ਮਹਿਲ ਕਲਾਂ /ਬਰਨਾਲਾ- 24 ਅਪ੍ਰੈਲ- ( ਗੁਰਸੇਵਕ ਸਿੰਘ ਸੋਹੀ ) ਪਿਛਲੇ ਕੁੱਝ ਦਿਨ ਤੋਂ ਘਰੋਂ ਲਾਪਤਾ ਪਟਵਾਰੀ ਹਰਦੀਪ ਸਿੰਘ( ਹੈਪੀ) ਦੀ ਲਾਸ਼ ਅੱਜ ਦੁਪਿਹਰ ਵੇਲੇ ਸ਼ੱਕੀ ਹਾਲਤਾਂ ਵਿੱਚ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਬਾਥਰੂਮ ਵਿੱਚੋਂ ਗਲੀ ਸੜੀ ਹਾਲਤ ਵਿੱਚ ਬਰਾਮਦ ਹੋਈ ਹੈ । ਪਟਵਾਰੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ । ਮੌਕੇ ਤੇ ਪਹੁੰਚੇ ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ਉ ਲਖਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਪਟਵਾਰੀ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਸੰਭਾਲ ਕੇ ਮਾਮਲੇ ਦੀ ਤਫਤੀਸ਼ ਅਤੇ ਕਾਨੂੰਨੀ ਕਾਰਵਾਈ ਦਾ ਅਮਲ ਸ਼ੁਰੂ ਕਰ ਦਿੱਤਾ ਹੈ । ਪ੍ਰਾਪਤ ਸੂਚਨਾ ਅਨੁਸਾਰ ਹਰਦੀਪ ਸਿੰਘ ਉਰਫ ਹੈਪੀ ਪਟਵਾਰੀ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਪੰਡੋਰੀ , ਕੁੱਝ ਦਿਨ ਤੋਂ ਆਪਣੇ ਘਰੋਂ ਲਾਪਤਾ ਸੀ , ਜਿਸ ਸਬੰਧੀ ਪਰਿਵਾਰ ਦੇ ਮੈਂਬਰ ਆਪਣੇ ਤੌਰ ਤੇ ਉਸ ਦੀ ਤਲਾਸ਼ ਵਿੱਚ ਲੱਗੇ ਹੋਏ ਸਨ । ਪਟਵਾਰੀ ਦੀ ਪਤਨੀ ਹਰਜਿੰਦਰ ਕੌਰ ਆਈਸੀਆਈਸੀ ਬੈਂਕ ਦੀ ਬਰਨਾਲਾ ਸ਼ਾਖਾ ਵਿੱਚ ਨੌਕਰੀ ਕਰਦੀ ਹੈ । ਜਦੋਂਕਿ ਪਟਵਾਰੀ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ । ਅੱਜ ਦੁਪਿਹਰ ਕਰੀਬ 1.30 ਵਜੇ , ਡੀਸੀ ਕੰਪਲੈਕਸ ਦਾ ਚੌਂਕੀਦਾਰ ਜਦੋਂ ਬਾਥਰੂਮ ਕਰਨ ਲਈ , ਡੀਸੀ ਕੰਪਲੈਕਸ ਦੀ ਪਹਿਲੀ ਮੰਜਿਲ ਤੇ ਸਥਿਤ ਬਾਥਰੂਮ ਵਿੱਚ ਗਿਆ ਤਾਂ ਉਹ ਪਟਵਾਰੀ ਦੀ ਗਲੀ ਸੜੀ ਲਾਸ਼ ਤੱਕ ਕੇ ਡਰ ਗਿਆ । ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ । ਐਸ.ਐਚ.ਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਟਵਾਰੀ ਹਰਦੀਪ ਸਿੰਘ , ਬਰਨਾਲਾ ਤਹਿਸੀਲ ਵਿੱਚ ਤਾਇਨਾਤ ਸੀ , ਲਾਸ਼ ਵਿੱਚੋਂ ਬਦਬੂ ਮਾਰ ਰਹੀ ਸੀ , ਜਿਸ ਤੋਂ ਪਹਿਲੀ ਨਜ਼ਰੇ ਇਉਂ ਲੱਗਦਾ ਹੈ ਕਿ ਲਾਸ਼ 1 - 2 ਦਿਨ ਪੁਰਾਣੀ ਇੱਥੇ ਪਈ ਹੈ ।ਉਨਾਂ ਦੱਸਿਆ ਕਿ ਮ੍ਰਿਤਕ ਪਟਵਾਰੀ ਦੇ ਵਾਰਿਸਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ , ਪਰਿਵਾਰ ਦੇ ਬਿਆਨ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਅਧਾਰ ਪਰ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।
ਕੀ ਕਹਿੰਦੇ ਨੇ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ
ਉੱਧਰ ਥਾਣਾ ਮਹਿਲ ਕਲਾਂ ਦੇ ਐਸ.ਐਚ.ਉ ਗੁਰਮੇਲ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਬੇਸ਼ੱਕ ਹਰਦੀਪ ਸਿੰਘ ਦੇ ਕਰੀਬ 3 ਦਿਨ ਤੋਂ ਘਰੋਂ ਲਾਪਤਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ , ਪਰੰਤੂ ਪਟਵਾਰੀ ਦੇ ਪਰਿਵਾਰ ਨੇ ਉਸਦੇ ਲਾਪਤਾ ਹੋਣ ਸਬੰਧੀ , ਕੋਈ ਸੂਚਨਾ ਪੁਲਿਸ ਨੂੰ ਨਹੀਂ ਦਿੱਤੀ । ਪੰਚਾਇਤ ਤੋਂ ਜਾਂਚ ਪੜਤਾਲਕਰਨ ਤੇ , ਉਨ੍ਹਾਂ ਨੇ ਵੀ ਕਿਹਾ ਕਿ ਪਰਿਵਾਰ ਨੇ ਪਟਵਾਰੀ ਦੇ ਲਾਪਤਾ ਹੋਣ ਸਬੰਧੀਕੋਈ ਗੱਲ ਪੰਚਾਇਤ ਤੱਕ ਵੀ ਨਹੀਂ ਪਹੁੰਚਾਈ ਸੀ । ਹੁਣ ਪੁਲਿਸ ਕਾਰਵਾਈ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਤਿੰਨ ਦਿਨ ਤੋਂ ਡੀਸੀ ਕੰਪਲੈਕਸ ਦੇ ਚੌਂਕੀਦਾਰ ਜਾਂ ਕਿਸੇ ਹੋਰ ਮੁਲਾਜ਼ਮ ਨੂੰ ਬਾਥਰੂਮ ਵਿੱਚ ਪਈ ਲਾਸ਼ ਦੀ ਭਿਣਕ ਤੱਕ ਕਿਉਂ ਨਹੀਂ ਪਈ ,ਇਹ ਇਕ ਸਵਾਲ ਬਣਿਆ ਹੋਇਆ ਹੈ।