ਭਾਰਤ

PM Narender Modi in Rajya Sabha : ਐਮ ਐਸ ਪੀ ਸੀ, ਹੈ ਤੇ ਰਹੇਗਾ

ਹੋਰ ਵੀ ਬਹੁਤ ਕੁਝ ਜਾਣੋ ਕਿਸਾਨਾਂ ਬਾਰੇ ਕੀ-ਕੀ ਬੋਲੇ ਪ੍ਰਧਾਨ ਮੰਤਰੀ

ਨਵੀਂ ਦਿੱਲੀ,ਫ਼ਰਵਰੀ 2021(ਏਜੰਸੀ) 

ਰਾਜ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਭਾਸ਼ਣ ਦਾ ਜਵਾਬ ਦਿੱਤਾ। ਸੰਸਦ ਦੇ ਬਜਟ ਸੈਸ਼ਨ ਦੌਰਾਨ ਵਿਰੋਧੀ ਧਿਰ ਨੇ ਕਿਸਾਨ ਅੰਦੋਲਨਾਂ 'ਤੇ ਜ਼ਬਰਦਸਤ ਹੰਗਾਮਾ ਕੀਤਾ ਤੇ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਇਸ ਸਬੰਧੀ ਅੱਜ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਸਾਨਾਂ ਦਾ ਭਰਮ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਪੀ ਐੱਮ ਮੋਦੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਘੱਟੋ-ਘੱਟ ਸਮਰਥਨ ਮੁੱਲ ਸੀ, ਹੈ ਤੇ ਅੱਗੇ ਵੀ ਰਹੇਗਾ।

ਰਾਜ ਸਭਾ 'ਚ ਖੇਤੀ ਸੁਧਾਰਾਂ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਲਾਲ ਬਹਾਦੁਰ ਸ਼ਾਸਤਰੀ ਜੀ ਨੂੰ ਖੇਤੀ ਸੁਧਾਰ ਕਰਨੇ ਪਏ, ਉਦੋਂ ਉਨ੍ਹਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਹ ਪਿੱਛੇ ਨਹੀਂ ਹਟੇ ਸਨ। ਉਨ੍ਹਾੰ ਕਿਹਾ ਕਿ ਉਦੋਂ ਲੈਫਟ ਵਾਲੇ ਕਾਂਗਰਸ ਨੂੰ ਅਮਰੀਕਾ ਦਾ ਏਜੰਟ ਕਹਿੰਦੇ ਸਨ, ਅੱਜ ਮੈਨੂੰ ਵੀ ਉਹ ਗਾਲ੍ਹਾਂ ਕੱਢ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਕਾਨੂੰਨ ਆਇਆ ਹੋਵੇ, ਕੁਝ ਸਮੇਂ ਬਾਅਦ ਸੁਧਾਰ ਹੁੰਦੀ ਹੀ ਹਨ।

ਐੱਮ ਐੱਸ ਪੀ ਸੀ, ਐੱਮ ਐੱਸ ਪੀ ਹੈ ਤੇ ਐੱਮ ਐੱਸ ਪੀ   ਰਹੇਗਾ - ਪ੍ਰਧਾਨ ਮੰਤਰੀ  ਮੋਦੀ

ਪੀਐੱਮ ਮੋਦੀ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਐੱਮ ਐੱਸ ਪੀ  ਹੈ, ਸੀ ਤੇ ਰਹੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਡੀਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ 80 ਕਰੋੜ ਲੋਕਾਂ ਨੂੰ ਸਸਤੇ ਵਿਚ ਰਾਸ਼ਨ ਦਿੱਤਾ ਜਾਂਦਾ ਹੈ, ਉਹ ਵੀ ਜਾਰੀ ਰਹੇਗਾ। ਪ੍ਰਧਾਨ ਮੰਤਰੀ ਨੇ ਨਾਲ ਹੀ ਦੱਸਿਆ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਦੂਸਰੇ ਉਪਾਵਾਂ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇਕਰ ਹੁਣ ਦੇਰ ਕਰਾਂਗੇ ਤਾਂ ਕਿਸਾਨਾਂ ਨੂੰ ਹਨੇਰੇ ਵੱਲ ਧੱਕ ਦਿਆਂਗੇ।

ਕਿਸਾਨ ਅੰਦੋਲਨ 'ਤੇ ਬੋਲੇ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਕਿਸਾਨ ਅੰਦੋਲਨ ਬਾਰੇ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਅੰਦੋਲਨਕਾਰੀਆਂ ਨੂੰ ਸਮਝਾਉਂਦੇ ਹੋਏ ਅੱਗੇ ਵਧਣਾ ਪਵੇਗਾ। ਉਹ ਬੋਲੇ ਕਿ ਗਾਲ੍ਹਾਂ ਨੂੰ ਮੇਰੇ ਖਾਤੇ 'ਚ ਜਾਣ ਦਿਉ ਪਰ ਸੁਧਾਰ ਹੋਣ ਦਿਉ। ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਕਿ ਜਿਹੜੇ ਬਜ਼ੁਰਗ ਅੰਦੋਲਨ 'ਚ ਬੈਠੇ ਹਨ, ਉਨ੍ਹਾਂ ਨੂੰ ਘਰ ਜਾਣਾ ਚਾਹੀਦਾ ਹੈ। ਉਹ ਅੰਦੋਲਨ ਖ਼ਤਮ ਕਰਨ ਤੇ ਚਰਚਾ ਅੱਗੇ ਚੱਲਦੇ ਰਹੇ। ਕਿਸਾਨਾਂ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ।

ਖੇਤੀ ਕਾਨੂੰਨ ਤੇ ਪ੍ਰਦਰਸ਼ਨ 'ਤੇ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ    

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਇਹ ਤੈਅ ਕਰਨਾ ਪਵੇਗਾ ਕਿ ਅਸੀਂ ਸਮੱਸਿਆ ਦਾ ਹਿੱਸਾ ਬਣਾਂਗੇ ਜਾਂ ਹੱਲ ਦਾ ਜ਼ਰੀਆ। ਉਨ੍ਹਾਂ ਕਿਹਾ ਕਿ ਸਿਆਸਤ ਤੇ ਰਾਸ਼ਟਰਨੀਤੀ 'ਚ ਸਾਨੂੰ ਕਿਸੇ ਇਕ ਨੂੰ ਚੁਣਨਾ ਪਵੇਗਾ। ਪੀਐੱਮ ਮੋਦੀ ਬੋਲੇ ਕਿ ਸਦਨ ਵਿਚ ਕਿਸਾਨ ਅੰਦੋਲਨ ਦੀ ਭਰਪੂਰ ਚਰਚਾ ਹੋਈ, ਜਿਹੜਾ ਵੀ ਦੱਸਿਆ ਗਿਆ ਉਹ ਅੰਦੋਲਨ ਸਬੰਧੀ ਦੱਸਿਆ ਗਿਆ ਪਰ ਮੂਲ ਗੱਲ 'ਤੇ ਚਰਚਾ ਨਹੀਂ ਹੋਈ।

ਪੀਐੱਮ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮੌਜੂਦਾ ਸਮੇਂ ਜਿਨ੍ਹਾਂ ਕੋਲ 1 ਹੈਕਟੇਅਰ ਤੋਂ ਘੱਟ ਜ਼ਮੀਨ ਹੈ, ਉਹ 68 ਫ਼ੀਸਦੀ ਕਿਸਾਨ ਹਨ। 86 ਫ਼ੀਸਦੀ ਕਿਸਾਨਾਂ ਕੋਲ 2 ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ। ਸਾਨੂੰ ਆਪਣੀਆਂ ਯੋਜਨਾਵਾਂ ਦੇ ਕੇਂਦਰ ਵਿਚ 12 ਕਰੋੜ ਕਿਸਾਨਾਂ ਨੂੰ ਰੱਖਣਾ ਪਵੇਗਾ।

Kishan protest Ghaziabad ; ਮੰਚ ’ਤੇ ਨਹੀਂ ਲੱਗੇਗਾ ਕਿਸੇ ਸਿਆਸੀ ਪਾਰਟੀ ਦਾ ਟੈਂਟ - ਰਾਕੇਸ਼ ਟਿਕੈਤ  

ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਰਕੇਸ਼ ਟਿਕੈਤ  ਦਾ ਵੱਡਾ ਐਲਾਨ  

ਨਵੀਂ ਦਿੱਲੀ, ਗਾਜ਼ੀਬਾਅਦ ਫਰਵਰੀ 2021( ਇਕਬਾਲ ਸਿੰਘ ਰਸੂਲਪੁਰ /ਮਨਜਿੰਦਰ ਗਿੱਲ ) 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਮਵਾਰ ਨੂੰ ਰਾਜ ਸਭਾ ’ਚ ਰਾਸ਼ਟਰਪਤੀ ਰਾਜਨਾਥ ਕੋਵਿੰਦ ਦੇ ਭਾਸ਼ਣ ’ਤੇ ਜਵਾਬ ਦੇਣ ਤੋਂ ਬਾਅਦ ਇਥੇ ਯੂਪੀ ਗੇਟ ’ਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਘੱਟ ਸਮਰਥਨ ਮੁੱਲ (ਐੱਮਐੱਸਪੀ) ਨੂੰ ਲੈ ਕੇ ਉਲਝਾਇਆ ਜਾ ਰਿਹਾ ਹੈ। ਐੱਮਐੱਸਪੀ ’ਤੇ ਕਾਨੂੰਨ ਬਣਨ ਨਾਲ ਹੀ ਦੇਸ਼ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਐੱਮਐੱਸਪੀ ’ਤੇ ਕਾਨੂੰਨ ਨਾ ਹੋਣ ਨਾਲ ਵਪਾਰੀ ਕਿਸਾਨਾਂ ਨੂੰ ਲੁੱਟਦੇ ਹਨ। ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨ ਵਾਪਸ ਹੋਣ ਤੇ ਐੈੱਮਐੱਸਪੀ ’ਤੇ ਕਾਨੂੰਨ ਬਣੇ, ਤਦ ਹੀ ਸਮੱਸਿਆ ਦਾ ਹੱਲ ਹੋਵੇਗਾ।

ਉਨ੍ਹਾਂ ਕਿਹਾ ਕਿ ਦੇਸ਼ ’ਚ ਭੁੱਖ ’ਤੇ ਵਪਾਰ ਕਰਨ ਵਾਲਿਆਂ ਨੂੰ ਬਾਹਰ ਕੱਢਿਆ ਜਾਵੇਗਾ। ਜਿਸ ਤਰ੍ਹਾਂ ਫਲਾਈਟ ਦੇ ਟਿਕਟ ਦੀ ਕੀਮਤ ਦਿਨ ’ਚ ਚਾਰ ਵਾਰ ਉਪਰ-ਥੱਲ੍ਹੇ ਹੁੰਦੀ ਹੈ, ਉਸੇ ਤਰ੍ਹਾਂ ਅਨਾਜ ਦੀ ਕੀਮਤ ਭੁੱਖ ਦੇ ਆਧਾਰ ’ਤੇ ਤੈਅ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਪੇਂਡੂ ਖੇਤਰਾਂ ’ਚ ਦੁੱਧ 22 ਤੋਂ 28 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿੱਕ ਰਿਹਾ ਹੈ। ਇਸ ਨਾਲ ਦੁੱਧ ਉਤਪਾਦਨ ਕਰਨ ਵਾਲੇ ਕਿਸਾਨਾਂ ਦਾ ਖਰਚਾ ਵੀ ਨਹੀਂ ਪੂਰਾ ਹੋ ਰਿਹਾ ਹੈ। ਇਸ ਨਾਲ ਦੇਸ਼ ’ਚ ਪਸ਼ੂਆਂ ਦੀ ਗਿਣਤੀ ਘੱਟ ਗਈ ਹੈ। ਉਨ੍ਹਾਂ ਕਿਹਾ ਕਿ ਦੁੱਧ ਦੀ ਕੀਮਤ ਨਿਰਧਾਰਿਤ ਕੀਤੀ ਜਾਵੇ। ਰਾਜਨੀਤਕ ਦਲਾਂ ਦੇ ਸਮਰਥਨ ’ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਕਿਸਾਨਾਂ ਦਾ ਅੰਦੋਲਨ ਹੈ, ਇਸ ’ਚ ਕਿਸੇ ਰਾਜਨੀਤਕ ਦਲ ਦਾ ਟੈਂਟ ਨਹੀਂ ਲੱਗਾ ਹੈ।

ਇਹ ਕਿਹਾ ਹੈ ਪੀਐੱਮ ਮੋਦੀ ਨੇ ਸੰਸਦ ’ਚ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ’ਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਐੱਮਐੱਸਪੀ ਸੀ ਤੇ ਰਹੇਗੀ। ਇੰਨਾ ਹੀ ਨਹੀਂ ਉਨ੍ਹਾਂ ਨੇ ਮੰਡੀਆਂ ਦੇ ਵੀ ਆਧੁਨਿਕੀਕਰਨ ਦੀ ਗੱਲ ਕਹੀ ਹੈ। ਪੀਐੱਮ ਮੋਦੀ ਨੇ ਗੁਜ਼ਾਰਿਸ਼ ਕੀਤੀ ਹੈ ਕਿ ਕਿਸਾਨਾਂ ਨੂੰ ਆਪਣਾ ਧਰਨਾ ਪ੍ਰਦਰਸ਼ਨ ਖਤਮ ਕਰਨਾ ਚਾਹੀਦਾ। ਕਿਸਾਨਾਂ ਨਾਲ ਕੇਂਦਰ ਸਰਕਾਰ ਨੇ ਗੱਲ ਕੀਤੀ ਹੈ ਤੇ ਅੱਗੇ ਵੀ ਚਰਚਾ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਖਤਮ ਹੋਣਾ ਚਾਹੀਦਾ ਤੇ ਚਰਚਾ ਜਾਰੀ ਰਹਿਣੀ ਚਾਹੀਦੀ ਹੈ।

Sikh genocide 1984 ; ਜਾਨ ਬਚਾਉਣ ਵਾਲੇ ਬਜ਼ੁਰਗ ਨੇ ਦਿੱਤੀ ਗਵਾਹੀ, ਦੰਗਾਕਾਰੀਆਂ ਦੇ ਨਾਂ ਮਿਲੇ

