Punjabi

22 ਕਿਲੋ ਭੁੱਕੀ ਚੂਰਾ ਸਮੇਤ 4 ਨੌਜਵਾਨ ਕਾਬੂ

ਕੁਝ ਦਿਨ ਪਹਿਲਾ ਇਕ ਵਿਪਾਰੀ ਤੋਂ ਗੋਲੀਆ ਚਲਾ ਕੇ ਨਕਦੀ ਖੋਹਣ ਵਾਲੇ ਕੁਝ ਵਿਅਕਤੀ ਕੀਤੇ ਗ੍ਰਿਫਤਾਰ

ਜਗਰਾਉਂ 6 ਫਰਵਰੀ (ਰਛਪਾਲ ਸ਼ੇਰਪੁਰੀ)- ਆਈ ਪੀ ਐਸ ਸ੍ਰੀ ਰਣਬੀਰ ਸਿੰਘ ਖਟੜਾ ਡਿਪਟੀ ਇਸਪੈਕਟਰ ਜਨਰਲ ਪੁਲਿਸ ਰੇਂਜ ਦੇ ਦਿਸ਼ਾ ਨਿਰਦੇਸ਼ਾਂ ਸ੍ਰੀ ਵਰਿੰਦਰ ਸਿੰਘ ਬਰਾੜ ਪੀ ਪੀ ਐਸ ਐਸ ਪੀ ਲੁਧਿਆਣਾ ਦਿਹਾਤੀ ਵਲੋਂ ਅੱਜ ਪ੍ਰੈਸ ਕਾਨਰਫੰਸ ਕਰਦਿਆਂ ਦਸਿਆ ਕਿ ਮੁਕੱਦਮਾ ਨੰਬਰ 12 ਅ/ਧ 392 ਅ/ਧ 25/54/69 ਅਸਲਾ ਥਾਣਾ ਸਿਟੀ ਜਗਰਾਉਂ ਵਿਖੇ ਰਾਜੇਸ਼ ਕੁਮਾਰ ਗੁਪਤਾ ਪੁੱਤਰ ਕੇਸਰ ਮੱਲ ਜਗਰਾਉਂ ਤੇ ਕੇਸ ਦਰਜ ਕੀਤਾ ਗਿਆ ਸੀ ਮੁੱਦਈ ਆਪਣੀ ਸਕੂਟਰੀ ਤੇ ਸ਼ਾਮ ਕਰੀਬ 7:30 ਵਜੇ ਵਾਪਸ ਘਰ ਆ ਰਿਹਾ ਸੀ। ਜਦੋਂ ਉਹ ਘਰ ਦੇ ਨੇੜੇ ਸਕੂਟਰੀ ਮੋੜਨ ਲਗਾ ਤਾਂ ਦੋ ਅਣਪਛਾਤੇ ਵਿਅਕਤੀ ਜਿਨਾਂ ਦੇ ਸਿਰ ਮੋਨੇ ਉਮਰ 25-26 ਸਾਲ ਸੀ। ਮੁੱਦਈ ਨੂੰ ਧੱਕਾ ਮਾਰਿਆ ਤੇ ਉਹ ਥੱਲੇ ਡਿਗ ਪਿਆ ਉਕਤ ਨੌਜਵਾਨਾਂ ਨੇ ਉਸ ਦੀ ਸਕੂਟਰੀ ਦੇ ਵਿਚਕਾਰ ਰੱਖਿਆ ਨਗਦੀ ਵਾਲਾ ਬੈਗ ਜਿਸ ਵਿਚ ਇਕ ਲੱਖ ਰੁਪਏ ਸਨ ਜਿਸ ਨੂੰ ਉਹਨਾ ਵੱਲੋਂ ਪੈਸਿਆਂ ਵਾਲਾ ਬੈਗ ਖਹਾਉਣ ਦੇ ਵਿਰੋਧ ਕਰਨ ਤੇ ਅਣਪਛਾਤੇ ਵਿਅਕਤੀਆਂ ਨੇ ਉਸ ਤੇ ਗੋਲੀਆਂ ਮਾਰੀਆਂ ਇਕ ਗੋਲੀ ਉਸ ਦੀ ਲਤ ਵਿਚ ਇਕ ਵੱਖੀ ਵਿਚ ਵੱਜੀ। ਜਿਸ ਤੇ ਉਹ ਡਿਗ ਪਿਆ ਉਕਤ ਨੌਜਵਾਨ ਵਿਅਕਤੀਆਂ ਨਗਦੀ ਵਾਲਾ ਬੇਗ ਖੋਹ ਕੇ ਫਰਾਰ ਹੋ ਗਏ। ਇਸ ਮੁਕੱਦਮੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ ਐਸ ਪੀ ਲੁਧਿਆਣਾ ਦਿਹਾਤੀ ਦੇ ਦਿਸਾ ਨਿਰਦੇਸਾਂ ਤੇ ਸ੍ਰੀ ਤਰੁਣ ਰਤਨ ਪੀਪੀਐਸ ਪੁਲਸ ਕਪਤਾਨ ਜਾਂਚ ਲੁਧਿਆਣਾ ਦਿਹਾਤੀ ਮਿਸ ਪ੍ਰਭਜੋਤ ਕੌਰ ਪੀਪੀਐਸ ਉਪ ਕਪਤਾਨ ਪੁਲਿਸ ਜਗਰਾਉਂ ਤੇ ਅਮਨਦੀਪ ਸਿੰਘ ਬਰਾੜ ਪੀਪੀਐਸ ਉਪ ਕਪਤਾਨ ਦੀ ਜਾਂਚ ਦੀ ਨਿਗਰਾਨੀ ਹੇਠ ਮੁਕੱਦਮੇ ਨੂੰ ਟਰੇਸ ਕਰਨ ਲਈ ਇਨਸਪੈਕਟਰ ਲਖਵੀਰ ਸਿੰਘ ਇਨਚਾਰਜ ਸੀਆਈਏ ਸਟਾਫ ਇੰਨਸਪੈਕਟਰ ਹਰਜਿੰਦਰ ਸਿਘ ਮੁੱਖ ਅਫਸਰ ਥਾਣਾ ਸਿਟੀ ਜਗਰਾਉਂ ਥਾਣਾ ਅਵਦੀਪ ਕੌਰ ਥਾਣਾ ਸਿਟੀ, ਇੰਸਪੈਕਟਰ ਰਸਮਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਧਵਾਂ ਬੇਟ ਥਾਣੇਦਾਰ ਜਸਪਾਲ ਸਿੰਘ ਇਮਚਾਰਜ ਪੀਓ ਸਟਾਫ ਜਗਰਾਉਂ ਵਲੋਂ ਦੋਸ਼ੀਆਂ ਗ੍ਰਿਫਤਾਰ ਕਰਨ ਲਈ ਪੁਲਿਸ ਦੀਆਂ ਵਖ ਵੱਖ ਪੰਜ ਟੀਮਾਂ ਦਾ ਗਠਨ ਕੀਤਾ ਗਿਆ। ਅਜ ਜਦੋ ਪੁਲਿਸ ਪਾਰਟੀਆਂ ਸਾਂਝੇ ਆਪ੍ਰੇਸ਼ਨ ਲਈ ਤਹਿਸੀਲ ਚੌਕ ਜਗਰਾਉਂ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਵੀਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਸਿਧਵਾਂ ਬੇਟ, ਸੁਖਜਿੰਦਰ ਸਿੰਘ ਉਰਫ ਕਾਕਾ ਪੁੱਤਰ ਚਮਕੌਰ ਸਿੰਘ ਵਾਸੀ ਭੂੰਦੜੀ, ਗੁਰਸਿਮਰਤ ਸਿੰਘ ਉਰਫ ਸਿਮੂ, ਪੁੱਤਰ ਚਰਨਜੀਤ ਸਿੰਘ ਵਾਸੀ ਸਿਧਵਾਂ ਬੇਟ ਮਨਪ੍ਰੀਤ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਗੋਰਸੀਆਂ ਕਾਦਰ ਬਖਸ, ਰਾਜ ਕੁਮਾਰ ਪੁੱਤਰ ਕਸ਼ਮੀਰ ਸਿੰਘ ਵਾਸੀ ਖੁਰਸ਼ੇਦਪੁਰਾ, ਗੁਰਵਿੰਦਰ ਸਿੰਘ ਉਰਫ ਕਾਲੂ ਪੁੱਤਰ ਮੇਹਰ ਸਿੰਘ ਵਾਸੀ ਭੈਣੀ ਅਰਾਈਆਂ ਹਾਲ ਵਾਸੀ ਮਦਾਰਾ ਸਮੇਤ ਇਕ ਹੋਰ ਅਣਪਾਂਛਾਤਾ ਵਿਅਕਤੀ ਅਸਲੇ ਅਤੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਮੋਟਰ ਸਾਈਕਲਾਂ ਤੇ ਕਾਰਾਂ ਤੇ ਸਵਾਰ ਹੋ ਕੇ ਇਲਾਕੇ ਵਿਚ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਤਾਦਾਂ ਕਰਦੇ ਸਨ ਅਜ ਵੀ ਅਸਲੇ ਅਤੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਚੁੰਗੀ ਨੰਬਰ 5 ਤੋਂ ਅਲੀਗੜ ਵਾਈਪਾਸ ਡਰੇਨ ਪੁਲ ਤੋਂ ਸ਼ਹਿਰ ਜਗਰਾਉਂ ਵੱਲ ਰੇਲਵੇ ਲਾਈਨ ਕੋਲ ਬੇਆਬਾਦ ਜਗਾ ਵਿਚ ਬੈਠ ਕੇ ਖਕੈਤੀ ਦੀ ਯੋਜਨਾ ਬਣਾ ਰਹੇ ਸਨ। ਇਤਲਾਹ ਸੱਚੀ ਤੇ ਭਰੋਸਾ ਯੋਗ ਹੋਣ ਕਰਕੇ ਦੋਸ਼ੀਆਂ ਵਿਰੁਧ ਮੁਕੱਦਮਾ ਨੰਬਰ 18 ਅ/ਧ 399/402 ਭ/ਦ 25/54/59 ਅਸਲਾ ਐਕਟ ਥਾਣਾ ਸਿਟੀ ਜਗਰਾਉਂ ਦਰਜ ਕਰਕੇ ਰੇਡ ਮਾਰ ਕੇ ਦੋਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨਾਂ ਕੋਲੋ ਦੋ ਕੱਟੇ ਦੇਸੀ 32 ਬੋਰ, ਬੋਰ ਕੱਟੇ 315 ਬੋਰ, 11 ਜਿੰਦਾ ਕਾਰਤੂਸ ਇਕ ਕਾਰ ਵਾਰਦਾਤ ਵਾਲੀ ਇਕ ਲੱਖ ਰੁਪਏ ਨਗਦ ਦੋ ਸੋਨੇ ਦੀਆਂ ਮੁੰਦਰੀਆਂ ਤਿੰਨ ਵੋਟਰ ਕਾਰਡ ਬਰਾਮਦ ਕੀਤੇ ਗਏ। ਇਸੇ ਗੈਗ ਦੇ ਰਾਜਕੁਮਾਰ ਪੁੱਤਰ ਕਸ਼ਮੀਰ ਸਿੰਘ ਵਾਸੀ ਖੁਰਸੈਦਪੁਰ ਗੁਰਵਿੰਦਰ ਸਿੰਘ ਉਰਫ ਕਾਲੂ ਪੁੱਤਰ ਮੇਹਰ ਸਿੰਘ ਵਾਸੀ ਭੈਣੀ ਅਰਾਈਆਂ ਹਾਲ ਵਾਸੀ ਮਦਰਾ ਇਕ ਅਣਪਛਾਤਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਗ੍ਰਿਫਤਾਰ ਦੋਸ਼ੀਆਂ ਨੇ ਪੁੱਛਗਿਛ ਦਸਿਆ ਕਿ ਉਨਾਂ ਨੇ ਰਾਜੇਸ ਗੁਪਤਾ ਨੂੰ ਗੋਲੀ ਮਾਰ ਕੇ ਉਸ ਕੋਲੋ ਇਕ ਲੱਖ ਰੁਪਏ ਦੀ ਖੋਹ ਦੀ ਵਾਰਦਾਤ ਨੂੰ ਅਨਜਾਮ ਦਿੱਤਾ ਸੀ ਗ੍ਰਿਫਤਾਰ ਦੋਸ਼ੀਆਂ ਨੂੰ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਪੁਛਗਿਛ ਕੀਤੀ ਜਾਵੇਗੀ ਜਿਨ੍ਹਾਂ ਪਾਸੋਂ ਹੋਰ ਵੀ ਖਲਾਸੇ ਹੋਣ ਦੀ ਸੰਭਾਵਨਾ ਹੈ।

