ਮਹਿਲ ਕਲਾਂ/ ਬਰਨਾਲਾ,ਜਨਵਰੀ 2020- ( ਗੁਰਸੇਵਕ ਸੋਹੀ )-
ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਸਰਦਾਰ ਕੇਵਲ ਸਿੰਘ ਢਿੱਲੋਂ ਦੇ ਹੋਣਹਾਰ ਸਪੁੱਤਰ ਕਰਨ ਇੰਦਰ ਸਿੰਘ ਢਿੱਲੋਂ ਨੂੰ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਨਿਯੁਕਤ ਕਰਨ ਤੇ ਹਲਕਾ ਮਹਿਲ ਕਲਾਂ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਿਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਦੀਵਾਨਾ ਨੇ ਕਿਹਾ ਕਿ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਪਹਿਲਾਂ ਬਰਨਾਲਾ ਨੂੰ ਜ਼ਿਲ੍ਹਾ ਬਣਾ ਕੇ ਵਿਕਾਸ ਕਾਰਜਾਂ ਦੀਆਂ ਰੜਕਾਂ ਕੱਢ ਦਿੱਤੀਆਂ ਸਨ ਅਤੇ ਹਲਕੇ ਅੰਦਰ ਨਵੀਆਂ ਸੜਕਾਂ ਤੇ ਸੜਕਾਂ ਦੀ ਮੁਰੰਮਤ ਵੀ ਕਰਵਾਈ ਗਈ, ਇਸੇ ਕਰਕੇ ਹੀ ਸਰਦਾਰ ਕੇਵਲ ਸਿੰਘ ਢਿੱਲੋਂ ਨੂੰ ਵਿਕਾਸ ਪੁਰਸ਼ ਦਾ ਨਾਮ ਦਿੱਤਾ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਕਰਨ ਢਿੱਲੋਂ ਦੇ ਚੇਅਰਮੈਨ ਬਣਨ ਨਾਲ ਜਿੱਥੇ ਬਰਨਾਲਾ ਜ਼ਿਲ੍ਹੇ ਅੰਦਰ ਹੋਰ ਵਿਕਾਸ ਕਾਰਜ ਤੇਜੀ ਨਾਲ ਹੋਣਗੇ , ਉੱਥੇ ਹਲਕੇ ਅੰਦਰ ਯੂਥ ਕਾਂਗਰਸ ਹੋਰ ਵਧੇਰੇ ਮਜ਼ਬੂਤ ਹੋਵੇਗੀ। ਸ੍ਰੀ ਦੀਵਾਨਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚੋਂ ਨਸ਼ੇ ਨੂੰ ਖ਼ਤਮ ਕੀਤਾ ਹੈ, ਉੱਥੇ ਵਿਕਾਸ ਪੱਖੋਂ ਪੰਜਾਬ ਨੂੰ ਨੰਬਰ ਇਕ ਤੇ ਲਿਆਂਦਾ। ਇਸ ਮੌਕੇ ਰਾਜਿੰਦਰ ਸਿੰਘ ਢਿੱਲੋਂ, ਰਾਜਵੀਰ ਸਿੰਘ ਦੀਵਾਨਾ, ਸਰਪੰਚ ਰਣਧੀਰ ਸਿੰਘ, ਸੁਖਵਿੰਦਰ ਸਿੰਘ ਪੰਚ ,ਹਰਜੀਤ ਸਿੰਘ ਬਿੱਟੂ ਪ੍ਰਧਾਨ, ਗੋਰਾ ਸਿੰਘ, ਗੁਰਵਿੰਦਰ ਸਿੰਘ ਦੀਵਾਨਾ ਤੋਂ ਇਲਾਵਾ ਹੋਰ ਵਰਕਰ ਹਾਜ਼ਰ ਸਨ l