Punjabi

ਪ੍ਰਦਰਸ਼ਨਾਂ ਮਗਰੋਂ ਜੰਮੂ ਵਿੱਚ ਕਰਫ਼ਿਊ ਲਾਇਆ

ਜੰਮੂ, 15 ਫਰਵਰੀ ਪੁਲਵਾਮਾ ਵਿੱਚ ਸੀਆਰਪੀਐਫ਼ ਦੇ ਕਾਫ਼ਲੇ ’ਤੇ ਦਹਿਸ਼ਤੀ ਹਮਲੇ ਦੇ ਰੋੋਸ ਵਜੋਂ ਅੱਜ ਵੱਡੇ ਪੱਧਰ ’ਤੇ ਹੋਏ ਪ੍ਰਦਰਸ਼ਨਾਂ ਤੇ ਹਿੰਸਾ ਦੀਆਂ ਘਟਨਾਵਾਂ ਦੇ ਚਲਦਿਆਂ ਜੰਮੂ ਸ਼ਹਿਰ ਵਿੱਚ ਇਹਤਿਆਤ ਵਜੋਂ ਕਰਫਿਊ ਲਾ ਦਿੱਤਾ ਗਿਆ ਹੈ। ਫੌਜ ਨੇ ਕਈ ਨਾਜ਼ੁਕ ਖੇਤਰਾਂ ਵਿੱਚ ਫਲੈਗ ਮਾਰਚ ਵੀ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਕਰਫਿਊ ਫਿਰਕੂ ਹਿੰਸਾ ਫੈਲਣ ਦੇ ਡਰੋਂ ਲਾਇਆ ਗਿਆ ਹੈ। ਉਧਰ ਇੰਟਰਨੈੱਟ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਜੰਮੂ ਦੇ ਡਿਪਟੀ ਕਮਿਸ਼ਨਰ ਰਮੇਸ਼ ਕੁਮਾਰ ਨੇ ਦੱਸਿਆ, ‘ਅਸੀਂ ਇਹਤਿਆਤ ਵਜੋਂ ਜੰਮੂ ਸ਼ਹਿਰ ਵਿੱਚ ਕਰਫਿਊ ਲਾ ਦਿੱਤਾ ਹੈ।’ ਅਧਿਕਾਰੀਆਂ ਮੁਤਾਬਕ ਕਰਫਿਊ ਦੌਰਾਨ ਜੰਮੂ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ। ਸੜਕਾਂ ’ਤੇ ਕੋਈ ਵਾਹਨ ਨਜ਼ਰ ਨਹੀਂ ਆਇਆ ਤੇ ਸਾਰੀਆਂ ਦੁਕਾਨਾਂ ਅਤੇ ਬਾਜ਼ਾਰ ਵੀ ਬੰਦ ਰਹੇ। ਇਸ ਤੋਂ ਪਹਿਲਾਂ ਹਮਲੇ ਦੇ ਰੋਸ ਵਜੋਂ ਜੰਮੂ ਸ਼ਹਿਰ ਵਿੱਚ ਦਰਜਨਾਂ ਥਾਵਾਂ ’ਤੇ ਲੋਕ ਸੜਕਾਂ ’ਤੇ ਉੱਤਰ ਆਏ। ਉਨ੍ਹਾਂ ਜਿਊਲ ਚੌਕ, ਪੁਰਾਣੀ ਮੰਡੀ, ਰੇਹਾੜੀ, ਸ਼ਕਤੀਨਗਰ, ਪੱਕਾ ਡਾਂਗਾ, ਜਾਨੀਪੁਰ, ਗਾਂਧੀਨਗਰ ਤੇ ਬਖ਼ਸ਼ੀਨਗਰ ਵਿੱਚ ਪਾਕਿਸਤਾਨ ਵਿਰੋਧੀ ਨਾਅਰੇ ਲਾਏ। ਕੁਝ ਰਿਪੋਰਟਾਂ ਮੁਤਾਬਕ ਗੁੱਜਰ ਨਗਰ ਖੇਤਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੱਥਰਬਾਜ਼ੀ ਕਰਕੇ ਕੁਝ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਹਾਲਾਂਕਿ ਪੁਲੀਸ ਦੇ ਤੁਰੰਤ ਹਰਕਤ ਵਿੱਚ ਆਉਣ ਕਰਕੇ ਵੱਡਾ ਟਕਰਾਅ ਟਲ ਗਿਆ। ਰੈਜ਼ੀਡੈਂਸੀ ਰੋਡ, ਕੱਚੀ ਛਾਉਣੀ ਤੇ ਡੋਗਰਾ ਹਾਲ ਖੇਤਰਾਂ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪੁਲੀਸ ਨੂੰ ਡੰਡੇ ਵੀ ਵਰ੍ਹਾਉਣੇ ਪਏ। ਇਸ ਦੌਰਾਨ ਗੁੱਜਰ ਨਗਰ ਖੇਤਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੰਜ ਵਾਹਨਾਂ ਨੂੰ ਅੱਗ ਲਾ ਦਿੱਤੀ ਤੇ ਕੁਝ ਹੋਰਨਾਂ ਨੂੰ ਉਲਟਾ ਦਿੱਤਾ। ਪ੍ਰਦਰਸ਼ਨਕਾਰੀ, ਜਿਨ੍ਹਾਂ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੀ ਸੀ, ਨੇ ਪਾਕਿਸਤਾਨ ਤੇ ਦਹਿਸ਼ਤਗਰਦਾਂ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਈ ਸੜਕਾਂ ’ਤੇ ਟਾਇਰ ਵੀ ਫੂਕੇ।
ਡਿਵੀਜ਼ਨਲ ਕਮਿਸ਼ਨਰ ਸੰਜੈ ਵਰਮਾ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਫੌਜ ਨੂੰ ਮਦਦ ਲਈ ਸੱਦ ਲਿਆ ਹੈ। ਫ਼ੌਜ ਨੇ ਗੁੱਜਰ ਨਗਰ ਤੇ ਸ਼ਹੀਦੀ ਚੌਕ ਖੇਤਰਾਂ ਵਿੰਚ ਫਲੈਗ ਮਾਰਚ ਕੱਢਿਆ। ਵਰਮਾ ਨੇ ਕਿਹਾ ਕਿ ਨਾਜ਼ੁਕ ਖੇਤਰਾਂ ਵਿੱਚ ਵਧੀਕ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ।
ਰਿਪੋਰਟਾਂ ਮੁਤਾਬਕ ਗੁੱਜਰ ਨਗਰ ਖੇਤਰ ਵਿੱਚ ਇਕ ਰੈਲੀ ਕੀਤੀ ਜਾ ਰਹੀ ਸੀ ਜਦੋਂ ਕੁਝ ਲੋਕਾਂ ਨੇ ਛੱਤ ਉਪਰੋਂ ਪ੍ਰਦਰਸ਼ਨਕਾਰੀਆਂ ’ਤੇ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਜਲਦੀ ਹੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਪੁਲੀਸ ਟੀਮ ਨੇ ਮੌਕੇ ’ਤੇ ਪੁੱਜ ਕੇ ਅੱਥਰੂ ਗੈਸ ਤੇ ਡੰਡੇ ਵਰ੍ਹਾਉਂਦਿਆਂ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਖਿੰਡਾਇਆ। ਇਸ ਤੋਂ ਪਹਿਲਾਂ ਬਜਰੰਗ ਦਲ, ਸ਼ਿਵ ਸੈਨਾ ਤੇ ਡੋਗਰਾ ਫਰੰਟ ਦੀ ਅਗਵਾਈ ਵਿੱਚ ਲੋਕਾਂ ਨੇ ਮੋਮਬੱਤੀ ਮਾਰਚ ਵੀ ਕੱਢਿਆ।
ਜੰਮੂ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਤੇ ਜੰਮੂ ਤੇ ਕਸ਼ਮੀਰ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਵੀ ਦਹਿਸ਼ਤੀ ਹਮਲੇ ਦੀ ਨਿਖੇਧੀ ਕੀਤੀ। ਬਾਰ ਐਸੋਸੀਏਸ਼ਨ ਨੇ ਕੰਮ ਵੀ ਠੱਪ ਰੱਖਿਆ। 