ਕਾਨਪੁਰ, ਫਰਵਰੀ 2021 (ਏਜੰਸੀ) 

ਸਿੱਖ ਵਿਰੋਧੀ ਦੰਗਿਆਂ ਦੌਰਾਨ ਕਾਨਪੁਰ ਦੇ ਚਕੇਰੀ ਦੀ ਜੇਕੇ ਕਾਲੋਨੀ 'ਚ ਦੋ ਸਕੇ ਭਰਾਵਾਂ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੂੰ ਕਰੀਬ ਅੱਧਾ ਦਰਜਨ ਦੰਗਾਕਾਰੀਆਂ ਦੇ ਨਾਂ-ਪਤੇ ਮਿਲ ਗਏ ਹਨ। ਸਿੱਖ ਪਰਿਵਾਰ ਦੀ ਜਾਨ ਬਚਾਉਣ ਵਾਲੇ ਇਕ ਬਜ਼ੁਰਗ ਗੁਆਂਢੀ ਨੇ ਵੀ ਐੱਸਆਈਟੀ ਨੂੰ ਗਵਾਹੀ ਦਿੱਤੀ ਹੈ। ਇਸ ਦੌਰਾਨ ਗੁਆਂਢੀ ਦੀਆਂ ਅੱਖਾਂ ਭਰ ਆਈਆਂ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੇ ਮੈਂਬਰ ਜਦੋਂ ਕਾਨਪੁਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਜ਼ਰੂਰ ਮਿਲਦੇ ਹਨ।

ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਦੰਗਿਆਂ ਦੌਰਾਨ ਚਕੇਰੀ ਦੀ ਜੇਕੇ ਕਾਲੋਨੀ 'ਚ ਪ੍ਰਰੇਮ ਸਿੰਘ ਦੇ ਦੋ ਪੁੱਤਰਾਂ ਨਰਿੰਦਰ ਤੇ ਸੁਰਿੰਦਰ ਸਿੰਘ ਦੀ ਹੱਤਿਆ ਹੋਈ ਸੀ। ਨਰਿੰਦਰ ਦੀ ਪਤਨੀ ਹੁਣ ਲੰਡਨ 'ਚ ਰਹਿੰਦੀ ਹੈ, ਜਦਕਿ ਸੁਰਿੰਦਰ ਦੀ ਪਤਨੀ ਹਰਵਿੰਦਰ ਕੌਰ ਆਪਣੀ ਦੋ ਧੀਆਂ ਨਾਲ ਚੇਨਈ 'ਚ ਰਹਿੰਦੀ ਹੈ। ਪਿਛਲੇ ਦਿਨੀਂ ਐੱਸਆਈਟੀ ਦੀ ਜਾਂਚ 'ਚ ਚੇਨਈ ਜਾ ਕੇ ਇਨ੍ਹਾਂ ਦੇ ਬਿਆਨ ਲਏ ਸਨ। ਉਥੋਂ ਵਾਪਸ ਆਉਣ ਤੋਂ ਬਾਅਦ ਟੀਮ ਨੇ ਦੁਬਾਰਾ ਘਟਨਾ ਵਾਲੀ ਥਾਂ ਨੇੜੇ-ਤੇੜੇ ਪੁੱਛਗਿੱਛ ਕੀਤੀ ਤਾਂ ਨਜ਼ਦੀਕ ਹੀ ਰਹਿਣ ਵਾਲੇ ਇਕ ਬਜ਼ੁਰਗ ਨੇ ਦੱਸਿਆ ਕਿ ਪਹਿਲੀ ਨਵੰਬਰ 1984 ਨੂੰ 250 ਤੋਂ ਜ਼ਿਆਦਾ ਦੰਗਾਕਾਰੀਆਂ ਨੇ ਸਿੱਖ ਪਰਿਵਾਰ 'ਤੇ ਹਮਲਾ ਕਰ ਦਿੱਤਾ। ਛੱਤ ਦੇ ਰਸਤਿਓਂ ਉਨ੍ਹਾਂ ਨੇ ਪ੍ਰਰੇਮ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਕੱਿਢਆ ਸੀ ਪਰ ਉਦੋਂ ਤਕ ਦੰਗਾਕਾਰੀ ਉਨ੍ਹਾਂ ਦੇ ਦੋ ਪੁੱਤਰਾਂ ਨੂੰ ਬਾਹਰ ਖਿੱਚ ਲੈ ਗਏ ਤੇ ਇੱਟਾਂ-ਪੱਥਰਾਂ ਨਾਲ ਕੁਚਲ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ 'ਚ ਸ਼ਾਮਲ ਦੰਗਾਕਾਰੀਆਂ ਦੀ ਵੀ ਜਾਣਕਾਰੀ ਦਿੱਤੀ ਹੈ। ਇਸ 'ਚ ਕਈ ਹੁਣ ਰਸੂਖਦਾਰ ਹਨ। ਇਕ ਨਾਂ ਤਾਂ ਚਕੇਰੀ ਦੇ ਮਿਠਾਈ ਵਿਕ੍ਰੇਤਾ ਦਾ ਹੈ। ਐੱਸਪੀ ਐੱਸਆਈਟੀ ਬਾਲੇਂਦੁ ਭੂਸ਼ਣ ਨੇ ਦੱਸਿਆ ਕਿ ਚਕੇਰੀ ਦੀ ਜੇਕੇ ਕਾਲੋਨੀ 'ਚ ਹੋਈ ਘਟਨਾ 'ਚ ਮਾਂ ਧੀਆਂ ਦੀ ਗਵਾਹੀ ਅਹਿਮ ਹੈ। ਹੁਣ ਕੁਝ ਸਥਾਨਕ ਨਿਵਾਸੀ ਵੀ ਗਵਾਹੀ ਦੇਣ ਲਈ ਤਿਆਰ ਹੋ ਗਏ ਹਨ। ਥਾਣਿਆਂ 'ਚੋਂ ਪੁਰਾਣੇ ਅਪਰਾਧੀਆਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੇ ਨਾਂ-ਪਤਿਆਂ ਦੇ ਆਧਾਰ 'ਤੇ ਤਸਦੀਕ ਹੋਣ ਤੋਂ ਬਾਅਦ ਗਵਾਹਾਂ ਦੇ ਕੋਰਟ 'ਚ ਬਿਆਨ ਕਰਵਾਏ ਜਾਣਗੇ। ਇਸ ਤੋਂ ਅੱਗੇ ਦੀ ਕਾਰਵਾਈ ਹੋਵੇਗੀ।

26 ਜਨਵਰੀ ਕਿਸਾਨ ਪਰੇਡ ਵਿਚ ਸ਼ਾਮਲ ਲੁਧਿਆਣੇ ਇਕਬਾਲ ਸਿੰਘ ਉਪਰ ਦਿੱਲੀ ਪੁਲੀਸ ਵੱਲੋਂ 50 ਹਜ਼ਾਰ ਦਾ ਇਨਾਮ  

ਭਾਲ ਵਿੱਚ ਦਿੱਲੀ ਪੁਲੀਸ ਪਹੁੰਚੀ ਲੁਧਿਆਣੇ ਪਰ ਘਰਦਿਆਂ ਨੂੰ ਇਕਬਾਲ ਸਿੰਘ ਦੀ ਕੋਈ ਉੱਘ ਸੁੱਘ ਨਹੀਂ  

ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)- 

ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ’ਤੇ ਹੰਗਾਮੇ ਦੇ ਦੋਸ਼ ’ਚ ਦਿੱਲੀ ਪੁਲਿਸ ਨੇ ਦੀਪ ਸਿੱਧੂ ਸਣੇ ਜਿਨ੍ਹਾਂ 8 ਲੋਕਾਂ ’ਤੇ ਇਨਾਮ ਐਲਾਨਿਆ ਹੈ, ਉਨ੍ਹਾਂ ’ਚੋਂ ਇਕ ਇਕਬਾਲ ਸਿੰਘ ਹਾਲੇ ਵੀ ਫ਼ਰਾਰ ਹੈ। ਉਸ ਦੇ ਮਾਪੇ ਵੀ ਨਹੀਂ ਜਾਣਦੇ ਕਿ ਉਹ ਕਿੱਥੇ ਹੈ।

ਉਸ ’ਤੇ 50 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਉਹ ਲੁਧਿਆਣਾ ਦਾ ਰਹਿਣ ਵਾਲਾ ਹੈ। ਦਿੱਲੀ ਪੁਲਿਸ ਦੀ ਟੀਮ ਉਸ ਨੂੰ ਲੱਭਣ ਲਈ ਲੁਧਿਆਣਾ ਵੀ ਪਹੁੰਚੀ ਪਰ ਉਹ ਘਰੋਂ ਗਾਇਬ ਹੈ, ਜਿਸ ਕਾਰਨ ਪੁਲਿਸ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ।

ਲੁਧਿਆਣਾ ਦੇ ਜਲੰਧਰ ਬਾਈਪਾਸ ਨਾਲ ਲੱਗਦੇ ਨਿਊ ਅਸ਼ੋਕ ਨਗਰ ਇਲਾਕੇ ’ਚ ਰਹਿਣ ਵਾਲੇ ਇਕਬਾਲ ਸਿੰਘ ਦੇ ਘਰ ਉਸ ਦੇ ਬਜ਼ੁਰਗ ਪਿਤਾ ਸਰਦਾਰ ਸਿੰਘ ਤੇ ਮਾਂ ਹੀ ਸਨ। ਪੁੱਛਣ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਕਬਾਲ ਸਿੰਘ ਦਿੱਲੀ ਹੈ ਜਾਂ ਕਿਤੇ ਹੋਰ। ਚਾਰ ਦਿਨ ਪਹਿਲਾਂ ਉਹ ਦਿੱਲੀ ’ਚ ਹੀ ਸੀ। 26 ਜਨਵਰੀ ਦੀ ਘਟਨਾ ਨੂੰ ਲੈ ਕੇ ਉਨ੍ਹਾਂ ਜ਼ਿਆਦਾ ਗੱਲ ਨਹੀਂ ਕੀਤੀ ਅਤੇ ਬਸ ਇੰਨਾ ਹੀ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕੀ ਹੋਇਆ। ਉਨ੍ਹਾਂ ਕਿਹਾ ਕਿ ਇਕਬਾਲ ਸਿੰਘ ਨੂੰ ਲੁਕਣਾ ਨਹੀਂ ਚਾਹੀਦਾ, ਬਲਕਿ ਪੁਲਿਸ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। 

2025 ਤਕ ਉੱਤਰ-ਪੂਰਬ 'ਚ ਕੈਂਸਰ ਦੇ ਨਵੇਂ ਕੇਸ 57 ਹਜ਼ਾਰ ਤੋਂ ਪਾਰ ਹੋਣ ਦਾ ਖ਼ਦਸ਼ਾ

ਨਵੀਂ ਦਿੱਲੀ, ਫਰਵਰੀ 2021 (ਏਜੰਸੀ )   

ਉੱਤਰ-ਪੂਰਬ ਖੇਤਰ 'ਚ ਕੈਂਸਰ ਦੇ ਨਵੇਂ ਮਾਮਲਿਆਂ ਦਾ ਅਨੁਮਾਨ ਚਿੰਤਾ ਵਧਾਉਣ ਵਾਲਾ ਹੈ। ਇਕ ਰਿਪੋਰਟ ਮੁਤਾਬਕ, ਇਨ੍ਹਾਂ ਦੀ ਗਿਣਤੀ 2025 ਤਕ 57,131 ਹੋ ਸਕਦੀ ਹੈ। ਜਦਕਿ 2020 ਵਿਚ 50,317 ਮਾਮਲਿਆਂ ਦੇ ਹੋਣ ਦਾ ਅਨੁਮਾਨ ਲਾਇਆ ਗਿਆ ਸੀ।

ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈਸੀਐੱਮਆਰ) ਅਤੇ ਰਾਸ਼ਟਰੀ ਰੋਗ ਸੂਚਨਾ ਵਿਗਿਆਨ ਅਤੇ ਖੋਜ ਕੇਂਦਰ (ਐੱਨਸੀਡੀਆਈਆਰ), ਬੈਂਗਲੁਰੂ ਨੇ ਇਸ ਸਬੰਧ ਵਿਚ ਵਿਸ਼ਵ ਕੈਂਸਰ ਦਿਵਸ ਦੇ ਮੌਕੇ ਵੀਰਵਾਰ ਨੂੰ ਇਕ ਰਿਪੋਰਟ ਜਾਰੀ ਕੀਤੀ। ਆਈਸੀਐੱਮਆਰ ਨੇ ਦੱਸਿਆ ਹੈ ਕਿ ਭਾਰਤ ਦੇ ਉੱਤਰ-ਪੂਰਬ ਖੇਤਰ ਵਿਚ ਕੈਂਸਰ ਦੇ ਮਾਮਲੇ ਅਤੇ ਸਬੰਧਤ ਸਿਹਤ ਸੂਚਕ ਅੰਕ ਰਿਪੋਰਟ ਸਾਰੇ ਅੱਠ ਸੂਬਿਆਂ ਵਿਚ ਆਬਾਦੀ 'ਤੇ ਅਧਾਰਤ ਕੈਂਸਰ ਰਜਿਸਟਰੀ ਨੇ ਤਿਆਰ ਕੀਤੀ ਹੈ। ਇਕ ਬਿਆਨ ਮੁਤਾਬਕ, ਆਈਸੀਐੱਮਆਰ-ਐੱਨਸੀਡੀਆਈਆਰ ਦੀ ਰਿਪੋਰਟ ਉੱਤਰ-ਪੂਰਬ ਖੇਤਰ ਦੀ ਵਿਭਿੰਨਤਾ ਅਤੇ ਸਮੱਸਿਆ ਦੀ ਗੰਭੀਰਤਾ ਨੂੰ ਰੇਖਾਂਕਿਤ ਕਰਦੀ ਹੈ। ਪਿਛਲੇ ਕਈ ਸਾਲਾਂ ਤੋਂ ਰਾਸ਼ਟਰੀ ਕੈਂਸਰ ਰਜਿਸਟਰੀ ਪ੍ਰੋਗਰਾਮ ਨੇ ਕੈਂਸਰ ਦਾ ਪਤਾ ਲਾਉਣ ਦੀ ਦਿਸ਼ਾ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਕੈਂਸਰ ਦੀ ਰੋਕਥਾਮ ਅਤੇ ਕੰਟਰੋਲ ਸਰਗਰਮੀਆਂ ਲਈ ਆਈਸੀਐੱਮਆਰ ਇਸ ਖੇਤਰ ਵਿਚ ਖੋਜ ਕਰ ਰਿਹਾ ਹੈ। ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਦੇ ਹਵਾਲੇ ਨਾਲ ਬਿਆਨ ਵਿਚ ਕਿਹਾ ਗਿਆ ਹੈ ਕਿ ਰਜਿਸਟਰੀ ਤੋਂ ਮਿਲੇ ਵਿਗਿਆਨੀ ਸਬੂਤਾਂ ਜ਼ਰੀਏ ਖੇਤਰ ਵਿਚ ਸਿਹਤ ਦੀ ਮੁੱਢਲੀ ਸੰਰਚਨਾ ਮਜ਼ਬੂਤ ਕੀਤੀ ਜਾ ਰਹੀ ਹੈ ਅਤੇ ਭਵਿੱਖ ਵਿਚ ਨੀਤੀਗਤ ਫ਼ੈਸਲਾ ਲੈਣ ਵਿਚ ਇਸ ਨਾਲ ਮਦਦ ਮਿਲੇਗੀ। ਰਿਪੋਰਟ ਮੁਤਾਬਕ, ਮਰਦਾਂ ਵਿਚ 13.6 ਫ਼ੀਸਦੀ ਗ੍ਰਾਸ ਨਲੀ ਦੇ ਕੈਂਸਰ ਅਤੇ 10.9 ਫ਼ੀਸਦੀ ਫੇਫੜਿਆਂ ਦੇ ਕੈਂਸਰ ਨਾਲ ਪੀੜਤ ਹਨ, ਜਦਕਿ ਔਰਤਾਂ ਵਿਚ 14.5 ਫ਼ੀਸਦੀ ਛਾਤੀ ਦੇ ਕੈਂਸਰ ਅਤੇ 12.2 ਫ਼ੀਸਦੀ ਬੱਚੇਦਾਨੀ ਦੇ ਕੈਂਸਰ ਨਾਲ ਪੀੜਤ ਹੋਈਆਂ।