 

ਸ੍ਰੀ ਵਰਿੰਦਰ ਸਿੰਘ ਪੀਪੀਐਸ ਐਸਐਸਪੀ ਲੁਧਿਆਣਾ ਦਿਹਾਤੀ ਦੇ ਦਿਸਾ ਨਿਰਦੇਸ ਹੇਠ ਅੱਜ ਐਂਟੀ ਨਾਰੋਟਿਕ ਸੈਲ ਦੇ ਇਨਸਪੈਕਟਰ ਨਵਦੀਪ ਸਿੰਘ ਵਲੋਂ ਦੋਸੀ ਬੂਟਾ ਸਿੰਘ ਪੁੱਤਰ ਉਜਗਰ ਸਿੰਘ ਵਾਸੀ ਡਾਗੀਆਂ ਨੂੰ 22 ਕਿਲੋ ਭੁੱਕੀ ਚੂਰਾ ਸਮੇਤ ਗ੍ਰਿਫਤਾਰ ਕਰਕੇ ਮੁਕਦਮਾ ਨੰਬਰ 19 ਅ/ਧ 15/61/85 ਐਨਡੀਪੀਐਸ ਐਕਟ ਥਾਣਾ ਸਦਰ ਜਗਰਾਉਂ ਵਿਖੇ ਕੇਸ ਦਰਜ ਕੀਤਾ ਗਿਆ

ਖਹਿਰਾ ਤੇ ਛੋਟੇਪੁਰ ਵਿਚਾਲੇ ਬੰਦ ਕਮਰਾ ਮੀਟਿੰਗ

ਐੱਸ.ਏ.ਐਸ. ਨਗਰ (ਮੁਹਾਲੀ), 5 ਫਰਵਰੀ  ‘ਪੰਜਾਬੀ ਏਕਤਾ ਪਾਰਟੀ’ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਸ਼ਾਮ ਇੱਥੋਂ ਦੇ ਫੇਜ਼-11 ਵਿਚ ‘ਆਪਣਾ ਪੰਜਾਬ ਪਾਰਟੀ’ ਦੇ ਪ੍ਰਧਾਨ ਸੁੱਚਾ ਸਿੰਘ ਛੋਟੋਪੁਰ ਨਾਲ ਮੁਲਾਕਾਤ ਕੀਤੀ। ਕਰੀਬ ਇਕ ਘੰਟਾ ਬੰਦ ਕਮਰੇ ਵਿਚ ਚੱਲੀ ਇਸ ਮੀਟਿੰਗ ’ਚ ਸ੍ਰੀ ਖਹਿਰਾ ਨੇ ਛੋਟੇਪੁਰ ਨੂੰ ਤੀਜੇ ਫਰੰਟ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਖਹਿਰਾ ਨੇ ਦਾਅਵਾ ਕੀਤਾ ਕਿ ਸ੍ਰੀ ਛੋਟੋਪੁਰ ਨੇ ਤੀਜੇ ਫਰੰਟ ਦੀ ਵਿਚਾਰਧਾਰਾ ਨਾਲ ਸਹਿਮਤੀ ਪ੍ਰਗਟਾਈ ਹੈ ਤੇ ਉਹ ਅਗਲੇ ਦੋ-ਚਾਰ ਦਿਨਾਂ ਵਿਚ ਆਪਣੀ ਪਾਰਟੀ ਦੀ ਮੀਟਿੰਗ ਸੱਦ ਕੇ ਗੱਠਜੋੜ ਬਾਰੇ ਕੋਈ ਫ਼ੈਸਲਾ ਲੈ ਸਕਦੇ ਹਨ। ਸੁੱਚਾ ਸਿੰਘ ਛੋਟੇਪੁਰ ਨੇ ਵੀ ਮੀਡੀਆ ਕੋਲ ਇਨ੍ਹਾਂ ਤੱਥਾਂ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਨਵੇਂ ਅਲਾਇੰਸ ਵਿਚ ਲੋਕ ਸਭਾ ਦੀਆਂ 5 ਸੀਟਾਂ ’ਤੇ ਚੋਣ ਲੜਨ ਲਈ ਨਾਵਾਂ ’ਤੇ ਸਹਿਮਤੀ ਬਣੀ ਹੈ ਅਤੇ ਚੋਣਾਂ ਨੇੜੇ ਆਉਣ ’ਤੇ ਬਾਕੀ ਸੀਟਾਂ ’ਤੇ ਵੀ ਸਹਿਮਤੀ ਬਣ ਜਾਵੇਗੀ। ਬਸਪਾ ਸੁਪਰੀਮੋ ਮਾਇਆਵਤੀ ਨੂੰ ਤੀਜੇ ਫਰੰਟ ਲਈ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਮੰਨਣ ਬਾਰੇ ਪੁੱਛੇ ਜਾਣ ’ਤੇ ਸ੍ਰੀ ਛੋਟੇਪੁਰ ਨੇ ਕਿਹਾ ਕਿ ਇਸ ਬਾਰੇ ‘ਮਹਾਂਗੱਠਜੋੜ’ ਦੀ ਮੀਟਿੰਗ ਵਿਚ ਹੀ ਫ਼ੈਸਲਾ ਹੋਵੇਗਾ। ਇਸ ਮੌਕੇ ‘ਆਪ’ ਦੇ ਬਾਗ਼ੀ ਵਿਧਾਇਕ ਬਲਦੇਵ ਸਿੰਘ ਤੇ ਜਗਦੇਵ ਸਿੰਘ ਵੀ ਹਾਜ਼ਰ ਸਨ।