ਸੀਆਰਪੀਐਫ ਦੇ ਸ਼ਹੀਦ ਜਵਾਨਾਂ ਨੂੰ ਰਾਜਨਾਥ ਨੇ ਮੋਢਾ ਦਿੱਤਾ

ਸ੍ਰੀਨਗਰ, 15 ਫਰਵਰੀ ਸੀਆਰਪੀਐਫ ਕੈਂਪਸ ’ਚ ਮਾਹੌਲ ਗ਼ਮਗੀਨ ਸੀ। ਸੀਆਰਪੀਐਫ ਦੇ 40 ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਉਚੇਚੇ ਤੌਰ ’ਤੇ ਇਥੇ ਪੁੱਜੇ ਅਤੇ ਉਨ੍ਹਾਂ ਮ੍ਰਿਤਕ ਦੇਹਾਂ ਨੂੰ ਮੋਢਾ ਵੀ ਦਿੱਤਾ। ਇਸ ਮਗਰੋਂ ਦੇਹਾਂ ਵਾਲੇ ਤਾਬੂਤਾਂ ਨੂੰ ਅੰਤਿਮ ਰਸਮਾਂ ਲਈ ਉਨ੍ਹਾਂ ਦੇ ਘਰਾਂ ਵੱਲ ਰਵਾਨਾ ਕਰ ਦਿੱਤਾ ਗਿਆ। ਜਿਵੇਂ ਹੀ ਬਿਗਲ ਵਜਿਆ ਤਾਂ ਗਾਰਡ ਨੇ ‘ਸ਼ੋਕ ਸਲਾਮੀ ਸ਼ਸਤਰ’ (ਸ਼ਹੀਦਾਂ ਦੇ ਸਨਮਾਨ ’ਚ ਹਥਿਆਰ ਪੁੱਠੇ ਕਰਨ) ਦੀ ਆਵਾਜ਼ ਬੁਲੰਦ ਕੀਤੀ ਅਤੇ ਦਸਤਿਆਂ ਨੇ ਸ਼ਹੀਦਾਂ ਨੂੰ ਸਲਾਮੀ ਦਿੰਦਿਆਂ ਦੋ ਮਿੰਟ ਦਾ ਮੌਨ ਧਾਰਿਆ। ਇਸ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਨੇ ਸ਼ਹੀਦ ਜਵਾਨ ਦੇ ਤਾਬੂਤ ਨੂੰ ਮੋਢਾ ਦਿੱਤਾ ਜਿਸ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਉਨ੍ਹਾਂ ਦੇ ਜੱਦੀ ਇਲਾਕੇ ’ਚ ਲਿਜਾਇਆ ਗਿਆ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ,‘‘ਦੇਸ਼ ਸੀਆਰਪੀਐਫ ਦੇ ਬਹਾਦਰ ਜਵਾਨਾਂ ਦੀ ਕੁਰਬਾਨੀ ਨੂੰ ਕਦੇ ਵੀ ਨਹੀਂ ਭੁਲਾਏਗਾ। ਉਨ੍ਹਾਂ ਦਾ ਬਲੀਦਾਨ ਬੇਕਾਰ ਨਹੀਂ ਜਾਵੇਗਾ।’’ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਵਾਲਿਆਂ ’ਚ ਰਾਜਪਾਲ ਸੱਤਿਆ ਪਾਲ ਮਲਿਕ, ਗ੍ਰਹਿ ਸਕੱਤਰ ਰਾਜੀਵ ਗਾਬਾ, ਸੀਆਰਪੀਐਫ ਦੇ ਡਾਇਰੈਕਟਰ ਜਨਰਲ ਆਰ ਆਰ ਭਟਨਾਗਰ, ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਸ੍ਰੀ ਸਿੰਘ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਜੰਮੂ ਕਸ਼ਮੀਰ ’ਚ ਫ਼ੌਜ ਅਤੇ ਸੁਰੱਖਿਆ ਬਲਾਂ ਦੇ ਕਾਫ਼ਲੇ ਜਾਣ ਸਮੇਂ ਰਾਜਮਾਰਗਾਂ ਅਤੇ ਮੁੱਖ ਸੜਕਾਂ ’ਤੇ ਆਮ ਆਵਾਜਾਈ ’ਤੇ ਪਾਬੰਦੀ ਲਾਈ ਜਾਵੇਗੀ। ੳਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਇਸ ਨਾਲ ਦਿੱਕਤ ਹੋਵੇਗੀ ਪਰ ਜਵਾਨਾਂ ਦੀ ਸੁਰੱਖਿਆ ਲਈ ਇਹ ਫ਼ੈਸਲਾ ਅਹਿਮ ਹੈ। ਵੱਖਵਾਦੀਆਂ ਅਤੇ ਹੁਰੀਅਤ ਕਾਨਫਰੰਸ ਆਗੂਆਂ ’ਤੇ ਅਸਿੱਧੇ ਤੌਰ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਆਈਐਸਆਈ ਤੋਂ ਫੰਡ ਹਾਸਲ ਕਰਨ ਵਾਲੇ ਵਿਅਕਤੀਆਂ ਨੂੰ ਦਿੱਤੀ ਸੁਰੱਖਿਆ ਬਾਰੇ ਨਜ਼ਰਸਾਨੀ ਕੀਤੀ ਜਾਵੇਗੀ। ਉਨ੍ਹਾਂ ਸੂਬਾ ਸਰਕਾਰ ਨੂੰ ਫਿਰਕੂ ਸਦਭਾਵਨਾ ਬਣਾਈ ਰੱਖਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਹਮਲੇ ’ਚ ਸ਼ਹੀਦ ਹੋਏ ਸੀਆਰਪੀਐਫ ਦੇ ਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਦੀ ਘੜੀ ’ਚ ਸ਼ਰੀਕ ਹਨ। ਉਨ੍ਹਾਂ ਸਾਰੀਆਂ ਸੂਬਾ ਸਰਕਾਰਾਂ ਨੂੰ ਕਿਹਾ ਕਿ ਉਹ ਪਰਿਵਾਰਾਂ ਨੂੰ ਵੱਧ ਤੋਂ ਵੱਧ ਸਹਾਇਤਾ ਦੇਣ। ਹਮਲੇ ਪਿੱਛੇ ਸੁਰੱਖਿਆ ’ਚ ਕੋਤਾਹੀ ਬਾਰੇ ਪੁੱਛੇ ਜਾਣ ’ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ। 