ਯੂ ਪੀ ਸਰਕਾਰ ਵੱਲੋਂ ਗਾਜ਼ੀਆਬਾਦ ਧਰਨੇ ਉਪਰ ਬੈਠੇ ਕਿਸਾਨਾਂ ਨੂੰ ਧਰਨਾ ਚੁੱਕਣ ਦੇ ਸਖ਼ਤ ਹੁਕਮ  

ਸੜਕ ਖਾਲੀ ਕਰਾਉਣ ਲਈ ਕਮਰ ਕੱਸੇ  

ਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਆਖਿਆ ਧਰਨਾ ਨਹੀਂ ਚੁੱਕਿਆ ਜਾਵੇਗਾ  

ਗਾਜ਼ੀਆਬਾਦ,ਜਨਵਰੀ 2021  -(ਏਜੰਸੀ )

ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਯੂਪੀ ਗੇਟ-ਗਾਜ਼ੀਪੁਰ ਬਾਰਡਰ ’ਤੇ ਬੈਠੇ ਕਿਸਾਨਾਂ ਦੇ ਧਰਨੇ ਨੂੰ ਖ਼ਤਮ ਕਰਨ ਦੀ ਆਖਰੀ ਚੇਤਾਵਨੀ ਦਿੰਦਿਆਂ ਸੜਕ ਖਾਲੀ ਕਰਵਾਉਣ ਲਈ ਕਮਰ ਕੱਸ ਲਈ ਹੈ। ਪ੍ਰਸ਼ਾਸਨ ਨੇ ਦੋ ਟੁਕ ਸ਼ਬਦਾਂ ਵਿੱਚ ਸਾਫ਼ ਕਰ ਦਿੱਤਾ ਕਿ ਕਿਸਾਨ ਵੀਰਵਾਰ ਅੱਧੀ ਰਾਤ ਨੂੰ ਉਥੋਂ ਉੱਠ ਜਾਣ ਜਾਂ ਫਿਰ ਉਨ੍ਹਾਂ ਨੂੰ ਉਥੋਂ ਜਬਰੀ ਹਟਾਇਆ ਜਾਵੇਗਾ। ਇਸ ਦੌਰਾਨ ਧਰਨਾ ਨਾ ਚੁੱਕਣ ਲਈ ਬਜ਼ਿੱਦ ਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਪੁਲੀਸ ਪ੍ਰਸ਼ਾਸਨ ਨੂੰ ਗੋਲੀ ਚਲਾਉਣ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਚੁਣੌਤੀ ਦਿੱਤੀ ਹੈ। ਟਿਕੈਤ ਨੇ ਕਿਹਾ ਕਿ ਉਹ ਖ਼ੁਦਕੁਸ਼ੀ ਕਰ ਲੲੇਗਾ, ਪਰ ਅੰਦੋਲਨ ਖ਼ਤਮ ਨਹੀਂ ਕਰੇਗਾ। ਕੇਂਦਰ ਸਰਕਾਰ ਦੀਆਂ ਹਦਾਇਤਾਂ ਮਗਰੋਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੇ ਹੁਕਮ ਦਿੱਤੇ ਹਨ। ਇਸ ਮਗਰੋਂ ਗਾਜ਼ੀਆਬਾਦ ਪ੍ਰਸ਼ਾਸਨ ਨੇ ਨੋਟਿਸ ਜਾਰੀ ਕਰਕੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਵੀਰਵਾਰ ਅੱਧੀ ਰਾਤ ਤੱਕ ਦਾ ਸਮਾਂ ਦਿੱਤਾ ਹੈ। ਧਰਨੇ ਵਾਲੀ ਥਾਂ ਉੱਤੇ ਪਾਣੀ ਬੰਦ ਕਰਕੇ ਨੀਮ ਫੌਜੀ ਬਲਾਂ ਦੀ ਟੁਕੜੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਗਾਜ਼ੀਆਬਾਦ ਦੇ ਡੀਐਮ ਅਜੈ ਸ਼ੰਕਰ ਪਾਂਡੇ ਤੇ ਹੋਰ ਅਧਿਕਾਰੀ ਮੌਕੇ ’ਤੇ ਮੌਜੂਦ ਸਨ। ਇਸ ਦੌਰਾਨ ਵੱਡੇ ਟਿਕੈਤ ਸਾਹਿਬ ਦੇ ਲਕਬ ਨਾਲ ਮਕਬੂਲ ਨਰੇਸ਼ ਟਿਕੈਤ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਉਲਟ ਰਾਕੇਸ਼ ਟਿਕੈਤ ਨੇ ਧਰਨਾ ਜਾਰੀ ਰੱਖਣ ਤੇ ਗੋਡੇ ਨਾ ਟੇਕਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਦਿੱਲੀ ਨਾਲ ਲਗਦੇ ਗਾਜ਼ੀਪੁਰ ਬਾਰਡਰ ’ਤੇ ਵੱਡੀ ਗਿਣਤੀ ਸੁਰੱਖਿਆ ਕਰਮੀਆਂ ਦੀ ਤਾਇਨਾਤੀ ਤੇ ਸ਼ਾਮ ਤੋਂ ਧਰਨੇ ਵਾਲੀ ਥਾਂ ਵਾਰ ਵਾਰ ਬਿਜਲੀ ਜਾਣ ਮਗਰੋਂ ਦੋਵਾਂ ਧਿਰਾਂ ’ਚ ਤਲਖੀ ਵਾਲੇ ਹਾਲਾਤ ਬਣ ਗਏ ਸੀ। ਬੀਕੇਯੂ ਦੇ ਕੌਮੀ ਤਰਜਮਾਨ ਰਾਕੇਸ਼ ਟਿਕੈਤ ਨੇ ਉੱਤਰ ਪ੍ਰਦੇਸ਼ ਸਰਕਾਰ ਤੇ ਪੁਲੀਸ ਦੀ ਇਸ ਪੇਸ਼ਕਦਮੀ ਦੀ ਨਿਖੇਧੀ ਕੀਤੀ ਹੈ। ਟਿਕੈਤ ਨੇ ਕਿਹਾ, ‘ਮੈਂ ਖੁਦਕੁਸ਼ੀ ਕਰ ਲਵਾਂਗਾ, ਪਰ ਕਿਸਾਨ ਅੰਦੋਲਨਾਂ ਨੂੰ ਮਨਸੂਖ਼ ਕੀਤੇ ਜਾਣ ਤੱਕ ਧਰਨਾ ਖ਼ਤਮ ਨਹੀਂ ਕਰਾਂਗਾ।’ ਟਿਕੈਤ ਨੇ ਇਸ ਖ਼ਬਰ ਏਜੰਸੀ ਨੂੰ ਭੇਜੇ ਸੁਨੇਹੇ ਵਿੱਚ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ। ਕਿਸਾਨ ਆਗੂ ਨੇ ਦਾਅਵਾ ਕੀਤਾ ਕਿ ਧਰਨੇ ਵਾਲੀ ਥਾਂ ਹਥਿਆਰਬੰਦ ਗੁੰਡੇ ਭੇਜੇ ਗਏ ਹਨ। ਬੀਕੇਯੂ ਦੇ ਮੀਡੀਆ ਇੰਚਾਰਜ ਧਰਮਿੰਦਰ ਮਲਿਕ ਨੇ ਇਕ ਵੱਖਰੇ ਬਿਆਨ ਵਿੱਚ ਟਿਕੈਤ ਦੇ ਹਵਾਲੇ ਨਾਲ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਸ਼ਾਂਤੀਪੂਰਵਕ ਤਰੀਕੇ ਨਾਲ ਕੀਤੇ ਜਾ ਰਹੇ ਪ੍ਰਦਰਸ਼ਨਾਂ ਨੂੰ ਕਾਨੂੰਨੀ ਤੌਰ ’ਤੇ ਜਾਇਜ਼ ਦੱਸਣ ਦੇ ਬਾਵਜੂਦ ਯੂਪੀ ਪੁਲੀਸ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਟਿਕੈਤ ਨੇ ਕਿਹਾ, ‘ਗਾਜ਼ੀਪੁਰ ਬਾਰਡਰ ’ਤੇ ਕੋਈ ਹਿੰਸਾ ਨਹੀਂ ਹੋਈ, ਪਰ ਯੂਪੀ ਸਰਕਾਰ ਦਬਾਉਣ ਦੀ ਆਪਣੀ ਨੀਤੀ ’ਤੇ ਕਾਇਮ ਹੈ। ਇਹ ਯੂਪੀ ਸਰਕਾਰ ਦਾ ਅਸਲ ਚਿਹਰਾ ਹੈ।

ਦਿੱਲੀ ਪੁਲੀਸ ਵੱਲੋਂ 26 ਜਨਵਰੀ ਦਿੱਲੀ ਹਿੰਸਾ ਲਈ ਕਈ ਐੱਫਆਈਆਰਾਂ ਦਰਜ  

ਕੁੱਲ ਦਰਜ ਐਫ ਆਈ ਆਰ ਦੀ ਗਿਣਤੀ 33  

 37 ਕਿਸਾਨ ਆਗੂਆਂ ਨੂੰ ਕੀਤਾ ਗਿਆ ਨਾਮਜ਼ਦ  

44 ਆਗੂਆਂ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ  

ਲਾਲ ਕਿਲ੍ਹੇ ਤੇ ਹੋਏ ਹਿੰਸਕ ਕਾਰਵਾਈਆਂ ਤੇ ਦੇਸ਼ ਧ੍ਰੋਹ ਦਾ ਕੇਸ ਦਰਜ  

30 ਵਾਹਨਾਂ ਦੀ ਪਛਾਣ ਮਾਲਕਾਂ ਨੂੰ ਗ੍ਰਿਫ਼ਤਾਰ  ਕਰਨ ਦੀਆਂ ਕੋਸ਼ਿਸ਼ਾਂ

ਦਿੱਲੀ ,ਜਨਵਰੀ 2021  -(ਏਜੰਸੀ )

ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਈ ਹਿੰਸਾ ਲਈ ਦਰਜ ਐੱਫਆਈਆਰਾਂ ਵਿੱਚ 37 ਕਿਸਾਨ ਆਗੂਆਂ ਨੂੰ ਨਾਮਜ਼ਦ ਕੀਤੇ ਜਾਣ ਤੋਂ ਇਕ ਦਿਨ ਮਗਰੋਂ ਦਿੱਲੀ ਪੁਲੀਸ ਨੇ 44 ਆਗੂਆਂ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕਰ ਦਿੱਤੇ ਹਨ। ਇਹ ਨੋਟਿਸ ਆਮ ਕਰਕੇ ਮੁਲਜ਼ਮ ਨੂੰ ਮੁਲਕ ਛੱਡ ਕੇ ਭੱਜਣ ਤੋਂ ਰੋਕਣ ਲਈ ਜਾਰੀ ਕੀਤਾ ਜਾਂਦਾ ਹੈ। ਇਸ ਦੌਰਾਨ ਦਿੱਲੀ ਪੁਲੀਸ ਨੇ ਲਾਲ ਕਿਲੇ ਵਿੱਚ ਹੋਈ ਹਿੰਸਾ ਮਾਮਲੇ ਵਿੱਚ ਦੇਸ਼ਧ੍ਰੋਹ ਦਾ ਕੇਸ ਦਰਜ ਕਰ ਲਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਆਈਪੀਸੀ ਦੀ ਧਾਰਾ 124ਏ (ਦੇਸ਼ਧ੍ਰੋਹ) ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲੀਸ ਨੇ ਲਾਲ ਕਿਲੇ ’ਚ ਧਾਰਮਿਕ ਝੰਡਾ ਝੁਲਾਉਣ ਦੇ ਮਾਮਲੇ ਵਿੱਚ ਦਰਜ ਐੈੱਫਆਈਆਰ ਵਿੱਚ ਅਦਾਕਾਰ ਦੀਪ ਸਿੱਧੂ ਤੇ ਗੈਂਗਸਟਰ ਤੋਂ ਸਮਾਜਿਕ ਕਾਰਕੁਨ ਬਣੇ ਲੱਖਾ ਸਿਧਾਣਾ ਦਾ ਨਾਮ ਸ਼ਾਮਲ ਕਰ ਲਿਆ। ਉਧਰ ਦਿੱਲੀ ਪੁਲੀਸ ਨੇ ਟਰੈਕਟਰ ਪਰੇਡ ਮਾਰਚ ਮੌਕੇ ਨਿਰਧਾਰਿਤ ਰੂਟ ਦੀ ਉਲੰਘਣਾ ਲਈ ਦਰਜ ਐੱਫਆਈਆਰ ਵਿੱਚ 30 ਵਾਹਨਾਂ ਦੀ ਪਛਾਣ ਕੀਤੀ ਹੈ ਤੇ ਇਨ੍ਹਾਂ ਦੇ ਮਾਲਕਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਐੱਫਆਈਆਰ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਪੁਲੀਸ ਮੁਲਾਜ਼ਮਾਂ ਤੋਂ ਪਿਸਟਲ, ਗੋਲੀਸਿੱਕਾ ਤੇ ਅੱਥਰੂ ਗੈਸ ਗੰਨ ਖੋਹਣ ਦਾ ਵੀ ਦਾਅਵਾ ਕੀਤਾ ਗਿਆ ਹੈ। ਪੁਲੀਸ ਨੇ ਦਿੱਲੀ ਹਿੰਸਾ ਮਾਮਲੇ ’ਚ ਕੁੱਲ ਮਿਲਾ ਕੇ 33 ਐਫ਼ਆਈਆਰ ਦਰਜ ਕੀਤੀਆਂ ਹਨ।

