ਦੀ ਵੱਡੀ ਲੋੜ ਹੈ। ਪ੍ਰਹਲਾਦ ਸਿੰਘ ਪਟੇਲ ਨੇ ਡਾ. ਅਮਰ ਸਿੰਘ ਦੀ ਮੰਗ ਸਵੀਕਾਰ ਕਰਦਿਆਂ ਇਸ ਪਾਸੇ ਕਾਰਵਾਈ ਆਰੰਭਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨਾਂ ਨਾਲ ਕਾਮਿਲ ਬੋਪਾਰਾਏ, ਜਗਪ੍ਰੀਤ ਸਿੰਘ ਬੁੱਟਰ ਅਤੇ ਹੋਰ ਹਾਜ਼ਰ ਸਨ।