ਦਹਿਸ਼ਤਗਰਦਾਂ ਨਾਲ ਨਜਿੱਠਣ ਲਈ ਸੁਰੱਖਿਆ ਬਲਾਂ ਨੂੰ ਖੁੱਲ੍ਹੀ ਛੁੱਟੀ: ਮੋਦੀ

ਨਵੀਂ ਦਿੱਲੀ, 15 ਫਰਵਰੀ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਹਮਲੇ ਕਰਵਾ ਕੇ ਭਾਰਤ ਨੂੰ ਕਮਜ਼ੋਰ ਨਹੀਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਹਮਲੇ ਦੇ ਜ਼ਿੰਮੇਵਾਰਾਂ ਨੂੰ ਬਹੁਤ ਭਾਰੀ ਕੀਮਤ ਚੁਕਾਉਣੀ ਪਏਗੀ। ਪੁਲਵਾਮਾ ਜ਼ਿਲ੍ਹੇ ’ਚ ਸੀਆਰਪੀਐਫ ਦੇ 40 ਜਵਾਨਾਂ ਦੀ ਸ਼ਹਾਦਤ ਮਗਰੋਂ ਅੱਜ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਦਹਿਸ਼ਤਗਰਦਾਂ ਨਾਲ ਸਿੱਝਣ ਲਈ ਖੁੱਲ੍ਹੀ ਛੁੱਟੀ ਦਿੱਤੀ ਜਾਵੇਗੀ।
ਦਿੱਲੀ ਤੋਂ ਵਾਰਾਨਸੀ ਤਕ ਚੱਲਣ ਵਾਲੀ ਸਭ ਤੋਂ ਤੇਜ਼ ਰੇਲਗੱਡੀ ‘ਵੰਦੇ ਭਾਰਤ ਐਕਸਪ੍ਰੈੱਸ’ ਨੂੰ ਹਰੀ ਝੰਡੀ ਦਿਖਾਉਣ ਦੇ ਸਮਾਗਮ ਦੌਰਾਨ ਸ੍ਰੀ ਮੋਦੀ ਨੇ ਕਿਹਾ,‘‘ਮੈਂ ਦਹਿਸ਼ਤੀ ਜਥੇਬੰਦੀਆਂ ਅਤੇ ਉਨ੍ਹਾਂ ਨੂੰ ਸਹਾਇਤਾ ਦੇਣ ਵਾਲਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਨ੍ਹਾਂ ਬਹੁਤ ਭਾਰੀ ਗਲਤੀ ਕੀਤੀ ਹੈ। ਉਨ੍ਹਾਂ ਨੂੰ ਹਮਲਿਆਂ ਲਈ ਬਹੁਤ ਭਾਰੀ ਕੀਮਤ ਚੁਕਾਉਣੀ ਪਏਗੀ। ਮੈਂ ਮੁਲਕ ਨੂੰ ਭਰੋਸਾ ਦਿੰਦਾ ਹਾਂ ਕਿ ਹਮਲੇ ਦੇ ਸਾਜ਼ਿਸ਼ਕਾਰਾਂ ਨੂੰ ਸਜ਼ਾ ਮਿਲੇਗੀ।’’ ਆਪਣੇ ਸਖ਼ਤ ਭਾਸ਼ਨ ’ਚ ਉਨ੍ਹਾਂ ਕਿਹਾ ਕਿ ਲੋਕਾਂ ਦਾ ਖੂਨ ਖੌਲ ਰਿਹਾ ਹੈ ਅਤੇ ਗੁਆਂਢੀ ਮੁਲਕ ਸੋਚਦਾ ਹੈ ਕਿ ਅਜਿਹੇ ਦਹਿਸ਼ਤੀ ਹਮਲਿਆਂ ਨਾਲ ਉਹ ਭਾਰਤ ਨੂੰ ਅਸਥਿਰ ਕਰ ਦੇਵੇਗਾ ਪਰ ਉਨ੍ਹਾਂ ਦੇ ਮਨਸੂਬੇ ਪੂਰੇ ਨਹੀਂ ਹੋਣਗੇ। ਬਾਅਦ ’ਚ ਝਾਂਸੀ ’ਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦਾ ਨਾਮ ਲਏ ਬਿਨਾਂ ਕਿਹਾ ਕਿ ਉਹ ‘ਠੂਠਾ ਫੜ’ ਕੇ ਵੱਖ ਵੱਖ ਮੁਲਕਾਂ ਕੋਲ ਜਾਣ ਲਈ ਮਜਬੂਰ ਹੋ ਗਏ ਹਨ ਅਤੇ ਇਹ ਹਮਲਾ ਉਸੇ ਲਾਚਾਰੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸੀਆਰਪੀਐਫ ਦੇ ਜਵਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਏਗੀ ਅਤੇ ਸੁਰੱਖਿਆ ਬਲਾਂ ਨੂੰ ਆਪਣੇ ਸਮੇਂ, ਸਥਿਤੀ ਅਤੇ ਸਥਾਨ ਦੇ ਹਿਸਾਬ ਨਾਲ ਫ਼ੈਸਲਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ।