ਦਿੱਲੀ ਦੇ ਪੁਲੀਸ ਕਮਿਸ਼ਨਰ ਐੱਸ.ਐੱਨ.ਸ੍ਰੀਵਾਸਤਵ ਨੇ ਕਿਹਾ, ‘ਦਿੱਲੀ ਪੁਲੀਸ ਨੇ ਟਰੈਕਟਰ ਪਰੇਡ ਮਾਰਚ ਦੌਰਾਨ ਹੋਈ ਹਿੰਸਾ ਮਾਮਲੇ ਵਿੱਚ ਦਰਜ ਐੱਫਆਈਆਰ ਵਿੱਚ ਨਾਮਜ਼ਦ ਕੀਤੇ ਕਿਸਾਨ ਆਗੂਆਂ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕਰ ਦਿੱਤੇ ਹਨ।’ ਸ੍ਰੀਵਾਸਵਤ ਨੇ ਕਿਹਾ ਕਿ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਰਾਦਾ ਕਤਲ, ਦੰਗਾ ਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਦਰਜ ਕੇਸਾਂ ਵਿੱਚ ਰਾਕੇਸ਼ ਟਿਕੈਤ, ਯੋਗੇਂਦਰ ਯਾਦਵ, ਮੇਧਾ ਪਾਟੇਕਰ ਸਮੇਤ 37 ਕਿਸਾਨ ਆਗੂਆਂ ਦੇ ਨਾਮ ਸ਼ਾਮਲ ਹਨ। ਹੋਰਨਾਂ ਆਗੂਆਂ ਵਿੱਚ ਡਾ. ਦਰਸ਼ਨ ਪਾਲ, ਗੁਰਨਾਮ ਸਿੰਘ ਚੜੂਨੀ, ਕੁਲਵੰਤ ਸਿੰਘ ਸੰਧੂ, ਸਤਨਾਮ ਸਿੰਘ ਪੰਨੂ, ਜੋਗਿੰਦਰ ਸਿੰਘ ਉਗਰਾਹਾਂ, ਸੁਰਜੀਤ ਸਿੰਘ ਫੂਲ, ਜਗਜੀਤ ਸਿੰਘ ਡੱਲੇਵਾਲ, ਬਲਬੀਰ ਸਿੰਘ ਰਾਜੇਵਾਲ ਤੇ ਹਰਿੰਦਰ ਸਿੰਘ ਲੱਖੋਵਾਲ ਦੇ ਨਾਮ ਸ਼ਾਮਲ ਹਨ। ਪੁਲੀਸ ਮੁਖੀ ਨੇ ਦਿੱਲੀ ਪੁਲੀਸ ਦੇ ਅਮਲੇ ਨਾਂ ਇਕ ਖੁੱਲ੍ਹ ਚਿੱਠੀ ਲਿਖਦਿਆਂ ਦਿੱਲੀ ਹਿੰਸਾ ਨਾਲ ਨਜਿੱਠਣ ਦੇ ਢੰਗ ਤਰੀਕੇ ਦੀ ਤਾਰੀਫ਼ ਕੀਤੀ ਹੈ। ਸ੍ਰੀਵਾਸਤਵ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਜ਼ਾਬਤੇ ਵਿੱਚ ਰਹਿੰਦਿਆਂ ਪੂਰੇ ਹੋਸ਼ੋ-ਹਵਾਸ ਨਾਲ ਕੰਮ ਲੈਂਦਿਆਂ ਹਾਲਾਤ ਨਾਲ ਸਫ਼ਲਤਾਪੂਰਵਕ ਸਿੱਝਿਆ ਹੈ। ਪੁਲੀਸ ਮੁਖੀ ਨੇ ਕਿਹਾ ਕਿ ਆਉਂਦੇ ਦਿਨ ਵਧੇਰੇ ਚੁਣੌਤੀਪੂਰਨ ਹੋਣਗੇ ਲਿਹਾਜ਼ਾ ਅਮਲਾ ਪੂਰੀ ਤਰ੍ਹਾਂ ਚੌਕਸ ਰਹੇ।

ਇਸ ਦੌਰਾਨ ਦਿੱਲੀ ਪੁਲੀਸ ਨੇ ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਤੇ ਬਲਬੀਰ ਸਿੰਘ ਰਾਜੇਵਾਲ ਸਮੇਤ 20 ਦੇ ਕਰੀਬ ਕਿਸਾਨ ਆਗੂਆਂ ਨੂੰ ਵੱਖਰੇ ਤੌਰ ’ਤੇ ਨੋਟਿਸ ਜਾਰੀ ਕੀਤੇ ਹਨ। ਕਿਸਾਨ ਆਗੂਆਂ ਨੂੰ ਇਨ੍ਹਾਂ ਕਾਨੂੰਨੀ ਨੋਟਿਸਾਂ ਦਾ ਜਵਾਬ ਦੇਣ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਹੈ। ਨੋਟਿਸਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਿਸਾਨ ਆਗੂਆਂ ਨੇ ਮੰਗਲਵਾਰ ਦੀ ਟਰੈਕਟਰ ਪਰੇਡ ਲਈ ਨਿਰਧਾਰਿਤ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ, ਲਿਹਾਜ਼ਾ ਉਹ ਜਵਾਬ ਦੇਣ ਕਿ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਿਉਂ ਨਾ ਕੀਤੀ ਜਾਵੇ। ਇਸ ਤੋਂ ਪਹਿਲਾਂ ਦਿੱਲੀ ਪੁਲੀਸ ਨੇ ਬੁੱਧਵਾਰ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਡਾ.ਦਰਸ਼ਨ ਪਾਲ ਨੂੰ ਵੀ ਅਜਿਹਾ ਹੀ ਇਕ ਨੋਟਿਸ ਜਾਰੀ ਕੀਤਾ ਸੀ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਐੱਫਆਈਆਰ ’ਚ ਨਾਮਜ਼ਦ ਕਿਸਾਨ ਆਗੂਆਂ ਨੂੰ ਲੁਕਆਊਟ ਨੋਟਿਸ ਤੇ ਕਾਨੂੰਨੀ ਨੋਟਿਸ ਜਾਰੀ ਕਰਨ ਦਾ ਫੈਸਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ’ਚ ਹੋਈ ਲੜੀਵਾਰ ਮੀਟਿੰਗਾਂ ਮਗਰੋਂ ਲਿਆ ਗਿਆ ਹੈ। ਦਿੱਲੀ ਪੁਲੀਸ ਨੇ ਮੰਗਲਵਾਰ ਦੀ ਹਿੰਸਾ ਮਗਰੋਂ 25 ਐੱਫਆਈਆਰ ਦਰਜ ਕੀਤੀਆਂ ਸਨ। ਇਸ ਦੌਰਾਨ ਨੌਇਡਾ ਵਿੱਚ ਧਰਨਾ ਲਾਈ ਬੈਠੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਲੋਕ ਸ਼ਕਤੀ) ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਲਾਇਆ ਧਰਨਾ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ।

ਇਸ ਦੌਰਾਨ ਆਈਏਐੱਨਐੱਸ ਦੀ ਰਿਪੋਰਟ ਮੁਤਾਬਕ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਦਿੱਲੀ ਹਿੰਸਾ ’ਚ ਸ਼ਾਮਲ ਦੰਗਾਈਆਂ ਖ਼ਿਲਾਫ਼ ਗ਼ੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਆਇਦ ਕਰਨ ਦੇ ਨਾਲ ਹੀ ਦੇਸ਼ਧ੍ਰੋਹ ਦੀਆਂ ਧਾਰਾਵਾਂ ਵੀ ਲਾ ਦਿੱਤੀਆਂ ਹਨ।

  

ਦਿੱਲੀ ਪੁਲੀਸ ਦੀ ਗੋਲੀ ਲੱਗਣ ਨਾਲ ਇੱਕ ਕਿਸਾਨ ਸ਼ਹੀਦ

ਦਿੱਲੀ ,ਜਨਵਰੀ 2021(  ਬਲਬੀਰ ਸਿੰਘ ਬਾਠ)

26 ਜਨਵਰੀ ਕਿਸਾਨਾਂ ਦੀ ਟਰੈਕਟਰ ਰੈਲੀ ਜਦ ਗਾਜ਼ੀਪੁਰ ਬਾਰਡਰ ਤੋਂ ਦਿੱਲੀ ਵੱਲ ਰਵਾਨਾ ਹੋਈ ਤਾਂ ਦਿੱਲੀ ਪੁਲੀਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਬਲ ਪ੍ਰਯੋਗ ਕੀਤਾ ਗਿਆ  ਦਿੱਲੀ ਪੁਲੀਸ ਵੱਲੋਂ  ਬੇਕਸੂਰ ਕਿਸਾਨਾਂ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਨਵਦੀਪ ਸਿੰਘ ਨਿਵਾਸੀ ਬਾਜਪੁਰ ਦੇ ਸਿਰ ਵਿੱਚ ਗੋਲੀ ਲੱਗਣ ਨਾਲ ਉਨ੍ਹਾਂ ਦੀ ਮੌਕੇ ਤੇ ਹੀ ਸ਼ਹੀਦੀ ਹੋ ਗਈ ਇੱਥੇ ਦੱਸ ਦੇਈਏ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ  ਜਾ ਰਿਹਾ ਸੀ ਸਿਰ ਵਿੱਚ ਗੋਲੀ ਲੱਗਣ ਤੋਂ ਬਾਅਦ ਨਵਦੀਪ ਸਿੰਘ ਦਾ ਟਰੈਕਟਰ ਪਲਟ ਗਿਆ ਨਵਦੀਪ ਸਿੰਘ ਦੇ ਸਰੀਰ ਤੇ ਤਿਰੰਗਾ ਵੀ ਬੰਨ੍ਹਿਆ ਸੀ ਦਿੱਲੀ ਪੁਲੀਸ ਵੱਲੋਂ ਇਨਸਾਨੀ ਜਾਨ ਲੈਣ ਦੇ ਨਾਲ ਨਾਲ  ਤਿਰੰਗੇ ਦੀ ਵੀ ਬੇਅਦਬੀ ਕੀਤੀ ਗਈ

ਭਾਰਤ ਸਰਕਾਰ ਨਾਲ ਕਿਸਾਨਾਂ ਦੀ ਗਿਆਰਾਂ ਵੇਂ ਗੇੜ ਦੀ ਮੀਟਿੰਗ ਬੇ ਨਤੀਜਾ  ਛੱਬੀ ਤਰੀਕ ਦਾ ਪ੍ਰੋਗਰਾਮ ਆਊਟਰ ਰਿੰਗ ਰੋਡ ਤੇ ਟਰੈਕਟਰ ਮਾਰਚ ਨਾਲ ਵੱਡੇ ਪੱਧਰ ਉਪਰ ਕੀਤਾ ਜਾਵੇਗਾ  

ਸੰਘਰਸ਼ ਕਰ ਰਹੇ ਲੋਕਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਆਊਟਰ ਰਿੰਗ ਰੋਡ ਦਿੱਲੀ ਦੇ ਬਾਹਰ ਨਹੀਂ ਦਿੱਲੀ ਦੇ ਅੰਦਰ ਹੈ  