ਐਨ.ਆਰ.ਆਈ ਪਰਿਵਾਰ ਵਲੋ ਪ੍ਰਾਇਮਾਰੀ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ 60 ਬੱਚਿਆਂ ਨੂੰ ਐਨ.ਆਰ.ਆਈ ਇਕਬਾਲ ਸਿੰਘ ਕਨੇਡਾ ਦੇ ਪਰਿਵਾਰ ਵਲੋ ਵਰਦੀਆਂ ਵੰਡੀਆਂ ਗਈਆਂ।ਇਸ ਸਮੇ ਮਾਸਟਰ ਪਰਮਿੰਦਰ ਸਿੰਘ( ਨੈਸ਼ਨਲ ਅਵਰਾਡ)ਨੇ ਕਿਹਾ ਕਿ ਸਾਨੂੰ ਪਿੰਡ ਦੇ ਐਨ.ਆਰ.ਆਈ ਵੀਰਾਂ ਦਾ ਪਹਿਲਾਂ ਵੀ ਬਹੁਤ ਵੱਡਾ ਸਹਿਯੋਗ ਮਿਲਾ ਰਿਹਾ ਹੈ। ਉਨ੍ਹਾਂ ਕਿਹਾ ਕਿਹਾ ਕਿ ਇਕਬਾਲ ਸਿੰਘ ਕਨੇਡਾ ਨੂੰ ਜਦੋ ਵੀ ਕਿਸੇ ਵੀ ਸਮਾਜ ਸੇਵਾ ਦੇ ਕੰਮ ਲਈ ਆਖਿਆ ਤਾਂ ਸਾਨੂੰ ੳਸ ਨੇ ਹਮੇਸ਼ਾ ਹੀ ਖੁਲਕੇ ਸਾਡੀ ਮਦਦ ਕੀਤੀ।ਮਾਸਟਰ ਜੀ ਨੇ ਕਿਹਾ ਕਿ ਇਨ੍ਹਾਂ ਐਨ.ਆਰ.ਆਈ ਪਰਿਵਾਰਾਂ ਵਲੋ ਸਕੂਲੀ ਬੱੋਿਚਆਂ ਲਈ ਅਜਿਹੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ।ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਪੜਦੇ ਗਰੀਬ ਬੱਚਿਆਂ ਨੂੰ ਕੜਾਕੇ ਦੀ ਠੰਡ 'ਚ ਵਰਦੀਆਂ ,ਬੂਟ ਆਦਿ ਲਈ ਸਰਕਾਰ ਨੇ ਕੋਈ ਵੀ ਪੈਸਾ ਨਹੀ ਭੇਜਿਆ ਜਿਸ ਕਰਕੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਜਾ ਰਹੀ ਹੈ।ਮਾਸਟਰ ਜੀ ਕਿਹਾ ਕਿ ਇਸ ਐਨ.ਆਰ ਆਈ ਪਰਿਵਾਰ ਵਲੋ ਹਰ ਸਾਲ ਬੱਚਿਆਂ ਨੂੰ ਵਰਦੀਆਂ ਦਿੱਤੀਆਂ ਜਾਣਗੀਆਂ।ਇਸ ਸਮੇ ਮਾਸਟਰ ਪਰਮਿੰਦਰ ਸਿੰਘ ਵਲੋ ਆਏ ਐਨ.ਆਰ.ਆਈ ਪਰਿਵਾਰ ਦਾ ਧੰਨਵਾਦ ਕੀਤਾ।ਇਸ ਸਮੇ ਇਕਬਾਲ ਸਿੰਘ ਕਨੇਡਾ ਦੀ ਮਾਤਾ ਪਰਮਜੀਤ ਕੌਰ ਵਿਸ਼ੇਸ਼ ਤੌਰ ਤੇ ਪੁਹੰਚੇ ਸਨ।ਨਾਲ ਮਾਤਾ ਪਰਮਜੀਤ ਕੌਰ ਜੀ ਨੇ ਕਿਹਾ ਕਿ ਅਸੀ ਮਾਰਚ ਮਹੀਨੇ ਵਿੱਚ ਸਰਕਾਰੀ ਮਿਡਲ ਸਕੂਲ ਦੇ ਬੱਚਿਆਂ ਨੂੰ ਵੀ ਵਰਦੀਆਂ ਦਿੱਤੀਆਂ ਜਾਣਗੀਆਂ।ਇਸ ਸਮੇ ਮੈਡਮ ਜਗਦੀਪ ਕੌਰ(ਇੰਨਚਾਰਜ ਪ੍ਰਾਇਮਾਰੀ ਸਕੂਲ),ਮਾਸਟਰ ਮਨਜਿੰਦਰ ਸਿੰਘ,ਮਾਸਟਰ ਪ੍ਰਿਤਪਾਲ ਸਿੰਘ(ਇੰਨਚਾਰਜ ਮਿਡਲ ਸਕੂਲ),ਮਾਸਟਰ ਜੁਗਰਾਜ ਸਿੰਘ,ਮਾਸਟਰ ਮੋਹਣ ਸਿੰਘ,ਮਾਸਟਰ ਮਨਜੀਤ ਰਾਏ,ਮੈਡਮ ਸੀਮਾ ਆਦਿ ਹਾਜ਼ਰ ਸਨ।
 

ਕੇਸਾਂ ਨੂੰ ਖਰੀਦਣ ਤੇ ਵੇਚਣ ਵਾਲਿਆ ਖਿਲਾਫ ਜਲਦੀ ਕਾਨੂੰਨ ਬਣਾਇਆ ਜਾਵੇ:ਭਾਈ ਸਰਤਾਜ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ) ਅੱਜ-ਕੱਲ ਪਾਵਨ ਕੇਸਾ ਨੂੰ ਖਰੀਦਣ ਦਾ ਧੰਦਾ ਜੰਗਲੀ ਬੂਟੀ ਵਾਗ ਵੱਧ ਰਿਹਾ ਹੈ ਜੋ ਸਿੱਖ ਕੌਮ ਲਈ ਇੱਕ ਵੱਡੀ ਚਿੱਤਾ ਦਾ ਵਿਸ਼ਾ ਹੈ।ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਰਣ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਨੇ ਜਨ ਸ਼ਕਤੀ ਦੇ ਪੱਤਰਕਾਰ ਨਾਲ ਕੀਤੇ।ਉਨ੍ਹਾਂ ਕਿਹਾ ਕਿ ਜਿਨ੍ਹਾਂ ਪਾਵਨ ਕੇਸਾ ਲਈ ਭਾਈ ਤਾਰੂ ਸਿੰਘ ਵਰਗੇ ਅਣਖੀ ਸਿੰਘਾ ਨੇ ਸਹਾਦਤ ਦੇ ਜਾਮ ਪੀ ਲਏ ਅਣਗਿਣਤ ਸੂਰਮਿਆ ਨੇ ਆਪਣਾ-ਆਪ ਵਾਰ ਦਿੱਤਾ ਪਰ ਸਿੱਖੀ ਸਿਦਕ ਨਹੀਂ ਹਾਰਿਆ ਪਰ ਅੱਜ ਪੰਜਾਬ ਦੀ ਗਲੀ-ਗਲੀ ਵਿਚ ਕੇਸਾ ਨੂੰ ਪਲਾਟਿਕ ਦੇ ਭਾਡੇ,ਖਿਲਾ ਅਤੇ ਮਖਾਣਿਆ ਦੇ ਬਰਾਬਰ ਖਰੀਦੀਆ ਜਾ ਰਿਹਾ ਹੈ ਜੋ ਬਹੁਤ ਹੀ ਸਰਮ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਕੇਸਾ ਨੂੰ ਵੇਚਣ ਅਤੇ ਖਰੀਦਣ ਦਾ ਅਸ਼ੀ ਸਖਤ ਵਿਰੋਧ ਕਰਦੇ ਹਾਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਕੇਸਾ ਨੂੰ ਖਰੀਦਣਾ ਤੁਰੰਤ ਬੰਦ ਕੀਤਾ ਜਾਵੇ ਅਤੇ ਕੋਈ ਐਸਾ ਕਾਨੂੰਨ ਜਲਦੀ ਬਣਾਇਆ ਜਾਵੇ ਤਾਂ ਜੋ ਕੇਸਾ ਨੂੰ ਖਰੀਦਣ ਅਤੇ ਵੇਚਣ ਵਾਲਿਆ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਉਨ੍ਹਾਂ ਨਾਲ ਖਜ਼ਨਾਚੀ ਕੁਲਵਿੰਦਰ ਸਿੰਘ,ਹਿੰਮਤ ਸਿੰਘ,ਗੁਰਮੀਤ ਸਿੰਘ,ਮਲਕੀਤ ਸਿੰਘ,ਜਸਵਿੰਦਰ ਸਿੰਘ(ਸਾਰੇ ਕਮੇਟੀ ਮੈਂਬਰ ਆਦਿ ਹਾਜ਼ਰ ਸਨ
 