 

ਪਾਕਿਸਤਾਨ ਨਾਲ ਗੱਲਬਾਤ ਦਾ ਵੇਲਾ ਲੰਘਿਆ: ਕੈਪਟਨ

ਚੰਡੀਗੜ੍ਹ, 15 ਫਰਵਰੀ :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ’ਤੇ ਕੀਤੇ ਦਹਿਸ਼ਤੀ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਦੁਸ਼ਮਣਾਂ ਨੂੰ ਢੁੱਕਵਾਂ ਜਵਾਬ ਦੇਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨਾਲ ਸ਼ਾਂਤੀ ਵਾਰਤਾ ਦਾ ਵੇਲਾ ਲੰਘ ਚੁੱਕਾ ਹੈ ਤੇ ਪੁਲਵਾਮਾ ਹਮਲੇ ਨੇ ਗੁਆਂਢੀ ਮੁਲਕ ਦੇ ਦੋਹਰੇ ਕਿਰਦਾਰ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਪਾਕਿਸਤਾਨੀ ਫ਼ੌਜ ਅਤੇ ਆਈਐਸਆਈ ਨੂੰ ਪੰਜਾਬ ਵਿੱਚ ਅਜਿਹੀ ਕਿਸੇ ਵੀ ਗਤੀਵਿਧੀ ਵਿਰੁੱਧ ਚਿਤਾਵਨੀ ਦਿੱਤੀ ਹੈ।
ਵਿਧਾਨ ਸਭਾ ਵਿੱਚ ਸਦਨ ਨੇ ਅੱਜ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਇਸ ਹਮਲੇ ਦੀ ਨਿਖੇਧੀ ਕੀਤੀ। ਮੁੱਖ ਮੰਤਰੀ ਨੇ ਸਦਨ ਨੂੰ ਉਠਾਉਣ ਦੀ ਮੰਗ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਪਾਕਿਸਤਾਨ ਨਾਲ ਸ਼ਾਂਤੀ ਦੀ ਗੱਲ ਕਰਨ ਦਾ ਵੇਲਾ ਲੰਘ ਚੁੱਕਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਗੁਆਂਢੀ ਮੁਲਕ ਖ਼ਿਲਾਫ਼ ਜਵਾਬੀ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੇ 80ਵੇਂ ਅਤੇ 90ਵੇਂ ਦਹਾਕਿਆਂ ਦੌਰਾਨ ਅਤਿਵਾਦ ਦਾ ਦੌਰ ਹੰਢਾਇਆ ਹੈ ਅਤੇ ਇਸ ਵਿਰੁੱਧ ਸਾਡੀ ਮਜ਼ਬੂਤ ਪੁਲੀਸ ਫੋਰਸ ਡਟ ਕੇ ਲੜੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਕਿਸੇ ਵੀ ਚੁਣੌਤੀ ਦਾ ਮੂੰਹ ਤੋੜਵਾਂ ਜਵਾਬ ਦੇਣ ਦੇ ਸਮਰੱਥ ਹੈ। ਉਨ੍ਹਾਂ ਐਲਾਨ ਕੀਤਾ ਜੇਕਰ ਜਨਰਲ ਬਾਜਵਾ ਅਤੇ ਆਈਐਸਆਈ ਨੇ ਪੰਜਾਬ ਵਿੱਚ ਹੁਣ ਕੋਈ ਕੋਝੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਠੋਕਵਾਂ ਜਵਾਬ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਮਤਾ ਪੇਸ਼ ਕਰਦਿਆਂ ਕਿਹਾ ਕਿ ਪੁਲਵਾਮਾ ਹਮਲੇ ਦੇ ਸ਼ਹੀਦਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਣੀ ਚਾਹੀਦੀ ਅਤੇ ਕੇਂਦਰ ਸਰਕਾਰ ਨੂੰ ਇਸ ਹਮਲੇ ਦਾ ਢੁਕਵਾਂ ਜਵਾਬ ਦੇਣਾ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਮਲਾ ਪਾਕਿਸਤਾਨ ਸਰਕਾਰ ਦੇ ਦੂਹਰੇ ਕਿਰਦਾਰ ਦਾ ਪਰਦਾਫਾਸ਼ ਕਰਦਾ ਹੈ। ਮਤੇ ਨੂੰ ਸਦਨ ਨੇ ਸਰਬਸੰਮਤੀ ਨਾਲ ਪਾਸ ਕੀਤਾ ਤੇ ਮਗਰੋਂ ਸਦਨ ਨੂੰ ਪੂਰੇ ਦਿਨ ਲਈ ਉਠਾ ਦਿੱਤਾ ਗਿਆ। ਇਸ ਤੋਂ ਪਹਿਲਾਂ ਸਦਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨਿੰਦਾ ਬਾਰੇ ਸਦਨ ਦੀ ਅਪੀਲ ਨੂੰ ਰਿਕਾਰਡ ’ਤੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਮਲੇ ਨਾਲ ਖਾਨ ਦਾ ਦੂਹਰਾ ਕਿਰਦਾਰ ਜੱਗ ਜ਼ਾਹਿਰ ਹੋਇਆ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਹਮਲੇ ਵਿੱਚ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਲਈ ਇਕ-ਇਕ ਕਰੋੜ ਰੁਪਏ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਛੋਟਾ ਮਾਮਲਾ ਹੈ ਜਿਸ ਨੂੰ ਪੂਰਾ ਕੀਤਾ ਜਾਵੇਗਾ।