ਨਵੀਂ ਦਿੱਲੀ, ਜਨਵਰੀ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਸਰਕਾਰ ਤੇ ਕਿਸਾਨ ਆਗੂਆਂ ਦਰਮਿਆਨ ਹੋਈ 11ਵੇਂ ਗੇੜ ਦੀ ਗੱਲਬਾਤ ਵੀ ਅੱਜ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਮੀਟਿੰਗ ਦੌਰਾਨ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ’ਤੇ ਕਾਇਮ ਰਹੀਆਂ। ਸਰਕਾਰ ਨੇ ਕਿਸਾਨ ਆਗੂਆਂ ਨੂੰ ਸਾਫ਼ ਕਰ ਦਿੱਤਾ ਕਿ ਉਹ ਖੇਤੀ ਕਾਨੂੰਨਾਂ ਨੂੰ ਇਕ ਤੋਂ ਡੇਢ ਸਾਲ ਲਈ ਮੁਅੱਤਲ ਕਰਨ ਤੇ ਸਾਂਝੀ ਕਮੇਟੀ ਗਠਿਤ ਕਰਨ ਤੋਂ ਬਿਹਤਰ ਬਦਲ ਨਹੀਂ ਦੇ ਸਕਦੀ। ਸਰਕਾਰ ਨੇ ਕਿਹਾ ਕਿ ਕਿਸਾਨ ਸਰਕਾਰ ਦੀਆਂ ਇਨ੍ਹਾਂ ਦੋਵਾਂ ਤਜਵੀਜ਼ਾਂ ’ਤੇ ਮੁੜ ਗੌਰ ਕਰਨ। ਉਧਰ ਕਿਸਾਨਾਂ ਨੇ ਵੀ ਸਰਕਾਰ ਨੂੰ ਕਿਸਾਨੀ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ। ਇਸ ਦੌਰਾਨ ਦੋਵਾਂ ਧਿਰਾਂ ’ਚ ਅਗਲੇ ਗੇੜ ਦੀ ਗੱਲਬਾਤ ਲਈ ਵੀ ਕੋਈ ਤਰੀਕ ਨਹੀਂ ਮਿੱਥੀ ਗਈ। ਵਿਗਿਆਨ ਭਵਨ ’ਚ ਪੰਜ ਘੰਟੇ ਦੇ ਕਰੀਬ ਚੱਲੀ ਇਸ ਮੀਟਿੰਗ ਦੌਰਾਨ ਦੋਵੇਂ ਧਿਰਾਂ 30 ਮਿੰਟਾਂ ਲਈ ਵੀ ਇਕ ਦੂਜੇ ਦੇ ਆਹਮੋ ਸਾਹਮਣੇ ਨਹੀਂ ਹੋਈਆਂ। ਉਂਜ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨ ਯੂਨੀਅਨਾਂ ਨੂੰ ਇੰਨਾ ਜ਼ਰੂਰ ਕਿਹਾ ਕਿ ਜੇ ਕਿਸਾਨ ਖੇਤੀ ਕਾਨੂੰਨਾਂ ਨੂੰ ਮੁਅੱਤਲ ਕਰਨ ਦੀ ਤਜਵੀਜ਼ ’ਤੇ ਵਿਚਾਰ ਚਰਚਾ ਕਰਨਾ ਚਾਹੁੰਦੇ ਹਨ ਤਾਂ ਸਰਕਾਰ ਇਕ ਹੋਰ ਗੇੜ ਦੀ ਗੱਲਬਾਤ ਲਈ ਤਿਆਰ ਹੈ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਗੱਲਬਾਤ ਟੁੱਟ ਗਈ ਹੈ ਕਿਉਂ ਜੋ ਯੂਨੀਅਨਾਂ ਨੇ ਸਰਕਾਰ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਮੀਟਿੰਗ ’ਚੋਂ ਬਾਹਰ ਆਏ ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਗੱਲਬਾਤ ਕਿਸੇ ਪਾਸੇ ਨਹੀਂ ਲੱਗ ਸਕੀ। ਉਂਜ ਕੱਕਾ ਮੀਟਿੰਗ ’ਚੋਂ ਬਾਹਰ ਆਉਣ ਵਾਲੇ ਪਹਿਲੇ ਆਗੂ ਸੀ, ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ‘ਕੁਝ ਨਿੱਜੀ ਕਾਰਨਾਂ’ ਕਰਕੇ ਪਹਿਲਾਂ ਬਾਹਰ ਆ ਗੲੇ ਸੀ।

ਇਸ ਤੋਂ ਪਹਿਲਾਂ ਦੁਪਹਿਰ ਦੇ ਖਾਣੇ ਦੀ ਬ੍ਰੇਕ ਦੌਰਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਦਰਸ਼ਨ ਪਾਲ ਨੇ ਦੱਸਿਆ, ‘ਅਸੀਂ ਸਰਕਾਰ ਨੂੰ ਦੋ ਟੁਕ ਸ਼ਬਦਾਂ ’ਚ ਸਾਫ਼ ਕਰ ਦਿੱਤਾ ਹੈ ਕਿ ਅਸੀਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਛੁੱਟ ਕਿਸੇ ਚੀਜ਼ ’ਤੇ ਸਹਿਮਤ ਨਹੀਂ ਹੋਵਾਂਗੇ, ਪਰ ਮੰਤਰੀ ਨੇ ਸਾਨੂੰ ਸਰਕਾਰ ਦੀ ਪੁਰਾਣੀ ਤਜਵੀਜ਼ ’ਤੇ ਮੁੜ ਗੌਰ ਕਰਕੇ ਆਪਣਾ ਫੈਸਲਾ ਦੱਸਣ ਬਾਰੇ ਕਿਹਾ ਹੈ।’ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, ‘ਅਸੀਂ ਸਰਕਾਰ ਨੂੰ ਆਪਣੀ ਸਥਿਤੀ/ਸਟੈਂਡ ਬਾਰੇ ਸਪਸ਼ਟ ਕਰ ਦਿੱਤਾ ਹੈ। ਅਸੀਂ ਕਾਨੂੰਨਾਂ ਦੀ ਮੁਅੱਤਲੀ ਨਹੀਂ, ਇਨ੍ਹਾਂ ਨੂੰ ਖ਼ਤਮ ਕਰਵਾਉਣਾ ਚਾਹੁੰਦੇ ਹਾਂ।’

‘ਅਸੀਂ ਪੇਸ਼ਕਸ਼ ਸਵੀਕਾਰ ਵੀ ਕਰ ਲਈ ਤਾਂ ਸਰਹੱਦਾਂ ’ਤੇ ਬੈਠੇ ਸਾਡੇ ਭੈਣ ਭਰਾਵਾਂ ਨੇ ਨਹੀਂ ਮੰਨਣਾ, ਉਨ੍ਹਾਂ ਸਾਨੂੰ ਛੱਡਣਾ ਨਹੀਂ’

ਭਾਰਤੀ ਕਿਸਾਨ ਯੂਨੀਅਨ (ਅਸਲੀ ਅਰਾਜਨੀਤਕ) ਦੇ ਪ੍ਰਧਾਨ ਹਰਪਾਲ ਸਿੰਘ ਨੇ ਕਿਹਾ, ‘ਜੇ ਅਸੀਂ ਸਰਕਾਰ ਦੀ ਪੇਸ਼ਕਸ਼ ਨੂੰ ਸਵੀਕਾਰ ਵੀ ਕਰ ਲੈਂਦੇ ਹਾਂ ਤਾਂ ਦਿੱਲੀ ਸਰਹੱਦਾਂ ’ਤੇ ਬੈਠੇ ਸਾਡੇ ਹੋਰ ਭੈਣ-ਭਰਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਛੁੱਟ ਕਿਸੇ ਹੋਰ ਗੱਲ ’ਤੇ ਨਹੀਂ ਮੰਨਣਗੇ। ਉਹ ਸਾਨੂੰ ਛੱਡਣਗੇ ਨਹੀਂ। ਅਸੀਂ ਉਨ੍ਹਾਂ ਨੂੰ ਕਿਹੜੀ ਪ੍ਰਾਪਤੀ ਵਿਖਾਵਾਂਗੇ।’ ਉਨ੍ਹਾਂ ਸਰਕਾਰ ਦੀ ਸਾਖ਼ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ 18 ਮਹੀਨਿਆਂ ਲਈ ਮੁਅੱਤਲ ਕਰਨ ਦੇ ਆਪਣੇ ਬੋਲਾਂ ’ਤੇ ਪੂਰੀ ਉਤਰੇਗੀ, ਯਕੀਨ ਕਰਨਾ ਮੁਸ਼ਕਲ ਹੈ। ਕਿਸਾਨ ਆਗੂ ਨੇ ਕਿਹਾ, ‘ਅਸੀਂ ਇਥੇ ਹੀ ਮਰਾਂਗੇ, ਪਰ ਕਾਨੂੰਨ ਰੱਦ ਕਰਵਾਏ ਬਿਨਾਂ ਇਥੋਂ ਵਾਪਸ ਜਾਣ ਵਾਲੇ ਨਹੀਂ।’

26 ਤਰੀਕ ਤੇ ਮਾਰਚ ਬਾਰੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਆਊਟਰ ਰਿੰਗ ਰੋਡ ਬੱਸ ਅੱਡੇ ਵਾਲਾ ਜੋ ਏਅਰਪੋਰਟ ਨੂੰ ਰਸਤਾ ਜਾਂਦਾ ਹੈ ਉਹ ਹੈ  ਉਹ ਦਿੱਲੀ ਦੇ ਅੰਦਰ ਹੈ ਅਸੀਂ ਇਹ ਦੱਸਣਾ ਜ਼ਰੂਰੀ ਸਮਝਦੇ ਹਾਂ ਕਿ ਅਸੀਂ ਆਪਣੇ ਪਹਿਲੇ ਫ਼ੈਸਲੇ ਤੇ ਪੂਰੀ ਤਰ੍ਹਾਂ ਡਟੇ ਹੋਏ ਹਾਂ ਕਿਸਾਨ ਆਗੂ    

ਕਿਸਾਨ ਸੰਗਠਨਾਂ ਦੇ ਆਗੂਆਂ ਨਾਲ ਕੇਂਦਰ ਸਰਕਾਰ ਦੀ 11ਵੇਂ ਗੇੜ ਦੀ ਗੱਲਬਾਤ 22 ਜਨਵਰੀ ਦਾ ਪਹਿਲਾ ਹਾਫ ਰਿਹਾ ਬੇਸਿੱਟਾ

ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ 58 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਧਰਨੇ ’ਤੇ ਬੈਠੇ ਕਿਸਾਨ ਸੰਗਠਨਾਂ ਦੇ ਆਗੂਆਂ ਨਾਲ ਕੇਂਦਰ ਸਰਕਾਰ ਦੀ 11ਵੇਂ ਗੇੜ ਦੀ ਗੱਲਬਾਤ 22 ਜਨਵਰੀ ਦਾ ਪਹਿਲਾ ਹਾਫ ਪਹਿਲਾ ਰਿਹਾ ਬੇਸਿੱਟਾ । ਖੇਤੀ ਮੰਤਰੀ ਤੋਮਰ 20 ਮਿੰਟਾਂ ਬਾਅਦ ਉੱਠ ਕੇ ਚਲੇ ਗਏ ।

ਖਾਣੇ ਤੋਂ ਬਾਅਦ ਫਿਰ ਹੋਵੇਗੀ ਮੀਟਿੰਗ ਸ਼ੁਰੂ । ਕਿਸਾਨ ਆਗੂਆਂ ਦਾ ਕਹਿਣਾ ਅੰਦੋਲਨ ਰਹੇਗਾ ਜਾਰੀ  । ਬਾਕੀ ਹੋਰ ਜਾਣਕਾਰੀ ਮਿਲਣ ਤੇ ਸਾਂਝੀ ਕਰਾਂਗੇ ।

ਜਰਨਲਿਸਟ ਅਮਨਜੀਤ ਸਿੰਘ ਖਹਿਰਾ  

ਕਿਸਾਨੀ ਅੰਦੋਲਨ ਦੀ ਇੱਕ ਝਲਕ

ਦਿੱਲੀ ਦੇ ਕੁੰਡਲੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਸਾਂਝੀ ਸੱਥ ਤੇ ਬੱਚਿਆਂ ਦੀ ਪੜ੍ਹਾਈ ਕਰਵਾ ਰਹੇ ਫ਼ਿਲਮੀ ਐਕਟਰ ਜਪੁਜੀ ਖਹਿਰਾ ਦੀ ਮੂੰਹੋਂ ਬੋਲਦੀ ਤਸਵੀਰ  ਪੇਸ਼ਕਸ਼ ਬਲਵੀਰ  ਸਿੰਘ ਬਾਠ ਜਨਸ਼ਕਤੀ ਨਿਊਜ਼ ਪੰਜਾਬ ਕੁੰਡਲੀ ਬਾਰਡਰ ਦਿੱਲੀ

ਦਿੱਲੀ ਦੀ ਬਾਹਰੀ ਰਿੰਗ ਰੋਡ ਤੇ ਹੋਵੇਗਾ ਟਰੈਕਟਰ ਮਾਰਚ ਗਣਪਤ ਉਪਰ ਹੋਣ ਵਾਲੀ ਪਰੇਡ ਵਿਚ ਨਹੀਂ ਪਵੇਗਾ ਕੋਈ ਵਿਘਨ  -ਕਿਸਾਨ ਆਗੂ  

ਕਿਸਾਨਾਂ ਨੂੰ ਅਮਨ-ਅਮਾਨ ਨਾਲ ਟਰੈਕਟਰ ਰੈਲੀ ਕੱਢਣ ਦਾ ਸੰਵਿਧਾਨਕ ਹੱਕ’ 

ਦਿੱਲੀ ਪੁਲੀਸ ਨੂੰ ਅਮਨ ਤੇ ਕਾਨੂੰਨ ਬਾਰੇ ਕੋਈ ਦਿੱਕਤ ਹੋਵੇ ਤਾਂ ਸੰਯੁਕਤ ਕਿਸਾਨ ਮੋਰਚੇ ਨਾਲ ਬੈਠ ਕੇ ਬਦਲਵੇਂ ਰੂਟਾਂ ’ਤੇ ਕਰ ਸਕਦੀ ਹੈ ਵਿਚਾਰ

‘ਅਸੀਂ ਕੌਮੀ ਰਾਜਧਾਨੀ ਲੜਨ ਲਈ ਨਹੀਂ ਜਾ ਰਹੇ। ਅਸੀਂ ਗਣਤੰਤਰ ਦਿਵਸ ਦਿੱਲੀ ’ਚ ਮਨਾਵਾਂਗੇ, ਇਸ ਤੋਂ ਪਹਿਲਾਂ ਅਸੀਂ ਖੇਤਾਂ ਤੇ ਪਿੰਡਾਂ ’ਚ ਮਨਾਉਂਦੇ ਸੀ, ਹੁਣ ਅਸੀਂ ਦਿੱਲੀ ’ਚ ਹਾਂ ਤੇ ਇਸ ਲਈ ਇਹ ਦਿਹਾੜਾ ਇਥੇ ਹੀ ਮਨਾਵਾਂਗੇ।’ -  ਟਿਕੈਤ