‘ਆਪ’ ਵੱਲੋਂ ਕੈਪਟਨ ਸਰਕਾਰ ਨੂੰ 20 ਦਿਨਾਂ ਦਾ ਅਲਟੀਮੇਟਮ

ਚੰਡੀਗੜ੍ਹ, 5 ਫਰਵਰੀ  ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਭੇਜ ਕੇ ਬਿਜਲੀ ਦਰਾਂ ਵਿਚ ਕਟੌਤੀ ਲਈ 20 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ।
ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਸੂਬੇ ਦੇ ਲੋਕਾਂ, ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ, ਘਰ-ਘਰ ਨੌਕਰੀ ਦੇਣ, ਨੌਜਵਾਨਾਂ ਨੂੰ ਸਮਾਰਟ ਫੋਨ ਦੇਣ, ਬਜ਼ੁਰਗਾਂ-ਅਪਾਹਜਾਂ ਤੇ ਵਿਧਵਾਵਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਸਮੇਤ ਕਈ ਵਾਅਦੇ ਕੀਤੇ ਸਨ, ਪਰ ਕੈਪਟਨ ਇਕ ਵੀ ਵਾਅਦੇ ’ਤੇ ਖਰੇ ਨਹੀਂ ਉੱਤਰੇ। ਕੈਪਟਨ ਸਰਕਾਰ ਨੇ ਬਿਜਲੀ ਵੀ ਪੂਰੇ ਦੇਸ਼ ਨਾਲੋਂ ਮਹਿੰਗੀ ਕਰ ਦਿੱਤੀ ਹੈ।
ਪਿਛਲੇ 2 ਸਾਲ ਦੌਰਾਨ 4 ਤੋਂ ਵੱਧ ਵਾਰ ਬਿਜਲੀ ਦੀਆਂ ਦਰਾਂ ਵਧਾਈਆਂ ਹਨ। ਉਨ੍ਹਾਂ ਕਿਹਾ ਕਿ ਜੇ ਕੈਪਟਨ ਆਪਣੀ ‘ਕਥਨੀ ਤੇ ਕਰਨੀ’ ਦੇ ਪੱਕੇ ਹੁੰਦੇ ਤਾਂ ਸੱਤਾ ਸੰਭਾਲਦਿਆਂ ਹੀ ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦੀ ਥਾਂ ਪਿਛਲੀ ਬਾਦਲ ਸਰਕਾਰ ਵੱਲੋਂ ਬੇਹੱਦ ਮਹਿੰਗੀਆਂ ਦਰਾਂ ’ਤੇ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਇਕਰਾਰਨਾਮੇ ਰੱਦ ਕਰ ਕੇ ਨਵੇਂ ਸਿਰਿਓਂ ਸਸਤੇ ਅਤੇ ਵਾਜਬ ਸਮਝੌਤੇ ਕਰਦੇ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਚੀਮਾ, ਉਪ ਨੇਤਾ ਸਰਵਜੀਤ ਕੌਰ ਮਾਣੂੰਕੇ, ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਜੈ ਕਿਸ਼ਨ ਰੋੜੀ, ਅਮਰਜੀਤ ਸਿੰਘ ਸੰਦੋਆ, ਕੁਲਤਾਰ ਸਿੰਘ ਸੰਧਵਾਂ, ਗੁਰਮੀਤ ਸਿੰਘ ਮੀਤ ਹੇਅਰ ਤੇ ਆਨੰਦਪੁਰ ਤੋਂ ਪਾਰਟੀ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਵੀ ਅਲਟੀਮੇਟਮ ਦਿੱਤਾ ਕਿ ਜੇ ਕੈਪਟਨ ਨੇ 20 ਦਿਨਾਂ ਵਿਚ ਬਿਜਲੀ ਦਰਾਂ ਨਾ ਘਟਾਈਆਂ ਤਾਂ ਪਾਰਟੀ ਅੰਦੋਲਨ ਵਿੱਢੇਗੀ।

ਵਿਸ਼ਵ ਅਮਨ ਪੰਜਾਬੀ ਕਾਨਫਰੰਸ ਵੱਲੋਂ ਲਾਹੌਰ ਵਿੱਚ ਪੰਜਾਬੀ ਯੂਨੀਵਰਸਿਟੀ ਸਥਾਪਿਤ ਕਰਨ ਦੀ ਮੰਗ ਸਮੇਤ 13 ਮਤੇ ਪਾਸ

ਲਾਹੌਰ : 5  ਫਰਵਰੀ - ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਨਾਬ ਫ਼ਖ਼ਰ ਜਮਾਂ ਨੇ ਕਿਹਾ ਕਿ ਪਾਕਿਸਤਾਨ ਵਿੱਚ ਬੋਲੀਆਂ ਜਾਂਦੀਆਂ ਸਭ ਜ਼ਬਾਨਾਂ ਹੀ ਕੌਮੀ ਜ਼ਬਾਨਾਂ ਹਨ, ਇਨ੍ਹਾਂ ਨੂੰ ਖੇਤਰੀ ਜ਼ਬਾਨਾਂ ਨਾ ਕਿਹਾ ਜਾਵੇ। ਉਨ੍ਹਾਂ ਕਿਹਾ ਕਿ ਦੋਹਾਂ ਮੁਲਕਾਂ ਨੂੰ ਅਮਨ ਦਾ ਪਰਚਮ ਝੁੱਲਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਗਲੀ ਕਾਨਫਰੰਸ ਫਰਵਰੀ 2020 ਚ ਕਰਵਾਈ ਜਾਵੇਗੀ। ਸੋਸ਼ਲ ਮੀਡੀਆ ਤੇ ਮੁੱਖ ਧਾਰਾ ਮੀਡੀਆ ਦੇ ਹਵਾਲੇ ਨਾਲ ਵਿਦਵਾਨ ਜਨਾਬ ਫਰਖ਼ ਸੁਹੇਲ ਗੋਇੰਦੀ ਨੇ ਕਿਹਾ ਕਿ ਮੈਂ ਤੁਰਕੀ ਜ਼ਬਾਨ ਦਾ ਭੇਤੀ ਹਾਂ ਪਰ ਪੰਜਾਬੀ ਨਹੀਂ ਪੜ੍ਹ ਸਕਦਾ, ਇਹ ਚੰਗੀ ਗੱਲ ਨਹੀਂ। ਤੁਰਕੀ ਜ਼ਬਾਨ ਦੇ ਵਿਕਾਸ ਕਰਤਾ ਅਤਾ ਤੁਰਕ ਨੇ ਜ਼ਾਹਲ ਲੋਕਾਂ ਨੂੰ ਲਿਆਕਤ ਦੇ ਨੇੜੇ ਲਿਆਂਦਾ। ਇਹ ਲਹਿਰ ਸਾਨੂੰ ਵੀ ਤੇਜ਼ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਦੁਨੀਆਂ ਨੂੰ ਗਲੋਬਲ ਪਿੰਡ ਚ ਤਬਦੀਲ ਹੋਇਆ ਵੇਖਣਾ ਬਣਦੈ। ਪਾਕਿਸਤਾਨ ਦੀ 22 ਕਰੋੜ ਆਬਾਦੀ ਚੋਂ 16 ਕਰੋੜ ਲੋਕਾਂ ਕੋਲ ਸਮਾਰਟ ਫੋਨ ਹਨ, ਇਸ ਨੂੰ ਗਿਆਨ ਦੇ ਲੜ ਲਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਬਾਰੇ ਟੀ ਵੀ ਪ੍ਰੋਗਰਾਮ ਦਾ ਸਭ ਤੋਂ ਵੱਧ ਵੇਖਿਆ ਗਿਆ ਹੈ, ਇਹ ਕਮਾਲਸੋਸ਼ਲ ਮੀਡੀਆ ਦੀ ਹੈ। ਨਵੀਂ ਪੀੜ੍ਹੀ ਸਾਡੇ ਨਾਲ ਤਾਂ ਜੁੜੇਗੀ ਜੇ ਉਨ੍ਹਾਂ ਦੇ ਮੁਹਾਵਰੇ ਚ ਗੱਲ ਕਰਾਂਗੇ। ਅਮਨ ਤੇ ਪੰਜਾਬੀ ਵਿਸ਼ੇ ਤੇ ਸੋਸ਼ਲ ਮੀਡੀਆ ਗਰੁੱਪ ਤਿਆਰ ਕਰਨਾ ਸਮੇਂ ਦੀ ਲੋੜ ਹੈ। ਪ੍ਰਸਿੱਧ ਵਿਦਵਾਨ ਤੇ ਖੋਜੀ ਇਕਬਾਲ ਕੈਸਰ ਨੇ ਕਿਹਾ ਕਿ ਪੰਜਾਬੀਆਂ ਦੀ ਸਭ ਤੋਂ ਵੱਡੀ ਆਬਾਦੀ ਹੈ ਪਰ ਸਕੂਲ ਪੱਧਰ ਤੇ ਪੰਜਾਬੀ ਪੜ੍ਹਨ ਪੜਾਉਣ ਦਾ ਕੋਈ ਪ੍ਰਬੰਧ ਨਹੀਂ। ਪਾਕਿਸਤਾਨ ਚ ਪੰਜ ਯੂਨੀਵਰਸਿਟੀਆਂ  ਚ ਐੱਮ ਏ ਪੰਜਾਬੀ ਹੈ ਪਰ 95 ਫੀ ਸਦੀ ਐੱਮ ਏ ਪਾਸ ਮੁੰਡੇ ਕੁੜੀਆਂ ਬੇਰੁਜ਼ਗਾਰ ਹਨ। ਬਾਬਾ ਫ਼ਰੀਦ ਤੋਂ ਲੈ ਕੇ ਅੱਜ ਤੀਕ ਦਾ ਸਾਰਾ ਵਿਰਾਸਤੀ ਸਫ਼ਰ ਜਵਾਨ ਪੀੜ੍ਹੀਆਂ ਦੇ ਖ਼ੂਨ ਚ ਰਚਾਉਣ ਦੀ ਲੋੜ ਹੈ। ਸਾਨੂੰ ਇਹ ਯਤਨ ਤੇਜ਼ ਕਰਨੇ ਪੈਣਗੇ। ਆਲੋਚਨਾ ਦੀ ਆਸਾਨ ਭਾਸ਼ਾ ਵੀ ਵਿਕਸਤ ਕਰਨ ਦੇ ਰਾਹ ਤੁਰਨਾ ਚਾਹੀਦਾ ਹੈ। ਇਸ ਮੌਕੇ ਕੁਝ ਮਤੇ ਪਾਸ ਕੀਤੇ ਗਏ ਜਿੰਨ੍ਹਾਂ ਨੂੰ ਪ੍ਰੋ: ਗੁਰਭਜਨ ਗਿੱਲ ਦੀ ਪ੍ਰਂਧਾਨਗੀ ਹੇਠ ਡਾ: ਦੀਪਕ ਮਨਮੋਹਨ ਸਿੰਘ , ਮਨਜਿੰਦਰ ਧਨੋਆ ਤੇ ਸਹਿਜਪ੍ਰੀਤ ਸਿੰਘ ਮਾਂਗਟ  ਤੇ ਅਧਾਰਿਤ ਕਮੇਟੀ ਵੱਲੋਂ ਡਰਾਫਟ ਕੀਤਾ ਗਿਆ। ਇਨ੍ਹਾਂ ਮਤਿਆਂ ਨੂੰ ਅੱਬਾਸ ਮਿਰਜ਼ਾ ਨੇ ਪੇਸ਼ ਤੇ ਪਾਸ ਕਰਵਾਇਆ।

ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ 1-3 ਫਰਵਰੀ ਲਾਹੌਰ(ਪਾਕਿਸਤਾਨ)  ਐਲਾਨ ਨਾਮਾ

ਵਿਸ਼ਵ ਪੰਜਾਬੀ ਕਾਂਗਰਸ ਵੱਲੋਂ ਫਖ਼ਰ ਜਮਾਂ ਸਾਹਿਬ ਦੀ ਪ੍ਰਧਾਨਗੀ ਹੇਠ ਪਹਿਲੀ ਤੋਂ ਤਿੰਨ ਫਰਵਰੀ ਤੀਕ ਕਰਵਾਈ ਗਈ ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਦੇ ਵਿਸ਼ਵ ਭਰ ਤੋਂ ਆਏ ਸਮੂਹ ਡੈਲੀਗੇਟ ਸਰਬ ਸੰਮਤੀ ਨਾਲ ਮੰਗ ਕਰਦੇ ਹਨ ਕਿ ਲਾਹੌਰ ਵਿੱਚ ਨਿਰੋਲ ਪੰਜਾਬੀ ਭਾਸ਼ਾ ਸਾਹਿੱਤ ਤੇ ਸਭਿਆਚਾਰ ਦੇ ਵਿਕਾਸ ਲਈ ਪੰਜਾਬੀ ਯੂਨੀਵਰਸਿਟੀ ਲਾਹੌਰ ਦੀ ਸਥਾਪਨਾ ਕੀਤੀ ਜਾਵੇ। ਇਸ ਵਿੱਚ ਸ਼ਾਹਮੁਖੀ ਤੇ ਗੁਰਮੁਖੀ ਵਿੱਚ ਹੁਣ ਤੀਕ ਛਪੀਆਂ ਕਿਤਾਬਾਂ ਦੀ ਆਲਮੀ ਲਾਇਬਰੇਰੀ ਬਣਾਈ ਜਾਵੇ।  2. ਕਾਨਫਰੰਸ ਵਿੱਚ ਮੰਗ ਕੀਤੀ ਜਾਂਦੀ ਹੈ ਕਿ ਸਰਹੱਦਾਂ ਤੇ ਝੰਡੇ ਦੀ ਰਸਮ ਮੌਕੇ ਜਵਾਨਾਂ ਦੀ ਪਰੇਡ ਵੇਲੇ ਬਾਹੂਬਲ ਦਾ ਜ਼ਾਲਮਾਨਾ ਵਿਖਾਵਾ ਕਰਨ ਦੀ ਥਾਂ ਮੁਹੱਬਤ ਦਾ ਵਿਖਾਵਾ ਕਰਨ ਵਾਲੀਆਂ ਹਰਕਤਾਂ ਕੀਤੀਆਂ ਜਾਣ ਤਾਂ ਜੋ ਬਰਕਤਾਂ ਦਾ ਬੂਹਾ ਖੁੱਲ੍ਹੇ। 3. ਪਾਕਿਸਤਾਨ ਦੇ ਪੰਜਾਬ ਰਾਜ ਦੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਪ੍ਰਾਇਮਰੀ ਪੱਧਰ ਤੋਂ ਇੱਕ ਵਿਸ਼ੇ ਦੇ ਤੌਰ ਤੇ ਸ਼ੁਰੂ ਕੀਤੀ ਜਾਵੇ। ਇਸ ਨਾਲ ਯੂਨੀਵਰਸਿਟੀਆਂ ਚ ਪੜ੍ਹਨ ਲਈ ਮਿਆਰੀ ਪੱਧਰ ਦੇ ਵਿਦਿਆਰਥੀ ਮਿਲ ਸਕਣਗੇ। 4.ਭਾਰਤ ਤੇ ਪਾਕਿਸਤਾਨ ਹਕੂਮਤਾਂ ਵੀਜ਼ਾ ਸਿਸਟਮ ਵਿੱਚ ਤਬਦੀਲੀ ਕਰਨ ਜਿਸ ਨਾਲ ਸ਼ਹਿਰ ਵਿਸ਼ੇਸ਼ ਸੀਮਤ ਵੀਜ਼ਾ ਦੀ ਥਾਂ ਇਸ ਨੂੰ ਕੌਮੀ ਵੀਜ਼ਾ ਬਣਾਇਆ ਜਾਵੇ। ਇਸ ਨਾਲ ਕਸ਼ੀਦਗੀ ਘਟੇਗੀ ਤੇ ਭਰੋਸੇਯੋਗਤਾ ਵਧੇਗੀ। 5. 15 ਅਗਸਤ 1947 ਤੋਂ ਪਹਿਲਾਂ ਪੈਦਾ ਹੋਏ ਪੰਜਾਬੀਆਂ ਨੂੰ ਬਾਰਡਰ ਤੇ ਪਹੁੰਚਣ ਸਾਰ ਵੀਜ਼(visa on arrival) ਦਾ ਸਨਮਾਨਯੋਗ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਆਪਣੀ ਜੰਮਣ ਭੋਇੰ ਨੂੰ ਵੇਖ , ਮਾਣ ਤੇ ਜਾਣ ਸਕਣ। 6. ਪਾਕਿਸਤਾਨ ਵਿੱਚ ਬੋਲੀਆਂ ਜਾਣ ਵਾਲੀਆਂ ਸਭ ਜਬਾਨਾਂ ਹੀ ਕੌਮੀ ਜ਼ਬਾਨਾਂ ਹਨ, ਖੇਤਰੀ ਨਹੀਂ  । ਇਸ ਲਈ ਪੰਜਾਬ  ਅਸੈਂਬਲੀ ਲਾਹੌਰ ਦੀ ਵਿਚਾਰ ਚਰਚਾ ਜ਼ਬਾਨ  ਪੰਜਾਬੀ ਕੀਤੀ ਜਾਵੇ ਜਿਸ ਤਰ੍ਹਾਂ ਸਿੰਧ ਵਿੱਚ ਸਿੰਧੀ,ਬਲੋਚਿਸਤਾਨ ਵਿੱਚ ਬਲੋਚੀ, ਪਖ਼ਤੂਨਵਾ ਚ ਪਸ਼ਤੋ ਬੋਲੀ ਜਾ ਸਕਦੀ ਹੈ। ਇਸ  ਤੋਂ ਪੰਜਾਬੀਆਂ ਨੂੰ ਮਹਿਰੂਮ ਨਾ ਕੀਤਾ ਜਾਵੇ। 7. ਵਿਸ਼ਵ ਅਮਨ ਨੂੰ ਸਮਰਪਿਤ ਇਹ ਕਾਨਫਰੰਸ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਮੌਕੇ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਮਾਰਗ ਨੂੰ ਉਸਾਰਨ ਲਈ ਦੋਹਾਂ ਦੇਸ਼ਾਂ ਦੀਆਂ ਹਕੂਮਤਾਂ ਦੀ ਸ਼ਲਾਘਾ ਕਰਦੀ ਹੈ ਕਿਉਂਕਿ ਇਹ ਵਿਸ਼ਵ ਅਮਨ ਦੀ ਸਲਾਮਤੀ ਲਈ ਆਧਾਰ ਭੂਮੀ ਬਣ ਸਕਦੀ ਹੈ। 8. ਵਿਸ਼ਵ ਅਮਨ ਦੀ ਸਦੀਵੀ ਸਥਾਪਨਾ ਲਈ ਦੱਖਣੀ ਏਸ਼ੀਆ ਦੇ ਇਨ੍ਹਾਂ ਮੁਲਕਾਂ ਵਿੱਚ ਵਪਾਰ, ਖੇਡਾਂ, ਸਾਹਿੱਤ, ਸੰਗੀਤ, ਕਲਾ ਤੇ ਵਿਚਾਰ ਆਦਾਨ ਪ੍ਰਦਾਨ ਵਧਾਇਆ ਜਾਵੇ ਤਾਂ ਜੋ ਮਨਾਂ ਦੀਆਂ ਦੂਰੀਆਂ ਮਿਟਣ ਤੇ ਭਾਈਚਾਰਕ ਸ਼ਕਤੀ ਨੂੰ ਤਾਕਤ ਮਿਲੇ। 9. ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਦੇ ਸਮੂਹ ਡੈਲੀਗੇਟ ਸਰਬਸੰਮਤੀ ਨਾਲ ਮੰਗ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ 51 ਪੰਜਾਬੀ ਕਵੀਆਂ ਦੇ ਵਿਸ਼ਾਲ ਵਿਸ਼ਵ ਪੱਧਰੀ ਕਵੀ ਦਰਬਾਰ ਲਾਹੌਰ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਤੇ ਪੰਜਾ ਸਾਹਿਬ ਵਿਖੇ ਕਰਵਾਏ ਜਾਣ ਜਿਸ ਚ 25 ਸਿਰਕੱਢ ਕਵੀ ਭਾਰਤੀ ਪੰਜਾਬ ਤੋਂ ਤੇ 25 ਕਵੀ ਪਾਕਿਸਤਾਨ ਤੇ ਬਾਕੀ ਮੁਲਕਾਂ ਤੋਂ ਸ਼ਾਮਿਲ ਕੀਤੇ ਜਾਣ। ਇਸ ਸਬੰਧ ਚ 25 ਭਾਰਤੀ ਕਵੀਆਂ ਨੂੰ ਲਿਆਉਣ ਦਾ ਜ਼ਿੰਮਾ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਸੰਭਾਲਣ ਲਈ ਤਿਆਰ ਹੈ। ਇਸ ਕਵੀ ਦਰਬਾਰ ਦੀਆਂ ਕਵਿਤਾਵਾਂ ਸ਼ਾਹਮੁਖੀ ਤੇ ਗੁਰਮੁਖੀ ਵਿੱਚ ਛਾਪ ਕੇ ਪੂਰੇ ਵਿਸ਼ਵ ਵਿੱਚ ਵੰਡਣ ਦਾ ਯੋਗ ਪ੍ਰਬੰਧ ਕੀਤਾ ਜਾਵੇ। 10. ਕੌਮੀ ਤੇ ਕੌਮਾਂਤਰੀ ਪੱਧਰ ਦੇ ਲਿਖਾਰੀਆਂ, ਕਲਾਕਾਰਾਂ,ਮੁਸੱਵਰਾਂ, ਥੀਏਟਰ, ਫਿਲਮ ਅਦਾਕਾਰਾਂ, ਗਾਇਕਾਂ ਤੇ ਪੱਤਰਕਾਰਾਂ ਲਈ ਖੁੱਲੇ ਅਉਣ ਜਾਣ ਦਾ ਮਲਟੀਪਲ ਐਂਟਰੀ ਸਾਰਕ ਵੀਜ਼ਾ ਦਿੱਤਾ ਜਾਵੇ ਤਾਂ ਜੋ ਇਹ ਸਭ ਧਿਰਾਂ ਵਿਸ਼ਵ ਅਮਨ ਦੀ ਭਾਵਨਾ ਤੇਜ਼ ਕਰਨ ਹਿੰਦ ਪਾਕਿ ਦੋਸਤੀ ਮਜਬੂਤ ਕਰਨ ਤੇ ਤਣਾਓ ਘੱਟ ਕਰਨ ਵਿੱਚ ਹਿੱਸਾ ਪਾ ਸਕਣ। 11. ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਦੇ ਸਮੂਹ ਡੈਲੀਗੇਟਾਂ ਨੂੰ ਪਾਕਿਸਤਾਨ ਹਕੂਮਤ ਵੱਲੋਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਦੀ ਪ੍ਰਵਾਨਗੀ ਦੇਣ ਦੀ ਵੀ ਪ੍ਰਸੰਸਾ ਕਰਦੀ ਹੈ। 12. ਵਿਸ਼ਵ ਪੰਜਾਬੀ ਕਾਂਗਰਸ ਦੇ ਰੂਹੇ ਰਵਾਂ ਵਜੋਂ ਜਨਾਬ ਫ਼ਖ਼ਰ ਜਮਾਂ,ਸ੍ਵ: ਡਾ: ਸੁਤਿੰਦਰ ਸਿੰਘ ਨੂਰ ਅਤੇ ਡਾ: ਦੀਪਕ ਮਨਮੋਹਨ ਸਿੰਘ ਵੱਲੋਂ1986 ਤੋਂ ਲਗਾਤਾਰ ਵਿਸ਼ਵ ਪੰਜਾਬੀ ਕਾਨਫਰੰਸਾਂ ਰਾਹੀਂ ਲੇਖਕਾਂ ਪੱਤਰਕਾਰਾਂ ਤੇ ਕਲਾਕਾਰਾਂ ਵਿਚਕਾਰ ਮੇਲਜੋਲ ਵਧਾਉਣ ਲਈ ਪਾਏ ਯੋਗਦਾਨ ਦੀ ਮੁਕਤ ਕੰਠ ਪ੍ਰਸੰਸਾ ਕਰਦੀ ਹੈ। 13. ਲਾਹੌਰ ਚ ਹੋਈ ਤਿੰਨ ਰੋਜ਼ਾ ਕਾਨਫਰੰਸ ਦੀ ਕਾਮਯਾਬੀ ਲਈ ਇਹ ਇਕੱਤਰਤਾ ਮੀਡੀਆ, ਸਫਾਰਤਖਾਨਿਆਂ, ਲੇਖਕਾਂ, ਕਲਾਕਾਰਾਂ , ਪਿਲਾਕ(ਪੰਜਾਬ ਇੰਸਟੀਚਿਊਟ ਆਫ ਲੈਂਗੂਏਜ਼ ਐਂਡ ਕਲਚਰ ਲਾਹੌਰ ਦੀ ਡਾਇਰੈਕਟਰ ਜਨਰਲ ਡਾ: ਸੁਗਰਾ ਸਦਫ ਦੀ ਵੀ ਭਰਵੇਂ ਸਾਥ ਲਈ ਸ਼ਲਾਘਾ ਕਰਦੀ ਹੈ।

