ਪਿਛਲੇ ਕੁਝ ਦਿਨਾਂ ਤੋਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇਕ ਸੀਨੀਅਰ ਪ੍ਰੋਫੈਸਰ ਦੀ ਇਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਆਪਣੇ ਵਿਦਿਆਰਥੀਆਂ ਨੂੰ ਇੱਕ ਖਾਸ ਕਿਸਮ ਦੀ ਦੁਰਲੱਭ ਸਿਖਲਾਈ ਦੇ ਕੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਜਾਣ ਵਾਲੇ ਲਾਭ ਦੱਸ ਰਿਹਾ ਹੈ। ਪ੍ਰੋਫੈਸਰ ਕੌਸ਼ਲ ਕਿਸ਼ੋਰ ਮਿਸ਼ਰਾ ਜੋ ਉਕਤ ਯੂਨੀਵਰਸਿਟੀ ਵਿਚ ਸਮਾਜਿਕ ਵਿਗਿਆਨ ਵਿਭਾਗ ਦੇ ਡੀਨ ਹਨ, ਆਪਣੇ ਵਿਦਿਆਰਥੀਆਂ ਨੂੰ ਗੋਹੇ ਦੀਆਂ ਪਾਥੀਆਂ ਬਣਾ ਕੇ ਇਸ ਨਾਲ ਹੋਣ ਵਾਲੇ ਢੇਰ ਸਾਰੇ ਲਾਭ ਗਿਣਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਵਿਦਿਆਰਥੀ ਗੋਹੇ ਦੀਆਂ ਪਾਥੀਆਂ ਬਣਾਉਣ ਦੀ ਸਿਖਲਾਈ ਲੈਂਦੇ ਸਮੇਂ ਬਹੁਤ ਹੀ ਗੰਭੀਰ ਅਵਸਥਾ ਵਿਚ ਦਿਖਾਈ ਦੇ ਰਹੇ ਹਨ, ਕਿਉਂਕਿ ਵਿਚਾਰੇ ਵਿਦਿਆਰਥੀ ਗੋਹੇ ਦੀਆਂ ਪਾਥੀਆਂ ਦੇ ਲਾਭਾਂ ਤੋਂ ਬਿਲਕੁਲ ਅਣਜਾਣ ਹਨ । ਇਸ ਮੌਕੇ ਵਿਦਿਆਰਥੀਆਂ ਨੂੰ ਸਿਖਲਾਈ ਦਿੰਦਿਆਂ ਪ੍ਰੋ ਮਿਸ਼ਰਾ ਨੇ ਦੱਸਿਆ ਕਿ ਗਾਂ ਦੇ ਗੋਹੇ ਦੀਆਂ ਪਾਥੀਆਂ ਦੂਜੇ ਪਸ਼ੂਆਂ ਦੇ ਗੋਹੇ ਦੀਆਂ ਪਾਥੀਆਂ ਨਾਲੋਂ ਕਿਤੇ ਜਿਆਦਾ ਲਾਭਦਾਇਕ ਹਨ।
ਦੂਜੇ ਪਾਸੇ ਅਮਰੀਕਾ, ਚੀਨ, ਬਰਤਾਨੀਆ, ਕੈਨੇਡਾ ਵਰਗੇ ਦੇਸ਼ਾਂ ਦੇ ਵਿਗਿਆਨੀ ਐਵੇਂ ਚੰਦ ਅਤੇ ਹੋਰ ਗ੍ਰਹਿਆਂ ਉਪਰ ਅਤੇ ਧਰਤੀ ਤੇ ਸਮੁੰਦਰਾਂ ਥੱਲੇ ਜਾ ਕੇ ਵਿਗਿਆਨਿਕ ਖੋਜ ਕਾਰਜਾਂ ਲਈ ਸਮਾਂ ਅਤੇ ਪੈਸੇ ਬਰਬਾਦ ਕਰਨ ਵਿਚ ਜੁਟੇ ਹੋਏ ਹਨ।ਇਸ ਲਈ ਬਾਹਰਲੇ ਦੇਸ਼ਾਂ ਦੇ ਵਿਗਿਆਨੀਆਂ ਨੂੰ ਚਾਹੀਦਾ ਹੈ ਕਿ ਉਹ ਪ੍ਰੋ ਮਿਸ਼ਰਾ ਵਰਗਿਆਂ ਕੋਲੋਂ ਆ ਕੇ ਸਿਖਲਾਈ ਲੈਣੀ ਚਾਹੀਦੀ ਹੈ, ਜੇ ਉਹ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣ ਵਿਚ ਦਿਲਚਸਪੀ ਰੱਖਦੇ ਹਨ!
ਇੱਕ ਗੱਲ ਹੋਰ ਕਹਿੰਦੇ ਹਨ ਕਿ ਜਦੋਂ ਅੰਗਰੇਜ਼ ਸਾਡੇ ਪਿੰਡਾਂ ਵਿਚ ਕੰਧਾਂ ਉਪਰ ਚਿਪਕਾਈਆਂ ਪਾਥੀਆਂ ਵੇਖਦੇ ਹਨ ਤਾਂ ਉਹ ਹੈਰਾਨ ਹੋ ਜਾਂਦੇ ਹਨ ਕਿ ਪਸ਼ੂ ਕਿਵੇਂ ਕੰਧਾਂ ਉਪਰ ਜਾ ਕੇ ਗੋਹਾ ਕਰਦੇ ਹਨ!
-ਸੁਖਦੇਵ ਸਲੇਮਪੁਰੀ
09780620233
8 ਫਰਵਰੀ, 2022.