ਨਵੀਂ ਦਿੱਲੀ, ਜਨਵਰੀ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  

ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਸ਼ਾਂਤੀਪੂਰਵਕ ਟਰੈਕਟਰ ਰੈਲੀ ਕੱਢਣ ਦਾ ਸੰਵਿਧਾਨਕ ਹੱਕ ਹੈ। ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਤਜਵੀਜ਼ਤ ਇਸ ਰੈਲੀ ’ਚ ਹਜ਼ਾਰਾਂ ਕਿਸਾਨ ਸ਼ਿਰਕਤ ਕਰਨਗੇ। ਬੀਕੇਯੂ (ਲੱਖੋਵਾਲ) ਪੰਜਾਬ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਨੇ ਕਿਹਾ ਕਿ ਕਿਸਾਨ ਰਾਜਪੱਥ ਸਮੇਤ ਉੱਚ ਸੁਰੱਖਿਆ ਵਾਲੇ ਕਿਸੇ ਵੀ ਖੇਤਰ ਵਿੱਚ ਟਰੈਕਟਰ ਰੈਲੀ ਨਹੀਂ ਕੱਢਣਗੇ। ਕਿਸਾਨ ਆਗੂ ਨੇ ਸਾਫ਼ ਕਰ ਦਿੱਤਾ ਕਿ ਉਹ ਦਿੱਲੀ ਦੇ ਬਾਹਰੀ ਰਿੰਗ ਰੋਡ ’ਤੇ ਹੀ ਟਰੈਕਟਰ ਮਾਰਚ ਕੱਢਣਗੇ ਤੇ ਰਾਜਪੱਥ ’ਤੇ ਹੋਣ ਵਾਲੀ ਕੌਮੀ ਪਰੇਡ ’ਚ ਕੋਈ ਵਿਘਨ ਨਹੀਂ ਪਾਇਆ ਜਾਵੇਗਾ। ਇਕ ਹੋਰ ਕਿਸਾਨ ਆਗੂ ਤੇ ਆਲ ਇੰਡੀਆ ਕਿਸਾਨ ਸਭਾ ਦੇ ਉਪ ਪ੍ਰਧਾਨ (ਪੰਜਾਬ) ਲਖਬੀਰ ਸਿੰਘ ਨੇ ਕਿਹਾ ਕਿ 26 ਜਨਵਰੀ ਨੂੰ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਮਾਰਚ ਮਗਰੋਂ ਕਿਸਾਨ ਧਰਨੇ ਵਾਲੀਆਂ ਥਾਵਾਂ ’ਤੇ ਮੁੜ ਜਾਣਗੇ। ਉਧਰ ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਅਮਨ ਅਮਾਨ ਨਾਲ ਟਰੈਕਟਰ ਮਾਰਚ ਕੱਢੇ ਜਾਣ ਨੂੰ ਕਿਸਾਨਾਂ ਦਾ ਸੰਵਿਧਾਨਕ ਹੱਕ ਕਰਾਰ ਦਿੱਤਾ। ਉਗਰਾਹਾਂ ਨੇ ਕਿਹਾ ਕਿ ਜੇ ਦਿੱਲੀ ਪੁਲੀਸ ਨੂੰ ਗਣਤੰਤਰ ਦਿਵਸ ਮੌਕੇ ਅਮਨ ਤੇ ਕਾਨੂੰਨ ਨੂੰ ਲੈ ਕੇ ਕੋਈ ਮੁਸ਼ਕਲ ਹੈ ਤਾਂ ਸੰਯੁਕਤ ਕਿਸਾਨ ਮੋਰਚੇ ਨਾਲ ਬੈਠ ਕੇ ਟਰੈਕਟਰ ਰੈਲੀ ਦੇ ਬਦਲਵੇਂ ਰੂਟਾਂ ਬਾਰੇ ਗੱਲਬਾਤ ਕਰ ਸਕਦੀ ਹੈ।

ਉੱਤਰ ਪ੍ਰਦੇਸ਼ ਨਾਲ ਸਬੰਧਤ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸੰਵਿਧਾਨਕ ਸੰਸਥਾਵਾਂ ਜਾਂ ਪੁਲੀਸ ਦੇਸ਼ ਦੇ ਨਾਗਰਿਕਾਂ ਨੂੰ ਗਣਤੰਤਰ ਦਿਵਸ ਮਨਾਉਣ ਤੋਂ ਨਹੀਂ ਰੋਕ ਸਕਦੀਆਂ। ਟਿਕੈਤ ਨੇ ਕਿਹਾ, ‘ਅਸੀਂ ਕੌਮੀ ਰਾਜਧਾਨੀ ਲੜਨ ਲਈ ਨਹੀਂ ਜਾ ਰਹੇ। ਅਸੀਂ ਗਣਤੰਤਰ ਦਿਵਸ ਦਿੱਲੀ ’ਚ ਮਨਾਵਾਂਗੇ, ਇਸ ਤੋਂ ਪਹਿਲਾਂ ਅਸੀਂ ਖੇਤਾਂ ਤੇ ਪਿੰਡਾਂ ’ਚ ਮਨਾਉਂਦੇ ਸੀ, ਹੁਣ ਅਸੀਂ ਦਿੱਲੀ ’ਚ ਹਾਂ ਤੇ ਇਸ ਲਈ ਇਹ ਦਿਹਾੜਾ ਇਥੇ ਹੀ ਮਨਾਵਾਂਗੇ।’

 

ਨਵੀਂ ਨਿੱਜਤਾ ਨੀਤੀ ਨਹੀਂ ਮਨਜ਼ੂਰ ਤਾਂ ਨਾ ਚਲਾਓ ਵਟਸਐਪ- ਹਾਈ ਕੋਰਟ

ਨਵੀਂ ਦਿੱਲੀ ,ਜਨਵਰੀ 2021  -(ਏਜੰਸੀ )

ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਹੈ ਕਿ ‘ਵਟਸਐਪ’ ਦੀ ਨਵੀਂ ਨਿੱਜਤਾ ਨੀਤੀ ਨੂੰ ਸਵੀਕਾਰ ਕਰਨਾ ਵਿਅਕਤੀ ਦੀ ‘ਮਰਜ਼ੀ’ ਉਤੇ ਨਿਰਭਰ ਹੈ। ਅਦਾਲਤ ਨੇ ਕਿਹਾ ਕਿ ਜੇ ਕੋਈ ਪਲੈਟਫਾਰਮ ਦੀਆਂ ਸ਼ਰਤਾਂ ਤੇ ਨੇਮਾਂ ਨਾਲ ਸਹਿਮਤ ਨਹੀਂ ਹੈ ਤਾਂ ਇਸ ’ਤੇ ਆਉਣ ਜਾਂ ਨਾ ਆਉਣ ਬਾਰੇ ਉਹ ਆਪਣੀ ਮਰਜ਼ੀ ਕਰ ਸਕਦਾ ਹੈ। ਜਸਟਿਸ ਸੰਜੀਵ ਸਚਦੇਵਾ ਨੇ ਕਿਹਾ ‘ਇਹ ਇਕ ਪ੍ਰਾਈਵੇਟ ਐਪ ਹੈ। ਇਸ ਨੂੰ ਚਲਾਉਣਾ ਤੁਹਾਡੀ ਮਰਜ਼ੀ ’ਤੇ ਨਿਰਭਰ ਹੈ। ਜੇ ਕੁਝ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਤਾਂ ਹੋਰ ਕੋਈ ਐਪ ਵਰਤ ਲਓ।’ ਦੱਸਣਯੋਗ ਹੈ ਕਿ ‘ਵਟਸਐਪ’ ਦੀ ਨਵੀਂ ਨਿੱਜਤਾ ਨੀਤੀ ਖ਼ਿਲਾਫ਼ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਹ ਨੀਤੀ ਫਰਵਰੀ ਵਿਚ ਲਾਗੂ ਕੀਤੀ ਜਾਣੀ ਸੀ ਪਰ ਹੁਣ ਮਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ।  

Farmers Protest  ਕਿਸਾਨਾਂ ਤੇ ਸਰਕਾਰ ਵਿਚਕਾਰ 9ਵੇਂ ਗੇੜ ਦੀ ਗੱਲਬਾਤ ਵੀ ਰਹੀ ਬੇਸਿੱਟਾ

 ਹੁਣ 19 ਜਨਵਰੀ ਨੂੰ ਹੋਵੇਗੀ ਬੈਠਕ 

 ਕਿਸਾਨਾਂ ਨੇ ਕਾਨੂੰਨ ਸੋਧਣ ਦੀ ਪੇਸ਼ਕਸ਼ ਠੁਕਰਾਈ 

 ਨਵੀਂ ਦਿੱਲੀ, ਜਨਵਰੀ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  

ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਤੇ ਕਿਸਾਨ ਯੂਨੀਅਨਾਂ ਦਰਮਿਆਨ ਅੱਜ ਵਿਗਿਆਨ ਭਵਨ ’ਚ ਹੋਈ 9ਵੇਂ ਗੇੜ ਦੀ ਗੱਲਬਾਤ ਵੀ ਬੇਸਿੱਟਾ ਰਹੀ। ਮੀਟਿੰਗ ਦੌਰਾਨ ਕਿਸਾਨ ਆਗੂ ਜਿੱਥੇ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਆਪਣੀ ਮੰਗ ’ਤੇ ਕਾਇਮ ਰਹੇ, ਉਥੇ ਸਰਕਾਰ ਨੇ ਕਿਸਾਨ ਯੂਨੀਅਨਾਂ ਨੂੰ ਅੜੀ ਛੱਡ ਕੇ ਵਧੇਰੇ ਲਚਕਦਾਰ ਪਹੁੰਚ ਅਪਣਾਉਣ ਲਈ ਆਖਦਿਆਂ (ਖੇਤੀ) ਕਾਨੂੰਨਾਂ ’ਚ ਜ਼ਰੂਰੀ ਸੋਧਾਂ ਲਈ ਸਹਿਮਤੀ ਜਤਾਉਣ ਦੀ ਸਲਾਹ ਦਿੱੱਤੀ। ਕਿਸਾਨਾਂ ਨੇ ਖੇਤੀ ਕਾਨੂੰਨਾਂ ’ਚ ਸੋਧ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤੀ। ਦੋਵੇਂ ਧਿਰਾਂ ਨੇ 19 ਜਨਵਰੀ ਨੂੰ ਮੁੜ ਮਿਲਣ ਦਾ ਫੈਸਲਾ ਕੀਤਾ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਯੂਨੀਅਨਾਂ ਨੇ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ, ਪਰ ਕੇਂਦਰ ਸਰਕਾਰ ਨੇ ਨਾਂਹ ਕਰ ਦਿੱਤੀ। ਉਗਰਾਹਾਂ ਨੇ ਕਿਹਾ, ‘ਅਸੀਂ ਹੁਣ 19 ਜਨਵਰੀ ਨੂੰ ਦੁਪਹਿਰੇ 12 ਵਜੇਂ ਮੁੜ ਮਿਲਣ ਦਾ ਫੈਸਲਾ ਕੀਤਾ ਹੈ।’ ਉਗਰਾਹਾਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਪੰਜਾਬ ਨਾਲ ਸਬੰਧਤ ਟਰਾਂਸਪੋਰਟਰਾਂ ’ਤੇ ਐੱਨਆਈਏ (ਕੌਮੀ ਜਾਂਚ ਏਜੰਸੀ) ਵੱਲੋਂ ਮਾਰੇ ਛਾਪਿਆਂ ਨੂੰ ਵੀ ਪ੍ਰਮੁੱਖਤਾ ਨਾਲ ਉਭਾਰਿਆ। ਉਨ੍ਹਾਂ ਕਿਹਾ ਕਿ ਇਹ ਮੀਟਿੰਗਾਂ ਸਰਕਾਰ ਵੱਲੋਂ ਸਿਰਫ਼ ਸਮਾਂ ਲੰਘਾਉਣ ਲਈ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਮੀਟਿੰਗ ਦੌਰਾਨ ਇਹ ਗੱਲ ਵੀ ਜ਼ੋਰ ਦੇ  ਕੇ ਰੱਖੀ ਗਈ ਕਿ ਜਦੋਂ ਕਿਸਾਨੀ ਮਸਲਿਆਂ ਦੇ ਹੱਲ ਲਈ ਸਰਕਾਰ ਦਾ ਮਨ ਬਣਿਆ, ਉਦੋਂ ਮੀਟਿੰਗ ਲਈ ਸੱਦ ਲਈ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਕਿਸਾਨ ਜਥੇਬੰਦੀਆਂ ਦਾ ਸਾਰਾ 26 ਜਨਵਰੀ ਦੇ ਐਕਸ਼ਨ ਨੂੰ ਸਫ਼ਲ ਕਰਨ ਬਣਾਉਣ ’ਤੇ ਕੇਂਦਰਿਤ ਹੈ। ਪੰਜ ਘੰਟੇ ਦੇ ਕਰੀਬ ਚੱਲੀ ਮੀਟਿੰਗ ਦੌਰਾਨ ਕਿਸਾਨਾਂ ਨੇ ਇਕ ਵਾਰ ਆਪਣੇ ਨਾਲ ਲਿਆਂਦਾ ਲੰਗਰ ਹੀ ਛਕਿਆ। ਕਿਸਾਨ ਯੂਨੀਅਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਬਣੇ ਜਮੂਦ ਨੂੰ ਤੋੜਨ ਤੇ ਮਸਲੇ ਦੇ ਹੱਲ ਲਈ ਸੁਪਰੀਮ ਕੋਰਟ ਵੱਲੋਂ ਕਾਇਮ ਕਮੇਟੀ ਦੇ ਬਾਵਜੂਦ ਉਹ ਗੱਲਬਾਤ ਜਾਰੀ ਰੱਖਣ ਲਈ ਵਚਨਬੱਧ ਹਨ।