ਬੇਅਦਬੀ ਕਾਂਡ ਦੇ ਕਸੂਰਵਾਰਾਂ ਨੂੰ ਫੜਨ ਲਈ ਕੈਪਟਨ ਸਰਕਾਰ ਨੇ ਕੁਝ ਨਹੀਂ ਕੀਤਾ: ਸੁਖਬੀਰ

ਆਦਮਪੁਰ ਦੋਆਬਾ, 5 ਫਰਵਰੀ  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਬੇਅਦਬੀ ਦੇ ਮੁੱਦੇ ’ਤੇ ਸਿਰਫ਼ ਰਾਜਨੀਤੀ ਕਰਨ ’ਚ ਦਿਲਚਸਪੀ ਰੱਖਦੀ ਹੈ, ਇਸ ਅਪਰਾਧ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਫੜਨ ਲਈ ਸਰਕਾਰ ਨੇ ਕੁਝ ਨਹੀਂ ਕੀਤਾ ਹੈ। ਆਦਮਪੁਰ ਹਲਕੇ ਦੇ ਪਾਰਟੀ ਵਰਕਰਾਂ ਨੂੰ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੇ ਨਾ ਸਿਰਫ਼ ਸਮੁੱਚੇ ਮੁੱਦੇ ਦਾ ਸਿਆਸੀਕਰਨ ਕੀਤਾ ਹੈ, ਸਗੋਂ ਆਪਣੇ ਵੱਲੋਂ ਕਾਇਮ ਵਿਸ਼ੇਸ਼ ਜਾਂਚ ਟੀਮ ਨੂੰ ਵੀ ਕੇਸ ਦੀ ਨਿਰਪੱਖ ਜਾਂਚ ਨਹੀਂ ਕਰਨ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਇਸ ਕੇਸ ਦੀ ਸਹੀ ਢੰਗ ਨਾਲ ਜਾਂਚ ਨਹੀਂ ਹੋ ਰਹੀ ਹੈ ਤੇ ਅਜੇ ਤੱਕ ਕੁਝ ਵੀ ਹੱਥ-ਪੱਲੇ ਨਹੀਂ ਪਿਆ ਹੈ। ਇਕ ਸੁਆਲ ਦੇ ਜਵਾਬ ਵਿਚ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬੀ, ਬੇਅਦਬੀ ਦੇ ਸਾਰੇ ਕੇਸਾਂ ਦੀ ਨਿਰਪੱਖ ਜਾਂਚ ਚਾਹੁੰਦੇ ਹਨ ਤਾਂ ਜੋ ਮੁਲਜ਼ਮਾਂ ਨੂੰ ਛੇਤੀ ਸਜ਼ਾ ਮਿਲੇ। ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ‘ਸਿੱਟ’ ਨੂੰ ਮਿਲੇ ਸੁਰਾਗਾਂ ਨੂੰ ਲੈ ਕੇ ਅੱਗੇ ਵਧਣਾ ਚਾਹੀਦਾ ਹੈ ਅਤੇ ਬੇਅਦਬੀ ਦੇ ਕੇਸਾਂ ਨੂੰ ਛੇਤੀ ਹੱਲ ਕਰਨਾ ਚਾਹੀਦਾ ਹੈ। ਐਨਡੀਏ ਸਰਕਾਰ ਵੱਲੋਂ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ 6 ਹਜ਼ਾਰ ਰੁਪਏ ਸਾਲਾਨਾ ਦੀ ਕਿਸਾਨ ਸਹਾਇਤਾ ਸਕੀਮ ਬਾਰੇ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਕਿਸਾਨਾਂ ਦੀ ਸੂਚੀਆਂ ਦੇਣ ਲਈ ਕਿਹਾ ਹੈ ਤਾਂ ਜੋ ਕਿਸਾਨਾਂ ਨੂੰ ਸਹਾਇਤਾ ਦੀ ਪਹਿਲੀ ਕਿਸ਼ਤ ਇਸ ਸਾਲ ਮਾਰਚ ’ਚ ਹੀ ਦਿੱਤੀ ਜਾ ਸਕੇ ਤੇ ਕੈਪਟਨ ਸਰਕਾਰ ਨੇ ਅਜੇ ਤੱਕ ਸੂਚੀਆਂ ਦੇਣ ਸਬੰਧੀ ਕੋਈ ਕਦਮ ਨਹੀਂ ਚੁੱਕਿਆ ਹੈ। ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਵੱਲੋਂ ਪਾਰਟੀ ਵਰਕਰਾਂ ਦੀਆਂ ਸਮੱਸਿਆਵਾਂ ਸੁਖਬੀਰ ਬਾਦਲ ਨੂੰ ਦੱਸਣ ਲਈ ਹਲਕੇ ਨੂੰ ਆਦਮਪੁਰ, ਭੋਗਪੁਰ ਤੇ ਪਤਾਰਾ ਤਿੰਨ ਸਰਕਲਾਂ ਵਿਚ ਵੰਡਿਆ ਗਿਆ ਸੀ। ਸੁਖਬੀਰ ਬਾਦਲ ਨੇ ਕਰੀਬ 3 ਘੰਟੇ ਆਦਮਪੁਰ ਹਲਕੇ ਦੇ ਪਾਰਟੀ ਵਰਕਰਾਂ ਨਾਲ ਗੱਲਬਾਤ ਕੀਤੀ ਤੇ ਸਮੱਸਿਆਵਾਂ ਸੁਣੀਆਂ। ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ, ਪਵਨ ਕੁਮਾਰ ਟੀਨੂੰ, ਗੁਰਪ੍ਰਤਾਪ ਸਿੰਘ ਵਡਾਲਾ ਵੀ ਹਾਜ਼ਰ ਸਨ।