ਹਮਲੇ ਦਾ ਕਰਤਾਰਪੁਰ ਲਾਂਘੇ ’ਤੇ ਕੋਈ ਅਸਰ ਨਹੀਂ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮੀਦ ਜ਼ਾਹਰ ਕੀਤੀ ਕਿ ਪੁਲਵਾਮਾ ਹਮਲੇ ਦਾ ਕਰਤਾਰਪੁਰ ਲਾਂਘੇ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਵੀਜ਼ਾ ਮੁਕਤ ‘ਖੁੱਲ੍ਹੇ ਦਰਸ਼ਨ ਦੀਦਾਰੇ’ ਕਰਨ ਬਾਰੇ ਆਪਣੀ ਮੰਗ ਨੂੰ ਮੁੜ ਦੁਹਰਾਇਆ। ਉਨ੍ਹਾਂ ਕਿਹਾ ਕਿ ਜੇਕਰ ਦੋਵਾਂ ਮੁਲਕਾਂ ਦਰਮਿਆਨ ਅਮਨ-ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣਾ ਹੈ ਤਾਂ ਇਸ ਲਈ ਪਾਕਿਸਤਾਨ ਨੂੰ ਆਪਣੇ ਰਵੱਈਏ ਵਿੱਚ ਤਬਦੀਲੀ ਲਿਆਉਣੀ ਪਵੇਗੀ।

ਜ਼ਿਲ੍ਹਾਂ ਭਾਜਪਾ ਜਗਰਾਉਂ ਨੇ ਫੁੱਕਿਆ ਪਾਕਿਸਤਾਨ ਦਾ ਪੁੱਤਲਾ

ਜਗਰਾਉਂ ( ਜਨ ਸ਼ਕਤੀ ਬਿਓੁਰੋ ) ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਜਵਾਨਾਂ ਤੇ ਪਾਕਿਸਤਾਨ  ਤੇ ਜੈਸ਼-ਏ-ਮਹੁੰਮਦ ਦੇ ਸਹਿਯੋਗ ਨਾਲ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਜ਼ਿਲ੍ਹਾਂ ਪ੍ਰਧਾਨ ਭਾਜਪਾ ਜਗਰਾਉਂ ਗੋਰਵ ਖੁੱਲਰ , ਯੂਵਾ ਮੋਰਚਾ  ਜਿਲ੍ਹਾਂ ਪ੍ਰਧਾਨ ਅਮਿਤ ਸ਼ਿੰਗਲ , ਲੀਗਲ ਸੈਲ ਦੇ ਸੰਯੋਜਕ ਵਿਵੇਕ ਭਾਰਦਵਾਜ਼ ਤੇ ਮੰਡਲ ਪ੍ਰਧਾਨ ਰਾਜਾ ਵਰਮਾ ਦੀ ਅਗਵਾਈ ਹੇਠ ਭਾਜਪਾ ਵਰਕਰਾ ਨੇ ਪਾਕਿਸਤਾਨ ਦਾ ਪੁੱਤਲਾ ਫੱਕਿਆ । ਪ੍ਰਧਾਨ ਖੁੱਲਰ ਤੇ ਸਿੰਗਲਾ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੇਂਦਰ ਸਰਕਾਰ ਵੱਲੋ ਇਸ ਹਮਲੇ ਦਾ ਮੁੰਹ ਤੋੜ ਜਵਾਬ ਦਿੱਤਾ ਜਾਵੇਗਾ ਤੇ ਹਮੇਸ਼ਾ ਅੱਤਵਾਦੀਆਂ ਦੀ ਮਦਦ ਕਰਨ ਵਾਲੇ ਪਾਕਿਸਤਾਨ ਨੂੰ ਭੱਵਿਖ ਵਿੱਚ ਇਸ ਦਾ ਭਿਆਨਕ ਖਾਮਿਆਜ਼ਾ  ਭੁਗਤਨਾ ਪਵੇਗਾ । ਪ੍ਰਧਾਨ ਖੁੱਲਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋ ਸੈਨਾ ਨੂੰ ਫ੍ਰੀ ਹੈਂਡ ਕਰਨ ਤੇ ਪਾਕਿਸਤਾਨ ਤੋ ਐਮਐਫਐਨ ਦਾ ਦਰਜ਼ਾ ਵਾਪਿਸ ਲੈਣ ਦੇ ਫੈਂਸਲੇ ਦਾ ਸਵਾਗਤ ਕੀਤਾ । ਇਸ ਮੋਕੇ, ਸੀਨੀਅਰ ਨੇਤਾ ਭਾਜਪਾ ਪਰਮਜੀਤ ਪੰਮਾ , ਜਗਦੀਸ਼ ਓਹਰੀ , ਜਗਦੀਸ਼ ਲੂੰਬਾ , ਕੋਂਸਲਰ ਸਤੀਸ਼ ਪੱਪੂ , ਕੋੰਸਲਰ ਅੰਕੂਸ਼ ਧੀਰ , ਪੰਕਜ਼ ਗੁਪਤਾ , ਅਰੁਣ ਮੋਰਿਆ , ਜਾਨਸਨ ਮਸੀਹ , ਮੰਡਲ ਪ੍ਰਧਾਨ ਹਠੂਰ ਕੇਵਲ ਸਿੰਘ , ਕੋਂਸਲਰ ਦਰਸ਼ਨ ਸਿੰਘ , ਰਮਨ ਅਰੋੜਾ , ਅਸ਼ੋਕ ਨਾਹਰ , ਵਿਨੋਦ ਬਾਂਸਲ , ਹਨੀ ਗੋਇਲ , ਸਰਜੀਵਨ ਬਾਂਸਲ , ਅਮਰਜੀਤ ਸਿੰਘ , ਅਜੈ ਅੱਗਰਵਾਲ , ਜੌਗਿੰਦਰ ਪਾਲ ਨਿਜ਼ਾਵਨ , ਮੰਜੀਤ ਸਿੰਘ , ਨਵਨੀਤ ਗੁਪਤਾ ਤੇ ਸਮੁਹ ਭਾਜਪਾ ਵਰਕਰ ਹਾਜ਼ਿਰ ਸੀ । 
 