ਇਸ ਤੋਂ ਪਹਿਲਾਂ ਮੀਟਿੰਗ ਦੀ ਸ਼ੁਰੂਆਤ ’ਚ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਆਪਣੀ ਉਦਘਾਟਨੀ ਟਿੱਪਣੀਆਂ ’ਚ ਕਿਸਾਨ ਆਗੂਆਂ ਨੂੰ ਸਰਕਾਰ ਵਾਂਗ ਵਧੇਰੇ ਲਚਕਦਾਰ ਪਹੁੰਚ ਅਪਣਾਉਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਤੋਮਰ ਤੋਂ ਇਲਾਵਾ ਰੇਲ, ਵਣਜ ਤੇ ਖੁਰਾਕ ਮੰਤਰੀ ਪਿਊਸ਼ ਗੋਇਲ ਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਵੀ ਮੌਜੂਦ ਸਨ। ਕਿਸਾਨਾਂ ਵੱਲੋਂ 40 ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਸ਼ਾਮਲ ਹੋਏ। ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਮੈਂਬਰ ਕਵਿਤਾ ਕੁਰੂਗੰਤੀ ਨੇ ਕਿਹਾ, ‘ਸਰਕਾਰ ਤੇ ਕਿਸਾਨ ਯੂਨੀਅਨਾਂ ਨੇ ਸਿੱਧੀ ਗੱਲਬਾਤ ਦਾ ਅਮਲ ਜਾਰੀ ਰੱਖਣ ਦੀ ਆਪਣੀ ਦ੍ਰਿੜ੍ਹਤਾ ਨੂੰ ਦੁਹਰਾਇਆ ਹੈ।’ ਪੰਜਾਬ ਕਿਸਾਨ ਮੋਰਚਾ ਦੇ ਬਲਜੀਤ ਸਿੰਘ ਬੱਲੀ ਨੇ ਕਿਹਾ, ‘ਤੋਮਰ ਜੀ ਨੇ ਆਪਣੀਆਂ ਉਦਘਾਟਨੀ ਟਿੱਪਣੀਆਂ ’ਚ ਕਿਹਾ ਕਿ ਤੁਸੀਂ (ਕਿਸਾਨ) ਇਹ ਆਖਦੇ ਹੋ ਕੇ ਸਰਕਾਰ ਜ਼ਿੱਦੀ ਹੈ ਤੇ ਇਸ ਨੂੰ ਹਊਮੈ ਦਾ ਮੁੱਦਾ ਬਣਾ ਰਹੀ ਹੈ, ਹਾਲਾਂਕਿ ਅਸੀਂ ਕਈ ਮੰਗਾਂ ਮੰਨ ਚੁੱਕੇ ਹਾਂ। ਤੁਹਾਨੂੰ ਨਹੀਂ ਲਗਦਾ ਕਿ ਤੁਹਾਨੂੰ ਕਾਨੂੰਨ ਰੱਦ ਕਰਨ ਦੀ ਇਕਹਿਰੀ ਮੰਗ ਨੂੰ ਛੱਡ ਕੇ ਥੋੜ੍ਹੀ ਲਚਕਦਾਰ ਪਹੁੰਚ ਅਪਣਾਉਣੀ ਚਾਹੀਦੀ ਹੈ।

ਉਧਰ ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਪੰਜਾਬ) ਦੇ ਪ੍ਰਧਾਨ ਦਰਸ਼ਨ ਪਾਲ ਨੇ ਕਿਹਾ ਕਿ ਮੀਟਿੰਗ ਦੌਰਾਨ ਤਿੰਨੇ ਖੇਤੀ ਕਾਨੂੰਨਾਂ ’ਤੇ ਚੰਗੀ ਵਿਚਾਰ ਚਰਚਾ ਹੋਈ। ਉਨ੍ਹਾਂ ਕਿਹਾ, ‘ਕੁਝ ਹੱਲ ਨਿਕਲਣ ਦੀ ਸੰਭਾਵਨਾ ਹੈ। ਅਸੀਂ ਸਕਾਰਾਤਮਕ ਹਾਂ।’ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, ‘ਸਰਕਾਰ ਨੇ ਸਾਨੂੰ ਆਖਿਆ ਕਿ ਮਸਲੇ ਦਾ ਹੱਲ ਅਦਾਲਤ ਰਾਹੀਂ ਨਹੀਂ ਬਲਕਿ ਸੰਵਾਦ ਰਾਹੀਂ ਕੱਢਿਆ ਜਾਣਾ ਚਾਹੀਦਾ ਹੈ। ਸਾਰਿਆਂ ਦਾ ਇਕੋ ਵਿਚਾਰ ਸੀ। ਕੁਝ ਹੱਲ ਨਿਕਲਣ ਦੀ ਸੰਭਾਵਨਾ ਬਣੀ ਹੈ।’ ਰਾਸ਼ਟਰੀ ਕਿਸਾਨ ਮਜ਼ਦੂਰ ਮਹਾਸੰਘ ਦੇ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਆੜ੍ਹਤੀਆਂ ’ਤੇ ਆਮਦਨ ਕਰ ਦੇ ਛਾਪਿਆਂ ਦਾ ਮੁੱਦਾ ਵੀ ਚੁੱਕਿਆ।  ਚੇਤੇ ਰਹੇ ਕਿ 8 ਜਨਵਰੀ ਨੂੰ 8ਵੇਂ ਗੇੜ ਦੀ ਗੱਲਬਾਤ ਦੌਰਾਨ ਕਿਸਾਨ ਆਗੂਆਂ ਨੇ ਸਰਕਾਰ ਨੂੰ ਸਾਫ਼ ਕਰ ਦਿੱਤਾ ਸੀ ਕਿ ਉਹ ‘ਕਾਨੂੰਨਾਂ ਦੀ ਵਾਪਸੀ’ ਤੱਕ ‘ਘਰਾਂ ਨੂੰ ਨਹੀਂ ਮੁੜਨਗੇ।’ ਇਹ ਵੀ ਦੱਸਣਾ ਬਣਦਾ ਹੈ ਕਿ ਸੁਪਰੀਮ ਕੋਰਟ ਨੇ 11 ਜਨਵਰੀ ਨੂੰ ਕੇਂਦਰ ਸਰਕਾਰ ਦੀ ਚੰਗੀ ਝਾੜ ਝੰਬ ਕਰਦਿਆਂ ਤਿੰਨੇ ਵਿਵਾਦਿਤ ਖੇਤੀ ਕਾਨੂੰਨਾਂ ਦੇ ਅਮਲ ’ਤੇ ਅਗਲੇ ਹੁਕਮਾਂ ਤੱਕ ਰੋਕ ਲਾਉਂਦਿਆਂ ਮਸਲੇ ਦੇ ਹੱਲ ਲਈ ਚਾਰ ਮੈਂਬਰੀ ਕਮੇਟੀ ਕਾਇਮ ਕੀਤੀ ਸੀ। ਲੰਘੇ ਦਿਨੀਂ ਇਨ੍ਹਾਂ ਕਮੇਟੀ ਮੈਂਬਰਾਂ ’ਚੋਂ ਇਕ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਭੁਪਿੰਦਰ ਸਿੰਘ ਮਾਨ ਨੇ ਖੁ਼ਦ ਨੂੰ ਇਸ ’ਚੋਂ ਲਾਂਭੇ ਕਰ ਲਿਆ ਸੀ। 

Farmers Protest; 9ਵੇਂ ਗੇੜ ਦੀ ਗੱਲਬਾਤ ,ਠੋਸ ਤਜਵੀਜ਼ ਲਈ ਗੈਰਰਸਮੀ ਕਮੇਟੀ ਬਣਾਉਣ ਕਿਸਾਨ- ਤੋਮਰ

ਨਵੀਂ ਦਿੱਲੀ, ਜਨਵਰੀ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ 19 ਜਨਵਰੀ ਦੀ ਅਗਲੀ ਮੀਟਿੰਗ ’ਚ ਠੋਸ ਤਜਵੀਜ਼ ਪੇਸ਼ ਕਰਨ ਲਈ ਕਿਸਾਨ ਯੂਨੀਅਨਾਂ ਨੂੰ ਆਪਣੀ ਇਕ ਗੈਰਰਸਮੀ ਕਮੇਟੀ ਬਣਾਉਣ ਦੀ ਸਲਾਹ ਦਿੱਤੀ ਹੈ। ਕਿਸਾਨਾਂ ਨਾਲ 9ਵੇਂ ਗੇੜ ਦੀ ਵਾਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੋਮਰ ਨੇ ਕਿਹਾ ਕਿ ਮੀਟਿੰਗ ਕਿਸੇ ਤਣ-ਪੱਤਣ ਨਹੀਂ ਲੱਗ ਸਕੀ, ਲਿਹਾਜ਼ਾ ਦੋਵਾਂ ਧਿਰਾਂ ਨੇ ਹੁਣ 19 ਜਨਵਰੀ ਨੂੰ ਮੁੜ ਮਿਲਣ ਦਾ ਫੈਸਲਾ ਕੀਤਾ ਹੈ। ਤੋਮਰ ਨੇ ਕਿਹਾ ਕਿ ਮੀਟਿੰਗ ਸਾਜ਼ਗਾਰ ਮਾਹੌਲ ’ਚ ਹੋਈ ਤੇ ਇਸ ਦੌਰਾਨ ਕੁਝ ਮੁੱਦਿਆਂ ’ਤੇ ਤਫ਼ਸੀਲ ਵਿੱਚ ਵਿਚਾਰ ਚਰਚਾ ਹੋਈ। ਤੋਮਰ ਨੇ ਕਿਹਾ, ‘ਅਸੀਂ ਕਿਸਾਨਾਂ ਨੂੰ  ਸੁਝਾਅ ਦਿੱਤਾ ਹੈ ਕਿ ਉਹ ਆਪਣੀ ਇਕ ਗ਼ੈਰਰਸਮੀ ਕਮੇਟੀ ਬਣਾਉਣ, ਜਿਸ ਵਿੱਚ ਕਾਨੂੰਨਾਂ ਦੀ ਬਿਹਤਰ ਸਮਝ ਰੱਖਣ ਵਾਲੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ। ਕਮੇਟੀ ਕੋਈ ਠੋੋਸ ਤਜਵੀਜ਼ ਤਿਆਰ ਕਰੇ, ਜਿਸ ਵਿੱਚ ਕਿਸਾਨਾਂ ਦੀਆਂ ਉਮੀਦਾਂ ਤੇ ਕਾਨੂੰਨ ਵਿਚਲੀਆਂ ਉਨ੍ਹਾਂ ਧਾਰਾਵਾਂ ਦੀ ਤਫ਼ਸੀਲ ਹੋਵੇ, ਜਿਸ ਬਾਰੇ ਉਨ੍ਹਾਂ ਨੂੰ ਇਤਰਾਜ਼ ਹੈ। ਸਰਕਾਰ ਇਨ੍ਹਾਂ ’ਤੇ ਖੁੱਲ੍ਹੇ ਮਨ ਨਾਲ ਵਿਚਾਰ ਕਰੇਗੀ।’ ਖੇਤੀ ਮੰਤਰੀ ਨੇ ਕਿਹਾ ਕਿ ਸਰਕਾਰ 10ਵੇਂ ਗੇੜ ਦੀ ਗੱਲਬਾਤ ਦੇ ਫੈਸਲਾਕੁਨ ਰਹਿਣ ਦੀ ਆਸਵੰਦ ਹੈ। ਤੋਮਰ ਨੇ ਕਿਹਾ, ‘ਕਿਸਾਨ ਯੂਨੀਅਨਾਂ ਸਰਕਾਰ ਨਾਲ ਗੱਲਬਾਤ ਜਾਰੀ ਰੱਖਣਾ ਚਾਹੁੰਦੀਆਂ ਹਨ ਤੇ ਸਰਕਾਰ ਨੂੰ ਇਸ ਨਾਲ ਕੋਈ ਦਿੱਕਤ ਨਹੀਂ। ਸੁਪਰੀਮ ਕੋਰਟ ਵੱਲੋਂ ਕਾਇਮ ਕਮੇਟੀ ਵੀ ਕਿਸਾਨਾਂ ਦੀ ਭਲਾਈ ਲਈ ਕੰਮ ਕਰੇਗੀ।’ ਖੇਤੀ ਕਾਨੂੰਨਾਂ ਬਾਰੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਲਾਏ ਦੋਸ਼ਾਂ ਬਾਰੇ ਤੋਮਰ ਨੇ ਕਿਹਾ, ‘ਰਾਹੁਲ ਗਾਂਧੀ ਦੇ ਬਿਆਨਾਂ ਤੇ ਕਾਰਵਾਈਆਂ ਦਾ ਖੁ਼ਦ ਉਨ੍ਹਾਂ ਦੀ ਪਾਰਟੀ ਮਜ਼ਾਕ   ਉਡਾਉਂਦੀ ਹੈ।’ 

Farmers Protest; ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਸਹਿਮਤ ਨਹੀਂ ਕਿਸਾਨ, ਅੰਦੋਲਨ ਜਾਰੀ ਰਹੇਗਾ-VIDEO

ਸਿੰਘੂ ਬਾਰਡਰ /ਨਵੀਂ ਦਿੱਲੀ ,ਜਨਵਰੀ 2021  -(ਰਾਣਾ ਸੇਖਦੌਲਤ/ਮਨਜਿੰਦਰ ਗਿੱਲ)

 ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਦੇ ਅਮਲ ’ਤੇ ਅਗਲੇ ਆਦੇਸ਼ ਤਕ ਰੋਕ ਲਾ ਦਿੱਤੀ। ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਪਰ ਇਸ ਦੌਰਾਨ ਕਿਸਾਨ ਸੰਗਠਨਾਂ ਨੇ ਕਮੇਟੀ ਨੂੰ ਲੈ ਕੇ ਅਸਹਿਮਤੀ ਪ੍ਰਗਟਾਈ ਹੈ। ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਦੇ ਕਿਸਾਨ ਅਦਾਲਤ ਦੇ ਫ਼ੈਸਲੇ ਤੋਂ ਨਿਰਾਸ਼ ਹਨ। ਅਸ਼ੋਕ ਗੁਲਾਟੀ ਦੀ ਪ੍ਰਧਾਨਗੀ ’ਚ ਕਮੇਟੀ ਨੇ ਸਿਫ਼ਾਰਸ਼ ਕੀਤੀ ਸੀ। ਗੁਲਾਟੀ ਨੇ ਹੀ ਖੇਤੀ ਕਾਨੂੰਨਾਂ ਦੀ ਸਿਫ਼ਾਰਸ਼ ਕੀਤੀ ਸੀ।

