ਖਹਿਰਾ ਨੇ ਕੀਤਾ ਆਪਣੀ ਨਵੀਂ ਪਾਰਟੀ 'ਪੰਜਾਬੀ ਏਕਤਾ ਪਾਰਟੀ' ਦਾ ਐਲਾਨ

ਪੰਜਾਬੀਆਂ ਨਾਲ ਵਾਅਦਿਆਂ ਦੀ ਲਾਈ ਝੜੀ

ਚੰਡੀਗੜ੍ਹ, 8 ਜਨਵਰੀ (ਹਰੀਸ਼ ਚੰਦਰ ਬਾਗਾਂਵਾਲਾ)- ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਵੱਖਰੀ ਪਾਰਟੀ ' ਪੰਜਾਬੀ ਏਕਤਾ ਪਾਰਟੀ' ਦਾ ਐਲਾਨ ਕਰ ਦਿੱਤਾ ਹੈ।  ਖਹਿਰਾ ਨੇ ਫਿਲਹਾਲ ' ਆਪ' ਤੋਂ ਅਸਤੀਫਾ ਨਹੀਂ ਦਿੱਤਾ ਹੈ।ਪਰ ਅੱਜ, ਮੰਗਲਵਾਰ ਨੂੰ ਪਾਰਟੀ ਦੀ ਸਥਾਪਨਾ ਦੇ ਐਲਾਨ ਮੌਕੇ  ਉਨ੍ਹਾਂ ਦੇ ਸਾਥੀ 7 ਵਿਧਾਇਕ ਮੰਚ ਤੋੰ ਹੇਠਾਂ  ਨਜ਼ਰ ਆਏ ।ਸ਼ਾਇਦ ਉਕਤ 7 ਵਿਧਾਇਕ ਆਪਣੇ ਅਹੁਦੇ ਲਈ ਕਿਸੇ ਕਾਨੂੰਨੀ ਸੰਕਟ ਤੋ ਬਚ ਰਹੇ ਸਨ। , ਜਦਕਿ ਸਾਥੀ ਪਾਰਟੀਆਂ ,ਲੋਕ ਇਨਸਾਫ ਪਾਰਟੀ , ਬਸਪਾ ਆਦਿ ਦੇ ਆਗੂ ਸ਼ਾਮਿਲ ਨਹੀਂ ਹੋਏ । ਨਵੀਂ ਪਾਰਟੀ ਦਾ ਐਲਾਨ ਕਰਦਿਆਂ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਤਮਾਮ ਸੰਕਟਾਂ ਲਈ ਰਿਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਜਿੰਮੇਵਾਰ ਹਨ। ਦਿਲਚਸਪ ਗੱਲ ਇਹ ਵੀ ਸੀ ਕਿ ਆਮ ਆਦਮੀ ਪਾਰਟੀ ਨੂੰ ਪਾਣੀ ਪੀ ਪੀ ਕੇ ਨਿੰਦਣ ਵਾਲੇ ਖਹਿਰਾ ਨੇ ਇਕ ਵਾਰ ਵੀ 'ਆਪ' ਜਾਂ ਕੇਜਰੀਵਾਲ ਦੀ ਨਾ ਤਾਂ ਨਿੰਦਾ ਕੀਤੀ ਅਤੇ ਨਾ ਹੀ ਨਾਮ ਲਿਆ।ਪੰਜਾਬ ਦੀ ਕੈਪਟਨ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਝੂਠ ਦਾ ਸਹਾਰਾ ਲੈ ਕੇ ਸੱਤਾ ਵਿਚ ਆਈ ਕਾਂਗਰਸ ਦੇ ਇਸ ਕਰੀਬ 2 ਸਾਲ ਦੇ ਰਾਜ ਵਿਚ 600 ਕਿਸਾਨ ਆਤਮਹੱਤਿਆ ਕਰ ਚੁੱਕੇ ਹਨ। ਬੇਰੋਜ਼ਗਾਰੀ ਸਿਖਰ 'ਤੇ ਹੈ, ਸੂਬਾ 2.5 ਲੱਖ ਕਰੋੜ ਦੇ ਕਰਜ਼ੇ ਹੇਠ ਹੈ, ਧਾਰਮਿਕ ਭਾਵਨਾਵਾਂ ਨਾਲ ਛੇੜ ਛਾੜ ਹੋਈ , ਪਰ ਕੋਈ ਇਨਸਾਫ ਨਹੀਂ ਮਿਲਿਆ। ਨਵੀਂ ਪਾਰਟੀ ਦਾ ਗਠਨ ਇਸੇ ਬੇਇਨਸਾਫ਼ੀ ਦਾ ਨਤੀਜਾ ਹੈ।  

ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਦੇ ਏਜੰਡੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨੀ ਆਤਮਹੱਤਿਆਵਾਂ 'ਤੇ ਗਹਿਨ ਵਿਚਾਰ ਹੋਵੇਗਾ, ਕਿਸਾਨਾਂ 'ਤੇ ਕਰਜ਼ ਦਾ ਵਿਆਜ 50 ਫੀਸਦੀ ਘਟੇਗਾ, ਕਾਫਲਿਕਟ ਆਫ ਇੰਟਰਸਟ ਲਾਗੂ ਹੋਵੇਗਾ ਅਤੇ ਇਸਦੇ ਲਈ ਕਾਨੂੰਨ ਸਖ਼ਤ ਬਣੇਗਾ, ਮਜਬੂਤ ਲੋਕਪਾਲ, ਆਰਗੈਨਿਕ ਨਸ਼ਿਆਂ ਦੀ ਖੇਤੀ ਪੋਸਤ, ਅਫੀਮ ਦੇ ਮਾਡਲ ਨੂੰ ਪੰਜਾਬ ਵਿਚ ਲਾਗੂ ਕਰਾਂਗੇ ਤਾਂ ਜੋ ਹੈਰੋਇਨ ,ਸਮੈਕ ਨੂੰ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਏਜੰਡੇ ਵਿਚ ਵਿਧਾਇਕਾਂ ਦੀਆਂ ਬੇਤਹਾਸ਼ਾ ਪੈਨਸ਼ਨਾਂ 'ਤੇ ਰੋਕ ਹੋਵੇਗੀ।ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਵਿਚ ਚੋਣ ਕਮਿਸ਼ਨ ਨੂੰ ਹਲਫਨਾਮਾਂ ਦਿੱਤਾ ਜਾਵੇਗਾ ਕਿ ਜੇਕਰ ਉਹ ਆਪਣਿਆਂ ਵਯਦਿਆਂ ਤੋੰ ਮੁਕਰਣ ਤਾਂ ਉਨ੍ਹਾਂ ਦੀ ਮਾਨਤਾ ਰੱਦ ਕਰ ਦਿੱਤੀ ਜਾਵੇ। ਉੰਨਾ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੂਬੇ ਵਿਚ ਸੱਤਾ 'ਤੇ ਆਉਂਦੀ ਹੈ ਤਾਂ ਸਿਆਸਤਦਾਨਾਂ ਤੋਂ ਬੱਸਾਂ ਦੇ ਪਰਮਿਟ ਵਾਪਿਸ ਲਏ ਜਾਣਗੇ। ਆਪ ਦੇ ਬਾਗੀ ਆਗੂ ਦੀਪਕ ਬਾਂਸਲ ਨੇ ਇਸ ਮੌਕੇ ਪਾਰਟੀ ਲਈ ਨਵੇਂ ਪ੍ਰਧਾਨ ਵੱਜੋਂ ਸੁਖਪਾਲ ਸਿੰਘ ਖਹਿਰਾ ਦਾ ਨਾਮ ਰੱਖਿਆ , ਜਿਸਦਾ ਰੈਲੀ ਵਿਚ ਸ਼ਾਮਿਲ ਕਾਰਕੁੰਨਾਂ ਨੇ ਨਾਅਰੇ ਲਾ ਕੇ ਤਾਈਦ ਕੀਤਾ।ਇਸ ਪ੍ਰੋਗਰਾਮ ਵਿਚ ਆਪ ਦੇ ਮੁਅੱਤਲ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੀ ਪੁੱਜੇ ਅਤੇ ਖਹਿਰਾ ਨੂੰ ਵਧਾਈ ਦਿੱਤੀ।