ਜਗਰਾਉਂ ਵਾਸੀਆਂ ਨੇ ਸ਼ਹੀਦਾ ਨੂੰ ਦਿੱਤੀ ਸ਼ਰਧਾਂਜਲੀ

ਜਗਰਾਉਂ ( ਜਨ ਸ਼ਕਤੀ ਬਿਓੁਰੋ ) ਜਗਰਾਉਂ ਸ਼ਹਿਰ ਦੇ ਵਾਸੀਆ ਵੱਲੋ ਸਥਾਨਕ ਝਾਂਸੀ ਚੋਂਕ ਵਿੱਚ ਕੈਂਡਲ ਜਲਾ ਕੇ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਸ਼ਹੀਦ ਹੋਏ  ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ । ਜਗਰਾੳੇਂ ਵਾਸੀਆ ਨੇ ਮੰਗ ਕਰਦੇ ਹੋਏ ਕਿਹਾ ਕਿ ਅੱਤਵਾਦੀ ਸੰਗਠਨ ਜੈਸ਼-ਏ-ਮਹੁੰਮਦ ਤੇ ਲਸ਼ਕਰ ਏ ਤੋਇਬਾ ਤੇ ਫੋਜ਼ੀ ਕਾਰਵਾਈ ਕਰਕੇ ਖਤਮ ਕੀਤਾ ਜਾਵੇ । ਉਹਨਾਂ ਨੇ ਉਮੀਦ ਜਿਤਾਈ ਕਿ ਜਲੱਦ ਹੀ ਫੋਜ਼ ਇਸ ਹਮਲੇ ਦਾ ਮੁੰਹ ਤੋੜ ਜਵਾਬ ਦੇਵੇਗੀ । ਇਸ ਮੋਕੇ ਕੋਂਸਲਰ ਅਮਨਜੀਤ ਸਿੰਘ ਖਹਿਰਾ , ਗੋਪੀ ਸ਼ਰਮਾ , ਗੁਰਪ੍ਰੀਤ ਸਿੰਘ , ਅੰਕੂਸ਼ ਮਿੱਤਲ , ਦਵਿੰਦਰ ਜੈਨ , ਗੁਰਚਰਨ ਸਿੰਘ ਗਰੇਵਾਲ, ਜਤਿੰਦਰ ਗਰਗ , ਰੁਪੇਸ਼ ਸ਼ਰਮਾ , ਦੀਪਕ ਗੋਇਲ , ਸੁੱਖ ਜਗਰਾਉਂ , ਇੰਦਰਜੀਤ ਸਿੰਘ ਲਾਂਬਾ , ਸਤੀਸ਼ ਕਾਲੜਾ , ਸੰਦੀਪ ਬੱਬਰ ਹਾਜਿਰ ਸੀ । 

ਕਾਂਗਰਸ ਨੇ ਜੰਮੂ-ਕਸ਼ਮੀਰ 'ਚ ਹੋਏ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਜਗਰਾਉਂ, 15 ਫਰਵਰੀ - ਬੀਤੇ ਦਿਨੀਂ ਜੰਮੂ ਕਸ਼ਮੀਰ 'ਚ ਸੀ.ਆਰ.ਪੀ. ਐਫ਼ ਦੇ ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਦੌਰਾਨ 40 ਦੇ ਕਰੀਬ ਸ਼ਹੀਦ ਹੋਏ ਜਵਾਨਾਂ ਨੂੰ ਅੱਜ ਕਾਂਗਰਸ ਪਾਰਟੀ ਦੇ ਲੁਧਿਆਣਾ (ਦਿਹਾਤੀ) ਪ੍ਰਧਾਨ ਸੋਨੀ ਗਾਲਿਬ ਦੀ ਅਗਵਾਈ 'ਚ ਝਾਂਸੀ ਰਾਣੀ ਚੌਕ ਵਿਖੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਮੌਕੇ ਸੋਨੀ ਗਾਲਿਬ ਨੇ ਕਿਹਾ ਕਿ ਦੇਸ਼ ਅੰਦਰ ਅੱਤਵਾਦੀ ਹਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਤੇ ਆਏ ਦਿਨ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ। ਉਨ ਕਿਹਾ ਕਿ ਅੱਜ ਭਾਰਤ ਨੂੰ ਇਸ ਦਾ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਬਲਾਕ ਸ਼ਹਿਰੀ ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ, ਪ੍ਰਸ਼ੋਤਮ ਲਾਲ ਖਲੀਫਾ, ਚੇਅਰਮੈਨ ਅਜਮੇਰ ਸਿੰਘ ਢੋਲਣ, ਦਿਹਾਤੀ ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਮੇਸ਼ੀ ਸਹੋਤਾ, ਨੀਟਾ ਸੱਭਰਵਾਲ, ਸਾਬਕਾ ਕੌਂਸਲਰ ਕਾਲਾ ਕਲਿਆਣ, ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ, ਵਿਨੋਦ ਕੁਮਾਰ ਬਾਂਸਲ, ਵਿਕਰਮ ਜੱਸੀ, ਰੋਹਿਤ ਗੋਇਲ, ਸੰਦੀਪ ਲੇਖੀ, ਜੈਸੂਰੀਆ, ਕੌਂਸਲਰ ਕਰਮਜੀਤ ਸਿੰਘ ਕੈਂਥ, ਸਰਪੰਚ ਨਵਦੀਪ ਸਿੰਘ ਗਰੇਵਾਲ, ਜਗਜੀਤ ਸਿੰਘ ਜੱਗੀ, ਬੌਬੀ ਕਪੂਰ, ਪਰਾਸ਼ਰ ਦੇਵ ਸ਼ਰਮਾ, ਨਰੈਸ਼ ਘੈਂਟ ਆਦਿ ਹਾਜ਼ਰ ਸਨ।