ਸਾਡਾ ਅੰਦੋਲਨ ਸਰਕਾਰ ਨਾਲ ਚਲਦਾ ਰਹੇਗਾ : ਰਾਜੇਵਾਲ

ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਸਿੰਘੂ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦਾ ਅਸੀਂ ਕੱਲ੍ਹ ਹੀ ਵਿਰੋਧ ਕਰ ਦਿੱਤਾ ਅਤੇ ਸਾਡਾ ਅੰਦੋਲਨ ਸਰਕਾਰ ਨਾਲ ਚਲਦਾ ਰਹੇਗਾ। ਸਾਰੇ ਕਮੇਟੀ ਮੈਂਬਰ ਸਰਕਾਰ ਦੇ ਪੱਖ ’ਚ ਹਨ। ਲੇਖ ਲਿਖ-ਲਿਖ ਕੇ ਕਮੇਟੀ ਮੈਂਬਰਾਂ ਨੇ ਕਾਨੂੰਨਾਂ ਨੂੰ ਜਸਟੀਫਾਈ ਕੀਤਾ ਹੈ। ਅੱਜ ਅਸੀਂ ਪੰਜਾਬ ਕਿਸਾਨ ਸੰਗਠਨਾਂ ਨਾਲ ਬੈਠਕ ਕੀਤੀ। ਕੱਲ੍ਹ ਅਸੀਂ ਪੂਰੇ ਸਾਂਝੇ ਕਿਸਾਨ ਮੋਰਚੇ ਦੀ ਬੈਠਕ ਕਰਾਂਗੇ।

ਸੋਮਵਾਰ ਨੂੰ ਅਸੀਂ ਪ੍ਰੈੱਸ ਨੋਟ ’ਚ ਦੱਸਿਆ ਸੀ ਕਿ ਜੇਕਰ ਸੁਪਰੀਮ ਕੋਰਟ ਕੋਈ ਕਮੇਟੀ ਬਣਾਏਗਾ ਤਾਂ ਸਾਨੂੰ ਮਨਜ਼ੂਰ ਨਹੀਂ ਹੈ। ਸਾਨੂੰ ਲੱਗਦਾ ਹੈ ਕਿ ਜੋ ਸਰਕਾਰ ਨਹੀਂ ਕਰ ਸਕੀ, ਉਹ ਸੁਪਰੀਮ ਕੋਰਟ ਦੇ ਜ਼ਰੀਏ ਕਰਵਾ ਰਹੀ ਹੈ। ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੇ ਮੈਂਬਰ ਸਰਕਾਰ ਨੂੰ ਸਹੀ ਠਹਿਰਾਉਂਦੇ ਰਹੇ ਹਨ। ਇਹ ਲੋਕ ਪ੍ਰੈੱਸ ’ਚ ਲੇਖ ਲਿਖ ਕੇ ਕਾਨੂੰਨਾਂ ਨੂੰ ਸਹੀ ਠਹਿਰਾਉਂਦੇ ਰਹੇ ਹਨ ਤਾਂ ਅਜਿਹੀ ਕਮੇਟੀ ਦੇ ਸਾਹਮਣੇ ਕੀ ਬੋਲੀਏ। ਸਾਡਾ ਇਹ ਅੰਦੋਲਨ ਚਲਦਾ ਰਹੇਗਾ।

ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਹੰਗਾਮੀ ਮੀਟਿੰਗ  

  •  ਕਿਸਾਨ ਆਗੂਆਂ ਦਾ ਕਹਿਣਾ ਕਿ ਅਸੀਂ ਕਿਸੇ ਕਮੇਟੀ ਨੂੰ ਨਹੀਂ ਮੰਨਦੇ  
  • ਸੀ ਬਹੁਤ ਚਿਰ ਪਹਿਲਾਂ ਦੱਸ ਦਿੱਤਾ ਸੀ ਕਿ ਕਿਸੇ ਕਮੇਟੀ ਅੱਗੇ ਪੇਸ਼ ਨਹੀਂ ਹੋਵਾਂਗੇ  
  • ਸਰਕਾਰ ਨੇ ਸੁਪਰੀਮ ਕੋਰਟ ਰਾਹੀਂ ਆਪ ਦੀ ਨੀਤੀ ਲਾਗੂ ਕਰਨ ਦਾ ਯਤਨ ਕੀਤਾ 
  • ਖੇਤੀ ਕਾਨੂੰਨਾਂ ਉਪਰ ਰੋਕ ਲਗਾ ਕੇ ਸੁਪਰੀਮ ਕੋਰਟ ਨੇ ਮੰਨਿਆ ਕਿ ਕਾਨੂੰਨ ਗਲਤ ਹਨ  
  • ਕਮੇਟੀ ਦੇ ਚਾਰ ਮੈਂਬਰ ਪਹਿਲਾਂ ਹੀ ਖੇਤੀ ਕਾਨੂੰਨ ਜੋ ਸਰਕਾਰ ਨੇ ਬਣਾਏ ਹਨ ਉਨ੍ਹਾਂ ਦੇ ਹੱਕ ਵਿੱਚ ਹਨ  
  • ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਅੰਦੋਲਨ ਅੱਗੇ ਜਾਰੀ ਰਹੇਗਾ
  • ਲੋਹੜੀ ਵਾਲੇ ਦਿਨ ਤਿੰਨਾਂ ਕਾਨੂੰਨਾਂ ਦੀਆਂ ਕਾਪੀਆਂ ਨੂੰ ਸਾੜਿਆ ਜਾਵੇਗਾ   
  • 26 ਜਨਵਰੀ ਦਾ ਪ੍ਰੋਗਰਾਮ ਬਿਲਕੁਲ ਸ਼ਾਂਤਮਈ ਹੋਵੇਗਾ
  •  
  • ਅਤੇ ਹੋਰ ਵੀ ਬਹੁਤ ਕੁਝ ਪੂਰੀ ਖ਼ਬਰ ਸਵੇਰੇ ਬੁੱਧਵਾਰ  
  • ਪੱਤਰਕਾਰ ਇਕਬਾਲ ਸਿੰਘ ਰਸੂਲਪੁਰ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ   
  •  

ਯੂ ਕੇ  ਦੇ 100 ਤੋਂ ਵੱਧ ਸੰਸਦ ਮੈਂਬਰਾਂ ਨੇ ਬੌਰਿਸ ਜੌਹਨਸਨ ਕੋਲ ਕਿਸਾਨਾਂ ਦਾ ਮੁੱਦਾ ਰੱਖਿਆ

ਲੰਡਨ, ਜਨਵਰੀ 2021 -( ਗਿਆਨੀ ਰਵਿੰਦਰਪਾਲ ਸਿੰਘ)-  

 

ਬਰਤਾਨੀਆਂ ਦੇ 100 ਤੋਂ ਵੱਧ ਸੰਸਦ ਮੈਂਬਰਾਂ ਨੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਭਾਰਤ ਵਿੱਚ ਚੱਲ ਰਹੇ ਸ਼ਾਂਤਮਈ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਬਾਰੇ ਗੰਭੀਰਤਾਂ ਨਾਲ ਵਿਚਾਰ ਕਰਨ ਲਈ ਕਿਹਾ ਹੈ। ਇਸ ਬਾਰੇ ਪੱਤਰ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਲਿਖਿਆ ਹੈ ਤੇ ਬਾਕੀ ਸੰਸਦ ਮੈਂਬਰਾਂ ਨੇ ਇਸ ਉਪਰ ਦਸਤਖ਼ਤ ਕੀਤੇ ਹਨ। ਸ੍ਰੀ ਢੇਸੀ ਨੇ ਪ੍ਰਧਾਨ ਮੰਤਰੀ ਜੌਹਨਸਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬਾਰੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ।  

 

ਟਰੈਕਟਰ ਮਾਰਚ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਪਟੀਸ਼ਨ

ਨਵੀਂ ਦਿੱਲੀ ,ਜਨਵਰੀ 2021  -(ਏਜੰਸੀ )

ਕੇਂਦਰ ਨੇ ਕਿਸਾਨਾਂ ਵੱਲੋਂ ਗਣਤੰਤਰ ਦਿਵਸ ਮੌਕੇ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਹੈ। ਦਿੱਲੀ ਪੁਲੀਸ ਰਾਹੀਂ ਦਾਖਲ ਕੀਤੀ ਗਈ ਅਰਜ਼ੀ ਵਿੱਚ ਕੇਂਦਰ ਨੇ ਕਿਹਾ ਹੈ ਕਿ 26 ਜਨਵਰੀ ਮੌਕੇ ਹੋਣ ਵਾਲੀ ਪਰੇਡ ’ਚ ਅੜਿੱਕਾ ਪਾਉਣ ਲਈ ਕਿਸਾਨਾਂ ਨੇ ਇਹ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਮਾਰਚ ਨਾਲ ਅਮਨੋ-ਅਮਾਨ ਦੀ ਹਾਲਤ ਵਿੱਚ ਵਿਘਨ ਪੈ ਸਕਦਾ ਹੈ। ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਪ੍ਰਦਰਸ਼ਨ ਕਰਨ ਦੇ ਅਧਿਕਾਰ ਤਹਿਤ ਦੇਸ਼ ਨੂੰ ਆਲਮੀ ਪੱਧਰ ’ਤੇ ਢਾਹ ਲਾਉਣ ਦੀ ਭਾਵਨਾ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਕੌਮੀ ਰਾਜਧਾਨੀ ਖੇਤਰ ਵਿੱਚ ਕਿਸੇ ਨੂੰ ਵੀ ਟਰੈਕਟਰ-ਟਰਾਲੀਆਂ ਜਾਂ ਹੋਰ ਵਾਹਨਾਂ ਰਾਹੀਂ  ਕੀਤੇ ਜਾਣ ਵਾਲੇ ਮਾਰਚ ਨੂੰ ਰੋਕਣ ਦੇ ਹੁਕਮ ਦਿੱਤੇ ਜਾਣ। ਉਨ੍ਹਾਂ ਕਿਹਾ ਕਿ 26 ਜਨਵਰੀ ਦੀ ਪਰੇਡ ਸੰਵਿਧਾਨਕ ਅਤੇ ਇਤਿਹਾਸਕ ਮਹੱਤਤਾ ਰੱਖਦੀ ਹੈ ਅਤੇ ਕਿਸੇ ਨੂੰ ਵੀ ਮੁਲਕ ਦੇ ਅਕਸ ਨੂੰ ਢਾਹ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ।   

ਕਿਸਾਨਾਂ ਵੱਲੋਂ ਸੁਪਰੀਮ ਕੋਰਟ ਦੇ ਮਾਮਲੇ ਵਿੱਚ ਟਿੱਪਣੀਆਂ

ਨਵੀਂ ਦਿੱਲੀ ,ਜਨਵਰੀ 2021  -(ਏਜੰਸੀ )

ਸੁਪਰੀਮ ਕੋਰਟ ਵਿੱਚ ਅੱਜ ਹੋਈ ਸੁਣਵਾਈ ਦੌਰਾਨ ਦਿੱਲੀ ਦੇ ਚਾਰਾਂ ਬਾਰਡਰਾਂ ਉਪਰ ਧਰਨਾ ਦੇ ਕੇ ਬੈਠੇ ਕਿਸਾਨਾਂ ਦਾ ਧਿਆਨ ਇਸ ਸੁਣਵਾਈ ਦੌਰਾਨ ਦਿੱਤੀਆਂ ਜਾ ਰਹੀਆਂ ਦੋਹਾਂ ਧਿਰਾਂ ਦੀਆਂ ਦਲੀਲਾਂ ਤੇ ਅਦਾਲਤ ਵੱਲੋਂ ਕੀਤੇ ਜਾ ਰਹੇ ਸਵਾਲਾਂ ਉਪਰ ਲੱਗੀ ਰਹੀ। ਟਰਾਲੀਆਂ ਵਿੱਚ ਬੈਟਰੀਆਂ ਨਾਲ ਚੱਲਦੇ ਟੀਵੀਆਂ ਉਪਰ ਆਉਂਦੀਆਂ ਖ਼ਬਰਾਂ ਨੂੰ ਉਨ੍ਹਾਂ ਗੁਹ ਨਾਲ ਦੇਖਿਆ।

ਕਿਸਾਨ ਆਗੂਆਂ ਵੱਲੋਂ ਅਦਾਲਤੀ ਕਾਰਵਾਈ ਬਾਰੇ ਟਿੱਪਣੀਆਂ ਕੀਤੀਆਂ ਗਈਆਂ। ਕ੍ਰਾਂਤੀਕਾਰੀ  ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨਪਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਵਕੀਲਾਂ ਨੇ ਅੱਜ ਦਾ ਦਿਨ ਦੇਣ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਸੁਣਵਾਈ ਦਾ ਸਮਾਂ ਨਹੀਂ ਦਿੱਤਾ। ਅਦਾਲਤ ਨੇ ਸੇਵਾਮੁਕਤ ਜੱਜਾਂ ਦੇ ਨਾਂ ਮੰਗੇ ਹਨ। ਉਨ੍ਹਾਂ ਕਿਹਾ ਕਿ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਆਪਣੇ ਮੁਵਿੱਕਲਾਂ ਨਾਲ ਗੱਲ ਕਰਨਗੇ। ਡਾ ਦਰਸ਼ਨਪਾਲ ਨੇ ਕਿਹਾ ਕਿ ਮੋਰਚੇ ਵੱਲੋਂ ਜੋ ਬੀਤੇ ਦਿਨ ਫ਼ੈਸਲਾ ਕੀਤਾ ਸੀ ਉੇੱਸੇ ਉਪਰ ਕਾਇਮ ਹਨ ਤੇ ਉਨ੍ਹਾਂ ਨੂੰ ਇਹ ਕਮੇਟੀ ਬਣਾਉਣ ਦੀ ਤਜਵੀਜ਼ ਮਨਜ਼ੂਰ ਨਹੀਂ ਹੈ। ਅੱਜ ਇਹ ਚਰਚਾ  ਕਿਸਾਨ ਜਥੇਬੰਦੀਆਂ ਦੇ ਕੈਂਪਾਂ ਵਿਚ ਸੁਣਨ  ਨੂੰ ਮਿਲੀ । ਅੱਜ ਪਤਾ ਲੱਗੇਗਾ ਸੁਪਰੀਮ ਕੋਰਟ ਦਾ ਫ਼ੈਸਲਾ ਕਿਵੇਂ ਆਉਂਦਾ ਹੈ ।