ਸੁਖਬੀਰ ਤੇ ਭਾਜਪਾ ਆਗੂਆਂ ਵਿਚਾਲੇ ਮੀਟਿੰਗ

ਸੁਖਬੀਰ ਸਿੰਘ ਬਾਦਲ ਦੋ ਦਿਨਾਂ ਤੋਂ ਜਲੰਧਰ ਵਿਧਾਨ ਸਭਾ ਹਲਕਿਆਂ ਵਿਚ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਪਾਰਟੀ ਨੂੰ ਇੱਥੋਂ ਢੁਕਵਾਂ ਉਮੀਦਵਾਰ ਨਹੀਂ ਲੱਭ ਰਿਹਾ। ਸੁਖਬੀਰ ਬਾਦਲ ਨਾਲ ਅੱਜ ਭਾਜਪਾ ਆਗੂਆਂ ਨੇ ਪੰਜ ਤਾਰਾ ਹੋਟਲ ’ਚ ਮੀਟਿੰਗ ਕੀਤੀ। ਮੀਟਿੰਗ ’ਚ ਭਾਜਪਾ ਦੇ ਜ਼ਿਲਾ ਪ੍ਰਧਾਨ ਰਮਨ ਪੱਬੀ, ਸਾਬਕਾ ਵਿਧਾਇਕ ਮਨੋਰੰਜਨ ਕਾਲੀਆ, ਕੇ ਡੀ ਭੰਡਾਰੀ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ, ਵਿਧਾਇਕ ਪਵਨ ਕੁਮਾਰ ਟੀਨੂੰ ਤੇ ਵਿਧਾਇਕ ਬਲਦੇਵ ਖਹਿਰਾ ਹਾਜ਼ਰ ਸਨ। ਕਈ ਭਾਜਪਾ ਆਗੂਆਂ ਨੇ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਦਾ ਨਾਂ ਲਿਆ ਦੱਸਿਆ ਜਾ ਰਿਹਾ ਹੈ, ਪਰ ਸੁਖਬੀਰ ਬਾਦਲ ਨੇ ਪਾਰਟੀ ਦੇ ਕਿਸੇ ਵੀ ਵਿਧਾਇਕ ਨੂੰ ਲੋਕ ਸਭਾ ਚੋਣ ਮੈਦਾਨ ’ਚ ਉਤਾਰਨ ਤੋਂ ਮਨ੍ਹਾ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਮੀਟਿੰਗ ’ਚ ਚਰਨਜੀਤ ਅਟਵਾਲ ਦਾ ਨਾਂ ਵੀ ਵਿਚਾਰਿਆ ਗਿਆ। ਇਸ ਦੌਰਾਨ ਏਆਈਜੀ (ਕ੍ਰਾਈਮ) ਹਰਮੋਹਨ ਸਿੰਘ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਪੰਜ ਵਾਰ ਚਮਕੌਰ ਸਾਹਿਬ ਤੋਂ ਵਿਧਾਇਕ ਰਹੀ ਸਤਵੰਤ ਕੌਰ ਸੰਧੂ ਦੇ ਪੁੱਤ ਹਨ। ਹਰਮੋਹਨ ਸਿੰਘ ਨੇ ਕਿਹਾ ਕਿ ਇਸ ਬਾਰੇ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਹਰਮੋਹਨ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ, ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਚੋਣ ਲੜਾਉਣਾ ਚਾਹੁੰਦਾ ਹੈ।

ਸਾਬਕਾ ਐੱਸਐੱਸਪੀ ਦੇ ਪੁਲੀਸ ਰਿਮਾਂਡ ਵਿੱਚ ਤਿੰਨ ਦਿਨ ਦਾ ਵਾਧਾ

ਫ਼ਰੀਦਕੋਟ, (ਜਨ ਸ਼ਕਤੀ ਨਿਊਜ਼)  ਬਹਿਬਲ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ ਅੱਠ ਦਿਨਾਂ ਦਾ ਪੁਲੀਸ ਰਿਮਾਂਡ ਖਤਮ ਹੋਣ ਤੋਂ ਬਾਅਦ ਇੱਥੇ ਇਲਾਕਾ ਮੈਜਿਸਟਰੇਟ ਚੇਤਨ ਸ਼ਰਮਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਾਂਚ ਟੀਮ ਨੇ ਪੁਲੀਸ ਮੁਖੀ ਦੇ ਰਿਮਾਂਡ ਵਿੱਚ ਪੰਜ ਦਿਨ ਦਾ ਹੋਰ ਵਾਧਾ ਮੰਗਿਆ ਸੀ। ਅਦਾਲਤ ਨੇ ਲੰਬੀ ਸੁਣਵਾਈ ਤੋਂ ਬਾਅਦ ਸਾਬਕਾ ਪੁਲੀਸ ਮੁਖੀ ਨੂੰ 7 ਫਰਵਰੀ ਤੱਕ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ। ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਬਹਿਬਲ ਕਾਂਡ ਵਿੱਚ ਧਰਨਾਕਾਰੀਆਂ ਵੱਲੋਂ ਪੁਲੀਸ ਦੇ ਵਾਹਨਾਂ ‘ਤੇ ਗੋਲੀਆਂ ਚਲਾਉਣ ਦੀ ਗੱਲ ਸਹੀ ਨਹੀਂ ਹੈ ਅਤੇ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਆਪਣਾ ਬਚਾਅ ਕਰਨ ਲਈ ਪੁਲੀਸ ਦੀਆਂ ਜਿਪਸੀਆਂ ‘ਤੇ ਪੁਲੀਸ ਅਧਿਕਾਰੀਆਂ ਨੇ ਹੀ ਗੋਲੀਆਂ ਚਲਾਈਆਂ ਸਨ। ਜਾਂਚ ਟੀਮ ਨੇ ਦਾਅਵਾ ਕੀਤਾ ਕਿ ਮੌਕੇ ‘ਤੇ ਤਾਇਨਾਤ ਪੁਲੀਸ ਕੋਲ ਸਰਕਾਰੀ ਅਸਲੇ ਤੋਂ ਇਲਾਵਾ ਨਿੱਜੀ ਅਸਲਾ ਵੀ ਮੌਜੂਦ ਸੀ ਅਤੇ ਜੋ ਗੋਲੀਆਂ ਪੁਲੀਸ ਦੀ ਜਿਪਸੀ ਵਿੱਚ ਵੱਜੀਆਂ ਸਨ, ਉਹ 12 ਬੋਰ ਰਾਈਫਲ ਨਾਲ ਮਾਰੀਆਂ ਗਈਆਂ ਸਨ। ਜਾਂਚ ਟੀਮ ਨੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਇਸ 12 ਬੋਰ ਹਥਿਆਰ ਬਾਰੇ ਸਾਬਕਾ ਪੁਲੀਸ ਮੁਖੀ ਤੋਂ ਹੋਰ ਪੁੱਛਗਿੱਛ ਦੀ ਲੋੜ ਹੈ।
ਦੂਜੇ ਪਾਸੇ, ਚਰਨਜੀਤ ਸ਼ਰਮਾ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਅੱਠ ਦਿਨ ਦੇ ਲੰਬੇ ਰਿਮਾਂਡ ਦੌਰਾਨ ਪੁਲੀਸ ਕੋਈ ਵੀ ਪ੍ਰਾਪਤੀ ਅਦਾਲਤ ਸਾਹਮਣੇ ਨਹੀਂ ਦਿਖਾ ਸਕੀ, ਜਿਸ ਤੋਂ ਸਾਫ਼ ਹੈ ਕਿ ਪੁਲੀਸ ਸਿਰਫ਼ ਸਾਬਕਾ ਪੁਲੀਸ ਅਧਿਕਾਰੀ ਨੂੰ ਪ੍ਰੇਸ਼ਾਨ ਕਰਨ ਲਈ ਪੁਲੀਸ ਰਿਮਾਂਡ ਮੰਗ ਰਹੀ ਹੈ। ਜਾਂਚ ਟੀਮ ਦੇ ਅਧਿਕਾਰੀ ਅਤੇ ਕਪੂਰਥਲਾ ਦੇ ਐੱਸਐੱਸਪੀ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਚਰਨਜੀਤ ਸ਼ਰਮਾ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਇਹ ਖੁਲਾਸੇ ਜਨਤਕ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਟੀਮ ਨੂੰ ਬਹਿਬਲ ਵਿਚ ਕਤਲ ਕੀਤੇ ਗਏ ਦੋ ਨੌਜਵਾਨਾਂ ਸਬੰਧੀ ਅਹਿਮ ਸਬੂਤ ਮਿਲੇ ਹਨ।

ਵਿਜੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ

ਲੰਡਨ (ਗਿਆਨੀ ਅਮਰੀਕ ਸਿੰਘ ਰਾਠੋਰ) ਬਰਤਾਨੀਆ ਸਰਕਾਰ ਨੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦਾ ਹੁਕਮ ਦਿੱਤਾ ਹੈ। ਬਰਤਾਨੀਆ ਦੇ ਗ੍ਰਹਿ ਮੰਤਰੀ ਸਾਜਿਦ ਜਾਵੀਦ ਨੇ ਅੱਜ ਦੱਸਿਆ ਕਿ ਧੋਖਾਧੜੀ ਅਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼ਾਂ ਹੇਠ ਬਰਤਾਨਵੀ ਸਰਕਾਰ ਨੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ ਦਿੱਤੇ ਹਨ।
ਲੰਡਨ ਦੀ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਨੇ 10 ਦਸੰਬਰ 2018 ਨੂੰ ਕਿਹਾ ਸੀ ਕਿ 63 ਸਾਲਾ ਕਾਰੋਬਾਰੀ ਮਾਲਿਆ ਨੂੰ ਭਾਰਤੀ ਅਦਾਲਤਾਂ ਦੇ ਸਾਹਮਣੇ ਜਵਾਬ ਦੇਣਾ ਪਏਗਾ। ਬਰਤਾਨੀਆ ਵਿੱਚ ਪਾਕਿਸਤਾਨੀ ਮੂਲ ਦੇ ਸਭ ਤੋਂ ਸੀਨੀਅਰ ਮੰਤਰੀ ਜਾਵੀਦ ਦੇ ਦਫ਼ਤਰ ਨੇ ਸੋਮਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਾਰੇ ਪੱਖਾਂ ’ਤੇ ਵਿਚਾਰ ਕਰਨ ਤੋਂ ਬਾਅਦ ਮੰਤਰੀ ਨੇ ਐਤਵਾਰ ਨੂੰ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮਾਂ ’ਤੇ ਸਹੀ ਪਾਈ ਹੈ। ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਰੇ ਨੁਕਤਿਆਂ ’ਤੇ ਵਿਚਾਰ ਕਰਨ ਤੋਂ ਬਾਅਦ 3 ਫਰਵਰੀ ਨੂੰ ਮੰਤਰੀ ਨੇ ਵਿਜੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ ਦਿੱਤੇ ਹਨ।
ਅਪਰੈਲ 2017 ਵਿੱਚ ਸਕੌਟਲੈਂਡ ਯਾਰਡ ਨੂੰ ਭੇਜੇ ਗਏ ਵਾਰੰਟ ਤੋਂ ਬਾਅਦ ਮਾਲਿਆ ਜ਼ਮਾਨਤ ’ਤੇ ਹੈ। ਇਹ ਵਾਰੰਟ ਉਸ ਵੇਲੇ ਕੱਢੇ ਗਏ ਸਨ ਜਦੋਂ ਭਾਰਤੀ ਅਧਿਕਾਰੀਆਂ ਨੇ ਕਿੰਗਫਿਸ਼ਰ ਏਅਰਲਾਈਨਜ਼ ਦੇ ਸਾਬਕਾ ਮੁਖੀ ਮਾਲਿਆ ਨੂੰ 9000 ਕਰੋੜ ਰੁਪਏ ਦੀ ਧੋਖਾਧੜੀ ’ਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ। ਮਾਲਿਆ ਕੋਲ ਹੁਣ ਬਰਤਾਨਵੀ ਹਾਈ ਕੋਰਟ ’ਚ ਅਪੀਲ ਦੀ ਇਜਾਜ਼ਤ ਵਾਸਤੇ ਅਰਜ਼ੀ ਦੇਣ ਲਈ 4 ਫਰਵਰੀ ਤੋਂ ਬਾਅਦ 14 ਦਿਨਾਂ ਦਾ ਸਮਾਂ ਹੈ। ਹੁਕਮਾਂ ਤੋਂ  ਬਾਅਦ ਮਾਲਿਆ ਨੇ ਕਿਹਾ ਕਿ ਉਹ ਅਪੀਲ ਸਬੰਧੀ ਕਾਰਵਾਈ ਜਲਦੀ ਸ਼ੁਰੂ ਕਰਨਗੇ। ਉੱਧਰ, ਭਾਰਤ ਸਰਕਾਰ ਨੇ ਬਰਤਾਨਵੀ ਸਰਕਾਰ ਦੇ ਹੁਕਮਾਂ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਕਾਨੂੰਨੀ ਕਾਰਵਾਈ ਜਲਦੀ ਪੂਰੀ ਹੋਣ ਦੀ ਉਡੀਕ ਹੈ। ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਵਿਜੇ ਮਾਲਿਆ ਨੂੰ ਭਾਰਤ ਨੂੰ ਸੌਂਪੇ ਜਾਣ ਬਾਰੇ ਬਰਤਾਨੀਆ ਦੇ ਫ਼ੈਸਲੇ ਨੂੰ ਮੋਦੀ ਸਰਕਾਰ ਦੀ ਸਫ਼ਲਤਾ ਕਰਾਰ ਦਿੰਦਿਆਂ ਕਿਹਾ ਕਿ ਉਹ ਘਪਲੇਬਾਜ਼ਾਂ ਦੇ ਪੱਖ ’ਚ ਲਾਮਬੰਦ ਹੋ ਰਿਹਾ ਹੈ। ਜੇਤਲੀ ਨੇ ਅੱਜ ਟਵੀਟ ਕੀਤਾ ਕਿ ਮੋਦੀ ਸਰਕਾਰ ਨੇ ਮਾਲਿਆ ਨੂੰ ਭਾਰਤ ਲਿਆਉਣ ਦੇ ਰਸਤੇ ਵਿੱਚ ਪੈਂਦੇ ਇਕ ਹੋਰ ਅੜਿੱਕੇ ਨੂੰ ਪਾਰ ਕਰ ਲਿਆ ਹੈ ਜਦੋਂ ਕਿ ਵਿਰੋਧੀ ਧਿਰਾਂ ਸ਼ਾਰਦਾ ਘੁਟਾਲੇਬਾਜ਼ਾਂ ਦੇ ਪੱਖ ਵਿੱਚ ਇਕੱਠੀਆਂ ਹੋ ਰਹੀਆਂ ਹਨ।

ਦੋਵਾਂ ਸਦਨਾਂ ਦੀ ਕਾਰਵਾਈ ਮੁਲਤਵੀ

ਨਵੀਂ ਦਿੱਲੀ: (ਜਨ ਸ਼ਕਤੀ ਨਿਊਜ)  ਸੀਬੀਆਈ-ਕੋਲਕਾਤਾ ਪੁਲੀਸ ਵਿਵਾਦ ਕਾਰਨ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਮੁਲਤਵੀ ਕਰਨੀ ਪਈ। ਲਗਾਤਾਰ ਕਾਰਵਾਈ ਅੱਗੇ ਪੈਣ ਤੋਂ ਬਾਅਦ, ਦੋਵੇਂ ਸਦਨਾਂ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਵਿਚ, ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਰੋਸ ਵਿਖਾਵੇ ਵਿਚ ਕਾਂਗਰਸ, ਬੀਜੇਡੀ, ਐੱਨਸੀਪੀ, ਸਪਾ ਅਤੇ ਆਰਜੇਡੀ ਦੇ ਮੈਂਬਰਾਂ ਨੇ ਹਿੱਸਾ ਲਿਆ ਜਿਨ੍ਹਾਂ ਪੱਛਮੀ ਬੰਗਾਲ ਵਿਚ ਵਾਪਰੇ ਘਟਨਾਕ੍ਰਮ ਲਈ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ। ਇਸ ਦੌਰਾਨ ਕਈ ਮੈਂਬਰਾਂ ਨੇ ਨਰਿੰਦਰ ਮੋਦੀ ਸਰਕਾਰ ਉੱਤੇ ਸੀਬੀਆਈ ਦੀ ਦੁਰਵਰਤੋਂ ਦੇ ਦੋਸ਼ ਲਾਏ। ਇਸ ਦੌਰਾਨ ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ ਉੱਤੇ ਆਪਣੇ ਵਿਰੋਧੀਆਂ ਖਿਲਾਫ਼ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੇ ਦੋਸ਼ ਲਾਏ ਤੇ ਆਖਿਆ ਕਿ ਇਹ ਲੋਕਤੰਤਰੀ ਧਾਰਨਾਵਾਂ ਦੇ ਖਿਲਾਫ਼ ਹੈ। ਰਾਜ ਸਭਾ ਵਿਚ ਵੀ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਉੱਤੇ ਸੀਬੀਆਈ ਦੀ ਦੁਰਵਰਤੋਂ ਦੇ ਦੋਸ਼ ਲਾਏ।