ਗਾਲਿਬ ਰਣ ਸਿੰਘ 'ਚ ਮੀਹ ਕਾਰਨ ਕਈ ਏਕੜ ਦੇ ਕਰੀਬ ਆਲੂਆਂ ਦੀ ਫਸਲ ਹੋਈ ਤਬਾਹ

ਸਿੱਧਵਾਂ ਬੇਟ(ਜਸਮੇਲ ਗਾਲਿਬ)ਹਲਕਾ ਜਗਰਾਉ ਦੇ ਪਿੰਡ ਗਾਲਿਬ ਰਣ 'ਚ ਪਿਛਲੇ ਦਿਨੀ ਪਏ ਭਾਰੀ ਮੀਹ ਤੇ ਗੜੇਮਾਰੀ ਨਾਲ ਕਿਸਾਨਾਂ ਦੀ ਕਈ ਏਕੜ ਆਲੂਆਂ ਦੀ ਫਸਲ ਪੂਰੀ ਤਰ੍ਹਾਂ ਤਾਬਹ ਹੋ ਚੁੱਕੀ ਹੈ।ਇਸ ਸਮੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਹਰਸਿਮਰਨ ਸਿੰਘ ਬਾਲੀ ਨੇ ਦੱਸਿਆ ਕਿ ਪਿੰਡ ਗਾਲਿਬ ਰਣ ਸਿੰਘ 'ਚ ਗੁਰਜੀਵਨ ਸਿੰਘ ਦੀ 10 ਕਿੱਲੇ,ਰਜਿੰਦਰ ਸਿੰਘ ਸਾਬਕਾ ਮੈਂਬਰ 8 ਕਿੱਲੇ,ਗੁਰਮੇਲ ਸਿੰਘ ਫੌਜੀ  8 ਕਿੱਲੇ,ਲਖਵਿੰਦਰ ਸਿੰਘ 8 ਕਿੱਲੇ,ਕਮਿਕਰ ਸਿੰਘ 3 ਕਿੱਲੇ,ਜਸਵਿੰਦਰ ਸਿੰਘ 3 ਕਿੱਲੇ,ਸੁਖਦੇਵ ਸਿੰਘ 8 ਕਿੱਲੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੱੁਕੀ। ਇਸ ਸਮੇ ਸਾਰੇ ਕਿਸਾਨਾਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਆਲੂਆਂ ਦੀ ਤਬਾਹ ਹੋਈ ਫਸਲ ਦਾ ਮੁਆਵਜ਼ਾ ਜਲਦ ਤੋ ਜਲਦ ਕਿਸਾਨਾਂ ਨੂੰ ਦਿੱਤਾ ਜਾਵੇ।ਇਸ ਸਮੇ ਅਜਮੇਰ ਸਿੰਘ,ਗੁਰਮੱੁਖ ਸਿੰਘ ਆਦਿ ਹਾਜ਼ਰ ਸਨ।
 

ਪਿੰਡ ਗਾਲਿਬ ਰਣ ਸਿੰਘ ਵਿੱਚ ਪ੍ਰਧਾਨ ਮੰਤਰੀ ਯੋਜਨਾ ਸਕੀਮ ਅਧੀਨ ਵਾਲੇ ਕਿਸਾਨਾਂ ਦੇ ਫਾਰਮ ਭਰੇ ਗਏ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਵਿੱਚ ਪ੍ਰਧਾਨ ਮੰਤਰੀ ਯੋਜਨਾ ਸਕੀਮ ਅਧੀਨ 5 ਏਕੜ ਤੋ ਘੱਟ ਵਾਲੇ ਕਿਸਾਨਾਂ ਦੇ ਫਾਰਮ ਭਰੇ ਗਏ।ਇਸ ਪ੍ਰਧਾਨ ਮੰਤਰੀ ਸਕੀਮ ਅਧੀਨ ਹੀ ਕਿਸਾਨਾਂ ਨੂੰ  ਹਰ ਸਾਲ ਦਾ 6000 ਰੁਪਏ ਬੈਕਾਂ ਰਾਹੀ ਦਿੱਤੇ ਜਾਣਗੇ।ਇਹ ਫਾਰਮ ਪਿੰਡ ਦੇ ਸਰਪੰਚ ਜਗਦੀਸ ਚੰਦ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਤਾਜ ਸਿੰਘ ਨੇ 5 ਏਕੜ ਤੋ ਘੱਟ ਵਾਲਿਆਂ ਕਿਸਾਨਾਂ ਦੇ ਫਾਰਮ ਭਰੇ ਗਏ।ਇਸ ਸਮੇ ਸਰਤਾਜ ਸਿੰਘ ਨੇ ਕਿਹਾ ਕਿ ਇਸ ਪ੍ਰਧਾਨ ਮੰਤਰੀ ਸਕੀਮ ਦਾ ਹਰ ਇੱਕ ਕਿਸਾਨ ਨੂੰ ਲਾਭ ਲੈਣਾ ਚਾਹੀਦਾ ਤੇ ਸਾਰੇ ਕਿਸਾਨਾਂ ਨੂੰ ਇਹ ਫਾਰਮ ਜਲਦੀ ਭਰਨੇ ਚਾਹੀਦੇ ਹਨ।ਇਸ ਸਮੇ ਸਰਪੰਚ ਜਗਦੀਸ ਚੰਦ ਨੇ ਕਿਹਾ ਕਿ ਜਿਸ ਕਿਸਾਨ ਦੇ ਫਾਰਮ ਭਰੇ ਗਏ ਉਸ ਨੂੰ ਹੀ ਪ੍ਰਧਾਨ ਮੰਤਰੀ ਸਕੀਮ ਦਾ ਲਾਭ ਮਿਲੇਗਾ।ਇਸ ਸਮੇ ਪੰਚ ਨਿਰਮਲ ਸਿੰਘ ,ਪੰਚ ਹਰਜੀਤ ਸਿੰਘ,ਪੰਚ ਜਗਸੀਰ ਸਿੰਘ,ਪੰਚ ਹਰਜੀਤ ਸਿੰਘ,ਖਜ਼ਾਨਚੀ ਕੁਲਵਿੰਦਰ ਸਿੰਘ ਛਿੰਦਾ,ਬਲਵਿੰਦਰ ਸਿੰਘ,ਮਹਿੰਦਰ ਸਿੰਘ (ਕਮੇਟੀ ਮੈਂਬਰ) ਕਰਨੈਲ ਸਿੰਘ ਕਨੇਡਾ,ਚਮਕੌਰ ਸਿੰਘ ਕਨੇਡਾ,ਡਾ.ਸੁਖਦੇਵ ਸਿੰਘ,ਹਰਜੀਤ ਸਿੰਘ,ਬਲਦੇਵ ਸਿੰਘ ਦੇਬੀ,ਗੁਰਦੀਪ ਸਿੰਘ,ਹਰਬੰਸ ਸਿੰਘ,ਬਲਵਿੰਦਰ ਸਿੰਘ,ਗੁਰਦੇਵ ਸਿੰਘ,ਉਮਾ,ਕਾਲਾ,ਅਤੇ ਹੋਰ ਕਿਸਾਨ ਹਾਜ਼ਰ ਸਨ।
 

150 ਤੋਂ ਵੱਧ ਕੰਪਨੀਆਂ ਵੱਲੋਂ ਨੌਜਵਾਨਾਂ ਦੀ ਨੌਕਰੀਆਂ ਲਈ ਚੋਣ

ਲੁਧਿਆਣਾ, 13 ਫਰਵਰੀ - ਜ਼ਿਲ੍ਹੇ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿੱਚ ਲਗਾਏ ਜਾ ਰਹੇ ਰੁਜ਼ਗਾਰ ਮੇਲੇ ਦੇ ਅੱਜ ਪਹਿਲੇ ਦਿਨ ਸਰਕਾਰੀ ਆਈਟੀਆਈ ਗਿੱਲ ਰੋਡ ਲੁਧਿਆਣਾ ਵਿਖੇ ਮੇਲੇ ’ਚ 150 ਤੋਂ ਵੱਧ ਕੰਪਨੀਆਂ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਦੀ ਚੋਣ ਕੀਤੀ ਗਈ ਅਤੇ ਅੱਜ ਮੇਲੇ ਦੌਰਾਨ ਤਕਰੀਬਨ 3 ਹਜ਼ਾਰ ਤੋਂ ਵੱਧ ਨੌਜਵਾਨਾਂ ਨੇ ਆਪਣੇ ਆਪ ਨੂੰ ਰਜਿਸਟਰ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਜ਼ਿਲ੍ਹੇ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿੱਚ ਰੁਜ਼ਗਾਰ ਮੇਲੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਮੁੱਖ ਨਿਸ਼ਾਨਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ 16 ਫਰਵਰੀ ਨੂੰ ਦੋ ਰੁਜ਼ਗਾਰ ਮੇਲੇ ਸੁਆਮੀ ਗੰਗਾ ਗਿਰੀ ਕਾਲਜ਼ ਗੌਂਦਵਾਲ ਨੇੜੇ ਰਾਏਕੋਟ ਅਤੇ ਇਸੇ ਦਿਨ ਸਰਕਾਰੀ ਆਈਟੀਆਈ (ਲੜਕੀਆਂ) ਸਮਰਾਲਾ ਵਿੱਚ, 17 ਫਰਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਜਗਰਾਓ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪਾਇਲ, 22 ਨੂੰ ਗੁਲਜਾਰ ਗਰੁੱਪ ਆਫ਼ ਇੰਸਟੀਚਿਊਟ ਖੰਨਾ ਅਤੇ 22 ਨੂੰ ਹੀ ਗੌਰਮਿੰਟ ਇੰਸਟੀਚਿਊਟ ਟੈਕਸਟਾਈਲ ਕਮਿਸਟਰੀ ਐਂਡ ਨਿਟਿੰਗ ਟੈਕਨਾਲਜੀ ਰਿਸ਼ੀਨਗਰ ਲੁਧਿਆਣਾ ਵਿੱਚ ਲਾਏ ਜਾਣਗੇ। ਇਸ ਮੌਕੇ ਏਡੀਸੀ ਡਾ. ਸ਼ੇਨਾ ਅਗਰਵਾਲ, ਏਡੀਸੀ ਨੀਰੂ ਕਤਿਆਲ ਗੁਪਤਾ, ਐਸਡੀਐਮ ਦਮਨਜੀਤ ਸਿੰਘ ਆਦਿ ਮੌਜੂਦ ਸਨ।